01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸ੍ਰੀ ਅਨੰਦਪੁਰ ਸਾਹਿਬ ਤੋਂ ਪਰਤ ਰਹੀ ਸ਼ਰਧਾਲੂਆਂ ਦੀ ਬੱਸ ਹਾਦਸਾਗ੍ਰਸਤ-8 ਮੌਤਾਂ

Ad Position 21
No active advertisement
ਅਜੀਤ ਡੈਸਕ 16-04-2026

• 22 ਤੋਂ ਵੱਧ ਜ਼ਖ਼ਮੀ, 8 ਦੀ ਹਾਲਤ ਨਾਜ਼ੁਕ • ਸ਼੍ਰੋਮਣੀ ਕਮੇਟੀ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਲਈ 1-1 ਲੱਖ ਰੁਪਏ ਸਹਾਇਤਾ ਰਾਸ਼ੀ ਦਾ ਐਲਾਨ
ਬਲਜਿੰਦਰ ਸਿੰਘ

ਫ਼ਤਹਿਗੜ੍ਹ ਸਾਹਿਬ, 15 ਅਪ੍ਰੈਲ -ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਇਕ ਬੱਸ ਬੀਤੀ ਦੇਰ ਰਾਤ ਕਰੀਬ 10 ਵਜੇ ਹਲਕਾ ਬਸੀ ਪਠਾਣਾਂ ਅਧੀਨ ਪੈਂਦੇ ਪਿੰਡ ਹਿੰਮਤਗੜ੍ਹ (ਭਟੇੜੀ) ਨੇੜੇ ਮੋਰਿੰਡਾ ਚੁੰਨੀ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ | ਹਾਦਸੇ ਦਾ ਕਾਰਨ ਸੜਕ 'ਤੇ ਵੱਡਾ ਖੱਡਾ ਹੋਣਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਬੱਸ ਆਪਣਾ ਸੰਤੁਲਨ ਗੁਆ ਕੇ ਸੜਕ ਦੇ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨੂੰ ਤੋੜ ਕੇ ਅਤੇ ਫਿਰ ਇਕ ਦਰੱਖਤ ਨਾਲ ਟਕਰਾ ਕੇ ਪਲਟ ਗਈ | ਹਾਦਸਾਗ੍ਰਸਤ ਹੋਈ ਉਕਤ ਬੱਸ ਨੂੰ ਗ੍ਰੰਥੀ ਗਿਆਨੀ ਇਕਬਾਲ ਸਿੰਘ ਚਲਾ ਰਿਹਾ ਸੀ, ਜਿਸ ਦੀ ਵੀ ਹਾਦਸੇ 'ਚ ਮੌਤ ਹੋ ਗਈ | ਹਾਦਸਾਗ੍ਰਸਤ ਬੱਸ ਪਿੰਡ ਮੈਣ ਮਾਜਰੀ ਦੇ ਗੁਰਦੁਆਰਾ ਸਾਹਿਬ ਦੀ ਪਾਲਕੀ ਬੱਸ ਸੀ | ਬੱਸ ਵਿਚ ਪਿੰਡ ਕੱਜਲਮਾਜਰਾ, ਮੈਣ ਮਾਜਰੀ ਅਤੇ ਸ਼ੇਰਗੜ੍ਹ ਬਾੜਾ ਦੇ 35 ਤੋਂ ਵੱਧ ਸ਼ਰਧਾਲੂ ਸਵਾਰ ਸਨ | ਇਹ ਹਾਦਸਾ ਪਿੰਡ ਮੈਣ ਮਾਜਰੀ ਤੋਂ ਲਗਭਗ 3 ਕਿੱਲੋਮੀਟਰ ਪਹਿਲਾਂ ਪਿੰਡ ਹਿੰਮਤਪੁਰ ਦੇ ਮੋੜ ਨੇੜੇ ਵਾਪਰਿਆ ਅਤੇ ਬੱਸ 'ਚ ਫਸੇ ਸ਼ਰਧਾਲੂਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਬੱਸ 'ਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ | ਹਾਦਸੇ ਦੀ ਸੂਚਨਾ ਮਿਲਣ ਤੋਂ ਕਾਫ਼ੀ ਦੇਰ ਬਾਅਦ ਸੜਕ ਸੁਰੱਖਿਆ ਬਲ ਦੀ ਟੀਮ ਤੇ ਬਸੀ ਪਠਾਣਾਂ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ 'ਚੋਂ ਕੱਢ ਕੇ ਹਸਪਤਾਲ ਭੇਜਿਆ ਗਿਆ | ਹਾਦਸੇ 'ਚ ਦੋ ਔਰਤਾਂ ਸਮੇਤ ਅੱਠ ਸ਼ਰਧਾਲੂਆਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰ ਰਣਜੀਤ ਕੌਰ ਪਤਨੀ ਬਲਜੀਤ ਸਿੰਘ, ਲਖਵੀਰ ਸਿੰਘ ਤੇ ਹਰਵੀਰ ਸਿੰਘ ਪੁੱਤਰਾਨ ਝਰਮਲ ਸਿੰਘ ਵਾਸੀ ਮੈਣ ਮਾਜਰੀ ਸ਼ਾਮਿਲ ਹਨ | ਇਸ ਤੋਂ ਇਲਾਵਾ ਮਿ੍ਤਕਾਂ 'ਚ ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਪ੍ਰਦੀਪ ਕੌਰ ਪਤਨੀ ਗੁਰਸੇਵਕ ਸਿੰਘ ਤੇ ਹਰਚੰਦ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮੈਣ ਮਾਜਰੀ, ਕੁਲਵਿੰਦਰ ਸਿੰਘ ਪੁੱਤਰ ਕਰਨੈਲ ਸਿੰੰਘ ਵਾਸੀ ਪਿੰਡ ਕੱਜਲ ਮਾਜਰਾ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਇਕਬਾਲ ਸਿੰਘ ਵਾਸੀ ਪਿੰਡ ਛੰਨਾ ਜ਼ਿਲ੍ਹਾ ਸੰਗਰੂਰ ਸ਼ਾਮਿਲ ਹਨ | ਜ਼ਖ਼ਮੀਆਂ 'ਚ ਜਸਕੀਰਤ ਕੌਰ, ਗੁਰਸ਼ਰਨਦੀਪ ਕੌਰ (13), ਹਰਪ੍ਰੀਤ ਕੌਰ (25), ਦਰਸ਼ਨਾ ਦੇਵੀ (50), ਕੁਲਵਿੰਦਰ ਕੌਰ (18), ਰੰਜੂ ਬਾਲਾ (37), ਬਲਜੀਤ ਸਿੰਘ (55), ਦਲਦੀਪ ਕੌਰ (70), ਜਸਵੀਰ ਕੌਰ (50), ਦਰਸ਼ਨ ਸਿੰਘ (60), ਰਣਜੀਤ ਕੌਰ (45), ਵਰਿੰਦਰ ਸਿੰਘ (35), ਮਲਕੀਤ (35) ਸ਼ਾਮਿਲ ਹਨ | ਹਾਦਸੇ 'ਚ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਮੋਰਿੰਡਾ, ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਅਤੇ ਬੱਸੀ ਪਠਾਣਾਂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 8 ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ | ਹਾਦਸੇ ਦੀ ਸੂਚਨਾ ਮਿਲਦੇ ਸਾਰ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ, ਡੀ.ਐਸ.ਪੀ. ਬਸੀ ਪਠਾਣਾਂ ਰਾਜ ਕੁਮਾਰ ਸ਼ਰਮਾ ਅਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਮੌਕੇ 'ਤੇ ਪਹੁੰਚੇ | ਅਧਿਕਾਰੀਆਂ ਨੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ | ਪੁਲਿਸ ਨੇ ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਵਾਈ | ਹਾਦਸੇ ਮਗਰੋਂ ਇਲਾਕੇ ਦੇ ਪਿੰਡਾਂ 'ਚ ਸੋਗ ਦੀ ਲਹਿਰ ਫੈਲ ਗਈ, ਪਿੰਡ ਮੈਣ ਮਾਜਰੀ ਦੇ ਹਰ ਘਰ 'ਚ ਮਾਤਮ ਛਾਇਆ ਹੋਇਆ ਸੀ | ਜਾਣਕਾਰੀ ਮੁਤਾਬਿਕ ਮਿ੍ਤਕਾਂ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ 'ਚੋਂ ਡਾਕਟਰੀ ਬੋਰਡ ਪਾਸੋਂ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਸਪੁਰਦ ਕਰ ਦਿੱਤੀਆਂ ਗਈਆਂ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਇਕਬਾਲ ਸਿੰਘ, ਜੋ ਕਿ ਪਿੰਡ 'ਚ ਕਾਫੀ ਸਮੇੇਂ ਤੋਂ ਸੇਵਾਵਾਂ ਨਿਭਾਅ ਰਹੇ ਸਨ, ਦੀ ਮਿ੍ਤਕ ਦੇਹ ਪੋਸਟ ਮਾਰਟਮ ਮਗਰੋਂ ਗੁਰਦੁਆਰਾ ਸਾਹਿਬ ਵਿਖੇ ਲਿਆਂਦੀ ਗਈ, ਜਿਥੇ ਸੰਗਤ ਨੂੰ ਅੰਤਿਮ ਦਰਸ਼ਨ ਕਰਵਾਏ ਗਏ | ਉਪਰੰਤ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅੰਤਿਮ ਰਸਮਾਂ ਲਈ ਪਿੰਡ ਛੰਨਾ ਜ਼ਿਲ੍ਹਾ ਸੰਗਰੂਰ ਲਈ ਸੇਜ਼ਲ ਅੱਖਾਂ ਨਾਲ ਰਵਾਨਾ ਕੀਤਾ ਗਿਆ | ਉਧਰ ਐਸ.ਡੀ. ਐਮ. ਬਸੀ ਪਠਾਣਾਂ ਤੇ ਹੋਰ ਅਧਿਕਾਰੀਆਂ ਨੇ ਹਾਦਸੇ ਵਾਲੀ ਥਾਂ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ |
ਸੜਕ ਦੀ ਮਾੜੀ ਹਾਲਤ 'ਤੇ ਪਿੰਡ ਵਾਸੀਆਂ ਨੇ ਪ੍ਰਗਟਾਇਆ ਗੁੱਸਾ

ਬੀਤੀ ਦੇਰ ਰਾਤ ਵਾਪਰੇ ਉਕਤ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਚੁੰਨੀ-ਮੋਰਿੰਡਾ ਰੋਡ 'ਤੇ ਵਧੇਰੇ ਆਵਾਜਾਈ ਰਹਿੰਦੀ ਹੈ ਸੜਕ 'ਤੇ ਵੱਡੇ ਖੱਡੇ ਹੋਣ ਕਰਕੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ | ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਰੰਮਤ ਲਈ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਇਸ ਨੂੰ ਠੀਕ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਖੱਡਿਆਂ ਵਾਲੀ ਇਸ ਖੂਨੀ ਸੜਕ ਨੇ 8 ਸ਼ਰਧਾਲੂਆਂ ਦੀ ਜਾਨ ਲੈ ਲਈ |
ਮਾਮਲੇ ਦੀ ਜਾਂਚ
ਬਸੀ ਪਠਾਣਾ ਦੇ ਡੀ.ਐਸ.ਪੀ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਹਾਦਸੇ 'ਚ ਡਰਾਈਵਰ, ਜੋ ਕਿ ਗ੍ਰੰਥੀ ਸਿੰਘ ਸੀ, ਦੀ ਮੌਤ ਹੋ ਗਈ | ਇਸ ਲਈ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਗੱਡੀ ਦੇ ਦਸਤਾਵੇਜ਼ ਪੂਰੇ ਸਨ ਜਾਂ ਨਹੀਂ | ਇਸ ਵੇਲੇ ਪਿੰਡ 'ਚ ਸੋਗ ਹੈ ਅਤੇ ਪੂਰੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗੀ |
ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਸਮੇਤ ਕਈ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ, ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਵੱਖ-ਵੱਖ ਰਾਜਸੀ ਸ਼ਖ਼ਸੀਅਤਾਂ ਨੇ ਦਰਦਨਾਕ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਦੇ ਕੰਢੀ ਖੇਤਰ 'ਚ ਸ਼ਾਨਦਾਰ ਸੜਕਾਂ ਬਣਾਈਆਂ ਜਾਣਗੀਆਂ-ਮੁੱਖ ਮੰਤਰੀ ਅਗਲੀ ਖ਼ਬਰ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਪੂਰੀ ਤਰ੍ਹਾਂ ਲਾਗੂ, ਜੰਗ ਖ਼ਤਮ ਹੋਣ ਕਿਨਾਰੇ-ਟਰੰਪ
Ad Position 24