ਇਕ ਨੇ ਪਾਰ ਕੀਤਾ ਹੋਰਮੁਜ਼, ਭਾਰਤ ਵਲੋਂ ਈਰਾਨ ਦਾ ਰਾਜਦੂਤ ਤਲਬ
ਨਵੀਂ ਦਿੱਲੀ, 18 ਅਪ੍ਰੈਲ (ਪੀ. ਟੀ. ਆਈ.)-ਭਾਰਤ ਵਲੋਂ ਸਨਿਚਰਵਾਰ ਨੂੰ ਈਰਾਨੀ ਰਾਜਦੂਤ ਮੁਹੰਮਦ ਫਤਾਲੀ ਨੂੰ ਤਲਬ ਕੀਤਾ ਗਿਆ | ਨਵੀਂ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਵਲੋਂ ਇਹ ਕਦਮ 'ਸਟ੍ਰੇਟ ਆਫ਼ ਹੋਰਮੁਜ਼' ਵਿਚ ਈਰਾਨ ਦੀ ਜਲ ਸੈਨਾ ਵਲੋਂ ਭਾਰਤੀ ਜਹਾਜ਼ਾਂ 'ਤੇ ਗੋਲੀਬਾਰੀ ਦੀ ਘਟਨਾ ਖ਼ਿਲਾਫ਼ ਵਿਰੋਧ ਦਰਜ ਕਰਵਾਉਣ ਲਈ ਚੁੱਕਿਆ ਗਿਆ | ਜਾਣਕਾਰੀ ਅਨੁਸਾਰ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਵਲੋਂ ਕੀਤੀ ਗਈ ਗੋਲੀਬਾਰੀ ਕਾਰਨ ਭਾਰਤ ਦੇ 4 ਜਹਾਜ਼ਾਂ ਨੂੰ 'ਸਟ੍ਰੇਟ ਆਫ਼ ਹੋਰਮੁਜ਼' ਵਿਚ ਮਜ਼ਬੂਰਨ ਵਾਪਸ ਮੁੜਨਾ ਪਿਆ, ਜਦੋਂਕਿ ਸਨਿਚਰਵਾਰ ਨੂੰ ਭਾਰਤੀ ਝੰਡੇ ਵਾਲੇ ਇਕ ਤੇਲ ਟੈਂਕਰ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਪਾਰ ਵੀ ਕੀਤਾ ਹੈ | 'ਸ਼ਿੱਪ ਟਰੈਕਿੰਗ ਡੇਟਾ' ਤੋਂ ਪਤਾ ਚੱਲਦਾ ਹੈ ਕਿ ਤੇਲ ਟੈਂਕਰ 'ਦੇਸ਼ ਗਰਿਮਾ' ਸਨਿਚਰਵਾਰ ਨੂੰ ਸਫਲਤਾਪੂਰਵਕ ਹੋਰਮੁਜ਼ ਨੂੰ ਪਾਰ ਕਰ ਗਿਆ | ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ (ਐਸ.ਸੀ.ਆਈ.) ਦਾ ਇਹ ਟੈਂਕਰ ਮਾਰਚ ਦੀ ਸ਼ੁਰੂਆਤ ਤੋਂ ਬਾਅਦ ਹੋਰਮੁਜ਼ ਪਾਰ ਕਰਨ ਵਾਲਾ 10ਵਾਂ ਭਾਰਤ-ਝੰਡੇ ਵਾਲਾ ਜਹਾਜ਼ ਹੈ | ਸਮੁੰਦਰੀ ਡੇਟਾ ਅਤੇ ਖੁਫੀਆ ਪਲੇਟਫਾਰਮ 'ਮਰੀਨਟ੍ਰੈਫਿਕ' ਦੇ ਜਹਾਜ਼ ਟਰੈਕਿੰਗ ਡੇਟਾ ਅਨੁਸਾਰ ਸਨਿਚਰਵਾਰ ਸ਼ਾਮ ਤੱਕ ਇਹ ਓਮਾਨ ਦੀ ਖਾੜੀ 'ਚ ਸੀ | 'ਮਰੀਨਟ੍ਰੈਫਿਕ' ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਤੇਲ ਟੈਂਕਰ 'ਸਨਮਾਰ ਹੇਰਾਲਡ', 'ਦੇਸ਼ ਵੈਭਵ', 'ਦੇਸ਼ ਵਿਭੋਰ' ਅਤੇ ਬਲਕ ਕੈਰੀਅਰ 'ਜਗ ਅਰਨਵ' ਦੇ ਨਾਲ ਚੋਕਪੁਆਇੰਟ (ਹੋਰਮੁਜ਼) ਦੇ ਨੇੜੇ ਆਪਣਾ ਰਸਤਾ ਬਦਲ ਰਹੇ ਹਨ, ਜਿਸ ਨਾਲ ਫਾਰਸ ਦੀ ਖਾੜੀ 'ਚ ਭਾਰਤ ਦੇ ਝੰਡੇ ਵਾਲੇ ਜਹਾਜ਼ਾਂ ਦੀ ਗਿਣਤੀ 14 ਹੋ ਗਈ ਹੈ |
ਈਰਾਨੀ ਫ਼ੌਜ ਵਲੋਂ ਗੋਲੀਬਾਰੀ ਕਾਰਨ ਭਾਰਤ ਦੇ 4 ਜਹਾਜ਼ ਵਾਪਸ ਮੁੜੇ <br/>
ਅਜੀਤ ਡੈਸਕ
19-04-2026