ਨਾਰੀ ਸ਼ਕਤੀ ਵੰਦਨ ਸੰਮੇਲਨ 'ਚ ਕੀਤਾ ਸੰਬੋਧਨ
ਨਵੀਂ ਦਿੱਲੀ, 13 ਅਪ੍ਰੈਲ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਸੰਸਦ ਨਵਾਂ ਇਤਿਹਾਸ ਸਿਰਜਣ ਦੇ ਬਿਲਕੁਲ ਨੇੜੇ ਹੈ, ਜਦੋਂ ਇਸੇ ਹਫ਼ਤੇ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ 2029 ਵਿਚ ਲਾਗੂ ਕਰਨ ਲਈ ਸੋਧਿਆ ਜਾਵੇਗਾ | ਉਨ੍ਹਾਂ ਨੇ ਇਥੇ ਨਾਰੀ ਸ਼ਕਤੀ ਵੰਦਨ ਸੰਮੇਲਨ 'ਚ ਸੰਸਦ ਦੇ ਤਿੰਨ ਦਿਨਾ ਇਜਲਾਸ ਤੋਂ ਪਹਿਲਾਂ ਕਿਹਾ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਅਤੀਤ ਦੇ ਸੁਪਨੇ ਸਾਕਾਰ ਹੋਣਗੇ ਅਤੇ ਭਵਿੱਖ ਦੇ ਸੰਕਲਪ ਪੂਰੇ ਹੋਣਗੇ | ਇਸ ਇਜਲਾਸ 'ਚ ਔਰਤਾਂ ਲਈ ਰਾਖਵਾਂਕਰਨ ਕਾਨੂੰਨ 'ਚ ਸੋਧਾਂ 'ਤੇ ਵਿਚਾਰ ਕਰਨ ਅਤੇ ਇਸ ਨੂੰ ਪਾਸ ਕਰਨ ਲਈ ਪੇਸ਼ ਕੀਤੇ ਜਾਣ ਦੀ ਉਮੀਦ ਹੈ | ਉਨ੍ਹਾਂ ਸੰਮੇਲਨ 'ਚ ਕਿਹਾ ਕਿ ਸਾਡੇ ਦੇਸ਼ ਦੀ ਸੰਸਦ ਇਕ ਨਵਾਂ ਇਤਿਹਾਸ ਰਚਣ ਦੇ ਨੇੜੇ ਹੈ | ਇਕ ਅਜਿਹਾ ਨਵਾਂ ਇਤਿਹਾਸ, ਜੋ ਅਤੀਤ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ, ਜੋ ਭਵਿੱਖ ਦੇ ਸੰਕਲਪਾਂ ਨੂੰ ਪੂਰਾ ਕਰੇਗਾ | ਇਕ ਅਜਿਹੇ ਭਾਰਤ ਦਾ ਸੰਕਲਪ ਜੋ ਸਮਤਾਵਾਦੀ ਹੋਵੇ, ਜਿਥੇ ਸਮਾਜਿਕ ਨਿਆਂ ਸਿਰਫ ਇਕ ਨਾਅਰਾ ਨਾ ਹੋਵੇ ਬਲਕਿ ਸਾਡੀ ਕਾਰਜ ਸੰਸਕ੍ਰਿਤੀ ਅਤੇ ਸਾਡੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਦਾ ਇਕ ਸੁਭਾਵਿਕ ਹਿੱਸਾ ਹੋਵੇ | ਉਨ੍ਹਾਂ ਇਹ ਵੀ ਕਿਹਾ ਕਿ ਜਦੋਂ 2023 'ਚ ਇਹ ਕਾਨੂੰਨ ਪੇਸ਼ ਕੀਤਾ ਗਿਆ ਸੀ ਤਾਂ ਇਸ ਨੂੰ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਸੀ ਅਤੇ ਇਸ ਦੀ 2029 ਤੱਕ ਲਾਗੂ ਕਰਨ ਦੀ ਸਮੂਹਿਕ ਮੰਗ ਸੀ, ਖਾਸ ਕਰਕੇ ਵਿਰੋਧੀ ਧਿਰ ਵਲੋਂ | ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਵਿਧਾਨ ਸਭਾਵਾਂ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ ਦਹਾਕਿਆਂ ਦੇ ਇੰਤਜ਼ਾਰ ਨੂੰ ਖਤਮ ਕਰਨ ਦਾ ਸਮਾਂ 16, 17 ਅਤੇ 18 ਅਪ੍ਰੈਲ ਹੈ, ਜਦੋਂ ਸੋਧਾਂ 'ਤੇ ਵਿਚਾਰ ਅਤੇ ਉਨ੍ਹਾਂ ਨੂੰ ਪਾਸ ਕਰਨ ਲਈ ਬਜਟ ਇਜਲਾਸ ਨੂੰ ਵਧਾਇਆ ਗਿਆ ਹੈ | ਉਨ੍ਹਾਂ ਕਿਹਾ ਕਿ 2023 'ਚ ਨਵੀਂ ਸੰਸਦ 'ਚ ਅਸੀਂ ਨਾਰੀ ਸ਼ਕਤੀ ਵੰਦਨ ਕਾਨੂੰਨ ਦੇ ਰੂਪ 'ਚ ਪਹਿਲਾ ਕਦਮ ਚੁੱਕਿਆ, ਸਾਡੇ ਰਾਸ਼ਟਰ ਦੀ ਵਿਕਾਸ ਯਾਤਰਾ 'ਚ ਇਨ੍ਹਾਂ ਮਹੱਤਵਪੂਰਨ ਪੜਾਵਾਂ ਦਰਮਿਆਨ, ਭਾਰਤ 21ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲਿਆਂ 'ਚੋਂ ਇਕ ਲੈਣ ਦੀ ਕਗਾਰ 'ਤੇ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਦੇ ਨਾਲ ਕਹਿੰਦੇ ਹਨ ਕਿ ਇਹ ਫ਼ੈਸਲਾ ਸਾਡੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਫ਼ੈਸਲਿਆਂ 'ਚੋਂ ਇਕ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਔਰਤਾਂ ਦੇ ਸ਼ਕਤੀਕਰਨ ਨੂੰ ਸਮਰਪਿਤ ਹੈ, ਇਹ ਨਾਰੀਤਵ ਦੀ ਸ਼ਕਤੀ ਅਤੇ ਸਨਮਾਨ ਦੇ ਪ੍ਰਤੀ ਇਕ ਸੱਚੀ ਸ਼ਰਧਾਂਜਲੀ ਹੈ |
ਮਹਿਲਾ ਰਾਖਵਾਂਕਰਨ ਕਾਨੂੰਨ ਅਤੀਤ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ-ਮੋਦੀ
ਅਜੀਤ ਡੈਸਕ
14-04-2026