ਪੱਛਮੀ ਏਸ਼ੀਆ ਤੇ ਦੁਵੱਲੇ ਸੰਬੰਧਾਂ 'ਤੇ ਕੀਤੀ ਚਰਚਾ
ਨਵੀਂ ਦਿੱਲੀ, 14 ਅਪ੍ਰੈਲ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਫੋਨ 'ਤੇ ਲਗਪਗ 40 ਮਿੰਟ ਤੱਕ ਲੰਬੀ ਗੱਲਬਾਤ ਹੋਈ | ਭਾਰਤ 'ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਕਿਹਾ ਕਿ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਮੱਧ ਪੂਰਬ ਦੇ ਮੌਜੂਦਾ ਹਾਲਾਤ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਇਸ ਦੌਰਾਨ ਈਰਾਨ ਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਤੇ ਹੋਰਮੁਜ਼ ਜਲ ਮਾਰਗ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ | ਖਬਰ ਏਜੰਸੀ ਪੀ.ਟੀ.ਆਈ. ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਲਗਪਗ 40 ਮਿੰਟ ਤੱਕ ਫ਼ੋਨ 'ਤੇ ਗੱਲਬਾਤ ਹੋਈ | ਅਮਰੀਕਾ ਤੇ ਈਰਾਨ ਵਿਚਾਲੇ ਜੰਗਬੰਦੀ ਤੇ ਇਸ ਦੇ ਸਿਰੇ ਨਾ ਚੜ੍ਹਨ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਇਹ ਪਹਿਲੀ ਗੱਲਬਾਤ ਸੀ | ਇਸ ਦੌਰਾਨ ਮੋਦੀ ਨੇ ਟਰੰਪ ਨੂੰ ਕਿਹਾ ਕਿ ਭਾਰਤ ਦੇ ਲੋਕ ਤੁਹਾਨੂੰ ਪਸੰਦ ਕਰਦੇ ਹਨ | ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੇ ਹਾਲਾਤ ਤੇ ਉੱਥੇ ਸ਼ਾਂਤੀ ਬਹਾਲ ਕਰਨ ਦੀ ਲੋੜ ਬਾਰੇ ਵਿਚਾਰ-ਵਟਾਂਦਰਾ ਕੀਤਾ | ਗੱਲਬਾਤ 'ਚ ਖੇਤਰੀ ਸੁਰੱਖਿਆ, ਚੱਲ ਰਹੇ ਟਕਰਾਅ ਤੇ ਊਰਜਾ ਦੀ ਸਥਿਤੀ ਵਰਗੇ ਮੁੱਦੇ ਪ੍ਰਮੁੱਖ ਰਹੇ | ਇਹ ਚਰਚਾ ਖਾਸ ਤੌਰ 'ਤੇ ਇਸ ਲਈ ਅਹਿਮ ਹੈ ਕਿਉਂਕਿ ਤਹਿਰਾਨ ਤੇ ਹੋਰਮੁਜ਼ ਜਲ ਮਾਰਗ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੁਰੱਖਿਆ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਬਣੀਆਂ ਹੋਈਆਂ ਹਨ | ਇਸ ਫ਼ੋਨ ਕਾਲ ਦੌਰਾਨ ਆਉਣ ਵਾਲੇ ਸਮੇਂ ਵਿੱਚ ਭਾਰਤ ਤੇ ਅਮਰੀਕਾ ਵਿਚਾਲੇ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ | ਖਾਸ ਕਰਕੇ ਕੂਟਨੀਤੀ, ਆਰਥਿਕਤਾ ਤੇ ਰੱਖਿਆ ਦੇ ਖੇਤਰਾਂ 'ਚ ਮਿਲ ਕੇ ਕੰਮ ਕਰਨ ਦੀ ਗੱਲ ਕਹੀ ਗਈ | ਇਸ ਦੌਰਾਨ ਟਰੰਪ ਨੂੰ ਖੇਤਰੀ ਸਥਿਰਤਾ ਬਣਾਈ ਰੱਖਣ ਲਈ ਭਾਰਤ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ |
ਮੋਦੀ ਵਲੋਂ ਟਰੰਪ ਨਾਲ ਫ਼ੋਨ 'ਤੇ ਗੱਲਬਾਤ
ਅਜੀਤ ਡੈਸਕ
15-04-2026