ਅੰਮਿ੍ਤਸਰ, 18 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਖਾਰਨ, ਖੁਜ਼ਦਾਰ, ਕਿਸਾਨ ਅਤੇ ਮਸਤੁੰਗ ਸਮੇਤ ਕਈ ਜ਼ਿਲਿ੍ਹਆਂ 'ਚ ਹਿੰਸਾ ਭੜਕ ਜਾਣ ਕਾਰਨ 34 ਪਾਕਿਸਤਾਨੀ ਫ਼ੌਜੀ, 3 ਬਲੋਚ ਲਿਬਰੇਸ਼ਨ ਆਰਮੀ ਦੇ ਲੜਾਕੇ, 7 ਪੁਲਿਸ ਕਰਮਚਾਰੀ ਅਤੇ 6 ਲੇਵੀਜ਼ ਕਰਮਚਾਰੀ ਅਤੇ ਕਈ ਨਿਰਦੋਸ਼ ਨਾਗਰਿਕ ਮਾਰੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਬਲੋਚਿਸਤਾਨ 'ਚ ਫ਼ੌਜ ਅਤੇ ਬਲੋਚ ਬਾਗ਼ੀਆਂ ਵਿਚਕਾਰ ਭਾਰੀ ਗੋਲੀਬਾਰੀ ਲਗਾਤਾਰ ਜਾਰੀ ਹੈ ਅਤੇ ਫ਼ੌਜੀ ਕਾਰਵਾਈਆਂ ਨਾਲ ਸਥਿਤੀ ਵਿਗੜਨ ਕਰਕੇ ਸੂਬੇ ਦੇ ਕਈ ਜ਼ਿਲਿ੍ਹਆਂ 'ਚ ਬਗ਼ਾਵਤ ਫੈਲ ਗਈ ਹੈ | ਬਾਗ਼ੀਆਂ ਨੇ ਹਥਿਆਰਬੰਦ ਝੜਪਾਂ ਦੌਰਾਨ ਪਾਕਿਸਤਾਨੀ ਫ਼ੌਜੀਆਂ ਤੋਂ ਉਨ੍ਹਾਂ ਦੇ ਹਥਿਆਰ ਵੀ ਖੋਹਣ ਦਾ ਦਾਅਵਾ ਕੀਤਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਕਿ ਸਰਕਾਰ ਵਲੋਂ ਬਲੋਚਿਸਤਾਨ ਦੀਆਂ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ | ਇਸ ਆਪ੍ਰੇਸ਼ਨ ਦੌਰਾਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ 10 ਫ਼ੌਜੀ ਵਾਹਨਾਂ ਦੇ ਕਾਫ਼ਲੇ 'ਤੇ ਹਮਲਾ ਕੀਤਾ ਅਤੇ ਦੋਵੇਂ ਪਾਸੇ ਤੋਂ ਗੋਲੀਬਾਰੀ ਹੋਈ | ਇਸ ਤੋਂ ਬਾਅਦ ਸੋਹਿੰਦਾ 'ਚ ਲੰਬੇ ਸਮੇਂ ਤੱਕ ਗੋਲੀਬਾਰੀ ਹੋਈ | ਬਲੋਚਿਸਤਾਨ ਦੇ ਬਰਖਾਨ ਜ਼ਿਲ੍ਹੇ 'ਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ | ਬਲੋਚ ਯਕਜਿਹਾਤੀ ਕਮੇਟੀ ਨੇ ਇਨ੍ਹਾਂ ਫ਼ੌਜੀ ਹਮਲਿਆਂ ਅਤੇ ਗੋਲੀਬਾਰੀ ਦੀ ਨਿੰਦਾ ਕੀਤੀ ਹੈ, ਇਸ ਨੂੰ ਸਮੂਹਿਕ ਸਜ਼ਾ ਦੀ ਕਾਰਵਾਈ ਕਿਹਾ ਹੈ | ਇਸ ਕਾਰਵਾਈ 'ਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਬਹੁਤ ਸਾਰੇ ਗੈਰ-ਲੜਾਕੂ ਮਾਰੇ ਗਏ |