ਜੇ. ਡੀ. ਵੈਂਸ ਦੀ ਅਗਵਾਈ 'ਚ ਅੱਜ ਪਾਕਿਸਤਾਨ ਆਵੇਗਾ ਅਮਰੀਕੀ ਵਫ਼ਦ
ਵਾਸ਼ਿੰਗਟਨ, 19 ਅਪ੍ਰੈਲ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਅਮਰੀਕੀ ਨੁਮਾਇੰਦੇ ਭਲਕੇ ਸੋਮਵਾਰ ਨੂੰ ਈਰਾਨ ਨਾਲ ਦੂਜੇ ਦੌਰ ਦੀ ਗੱਲਬਾਤ ਲਈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਜਾ ਰਹੇ ਹਨ | ਇਸ ਨਾਲ ਜੰਗਬੰਦੀ ਨੂੰ ਵਧਾਉਣ ਦੀਆਂ ਉਮੀਦਾਂ ਵੱਧ ਗਈਆਂ ਹਨ, ਜੋ ਬੁੱਧਵਾਰ ਨੂੰ ਖਤਮ ਹੋਣ ਵਾਲੀ ਹੈ | ਹਾਲਾਂਕਿ ਹੋਰਮੁਜ਼ ਨੂੰ ਲੈ ਕੇ ਵਾਸ਼ਿੰਗਟਨ ਤੇ ਤਹਿਰਾਨ ਵਿਚਾਲੇ ਤਣਾਅ ਅਜੇ ਵੀ ਬਣਿਆ ਹੋਇਆ ਹੈ | ਈਰਾਨ ਨੇ ਤੁਰੰਤ ਇਸ ਗੱਲਬਾਤ ਦੀ ਪੁਸ਼ਟੀ ਨਹੀਂ ਕੀਤੀ, ਪਰ ਉਸ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਕਾਲੀਬਾਫ਼ ਇਕ ਇੰਟਰਵਿਊ ਦੌਰਾਨ ਕਿਹਾ ਕਿ ਕੂਟਨੀਤੀ ਦੇ ਖੇਤਰ 'ਚ ਕੋਈ ਪਿੱਛੇ ਨਹੀਂ ਹਟੇਗਾ, ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆ ਕਿ ਦੋਵਾਂ ਧਿਰਾਂ ਵਿਚਾਲੇ ਅਜੇ ਵੀ ਕਾਫ਼ੀ ਮਤਭੇਦ ਹਨ | ਵਾਈਟ ਹਾਊਸ ਨੇ ਕਿਹਾ ਕਿ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਜਿਨ੍ਹਾਂ ਪਿਛਲੇ ਹਫ਼ਤੇ 21 ਘੰਟੇ ਤੱਕ ਚੱਲੀ ਗੱਲਬਾਤ ਦੇ ਪਹਿਲੇ ਦੌਰ ਦੀ ਅਗਵਾਈ ਕੀਤੀ ਸੀ, ਦੂਤ ਸਟੀਵ ਵਿਟਕਾਫ਼ ਤੇ ਜੇਰੇਡ ਕੁਸ਼ਨਰ ਦੇ ਨਾਲ ਪਾਕਿ ਜਾਣ ਵਾਲੇ ਵਫ਼ਦ ਦੀ ਅਗਵਾਈ ਕਰਨਗੇ | ਪਾਕਿਸਤਾਨ ਇਸ ਗੱਲਬਾਤ 'ਚ ਅਹਿਮ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ | ਟਰੰਪ ਨੇ ਸਖ਼ਤ ਲਹਿਜੇ 'ਚ ਚਿਤਾਵਨੀ ਦਿੰਦਿਆਂ ਲਿਖਿਆ ਕਿ ਅਸੀਂ ਈਰਾਨ ਨੂੰ ਇਕ ਵਾਜ਼ਬ ਅਤੇ ਸਹੀ ਸਮਝੌਤੇ ਦੀ ਪੇਸ਼ਕਸ਼ ਕਰ ਰਹੇ ਹਾਂ, ਮੈਨੂੰ ਉਮੀਦ ਹੈ ਕਿ ਉਹ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲੈਣਗੇ, ਜੇਕਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤਾਂ ਅਮਰੀਕਾ ਈਰਾਨ ਦੇ ਹਰ ਪਾਵਰ ਪਲਾਂਟ ਅਤੇ ਹਰ ਇਕ ਪੁਲ ਨੂੰ ਤਬਾਹ ਕਰ ਦੇਵੇਗਾ | ਇਸ ਦੇ ਨਾਲ ਹੀ ਟਰੰਪ ਨੇ ਇਜ਼ਰਾਈਲ ਨੂੰ ਅਮਰੀਕਾ ਦਾ ਇਕ 'ਮਹਾਨ ਅਤੇ ਦਲੇਰ' ਸਹਿਯੋਗੀ ਦੱਸਦਿਆਂ ਕਿਹਾ ਕਿ ਇਹ ਦੇਸ਼ ਜਾਣਦਾ ਹੈ ਕਿ ਜਿੱਤ ਕਿਸ ਤਰ੍ਹਾਂ ਹਾਸਿਲ ਕਰਨੀ ਹੈ |
ਟਰੰਪ ਦੀ ਧਮਕੀ-ਈਰਾਨ ਕੋਲ ਗੱਲਬਾਤ ਦਾ ਆਖ਼ਰੀ ਮੌਕਾ <br/>
ਅਜੀਤ ਡੈਸਕ
20-04-2026