ਨਗਰ ਕੀਰਤਨ ਤੋਂ ਕੁਝ ਘੰਟੇ ਪਹਿਲਾਂ ਦਿੱਤਾ ਵਾਰਦਾਤ ਨੂੰ ਅੰਜਾਮ
ਬਰੇਸ਼ੀਆ (ਇਟਲੀ), 19 ਅਪ੍ਰੈਲ (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਸ਼ਹਿਰ ਕੋਵੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਕੌਰ ਜੀ ਦੇ ਪ੍ਰਵੇਸ਼ ਦੁਆਰ 'ਤੇ ਅਣਪਛਾਤੇ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ 'ਚ 2 ਸਿੱਖ ਆਗੂਆਂ ਦੀ ਮੌਤ ਹੋ ਜਾਣ ਦੇ ਬਾਅਦ ਇਟਲੀ 'ਚ ਸਿੱਖ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ | ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਕੌਰ ਜੀ, ਕੋਵੋ ਦੀ ਪ੍ਰਬੰਧਕ ਕਮੇਟੀ ਵਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਉਣ ਤੋਂ ਪਹਿਲੀ ਰਾਤ ਤਿਆਰੀ ਕਰਕੇ ਪ੍ਰਬੰਧਕ ਹਟੇ ਹੀ ਸਨ ਤੇ ਸੰਗਤ ਆਪਣੇ ਘਰਾਂ ਨੂੰ ਜਾ ਰਹੀ ਸੀ | ਇਸ ਦੌਰਾਨ ਕੁੱਝ ਅਗਿਆਤ ਹਮਲਾਵਰਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਮੁੱਖ ਦੁਆਰ 'ਤੇ ਖੜ੍ਹੇ ਗੁਰੂ ਘਰ ਦੇ ਪ੍ਰਬੰਧਕ ਰਜਿੰਦਰ ਸਿੰਘ ਰੰਮੀ (40) ਤੇ ਗੁਰਮੀਤ ਸਿੰਘ (48) ਉੱਪਰ ਅੰਨੇ੍ਹਵਾਹ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਇਹ ਦੋਵੇਂ ਸਿੰਘ ਗੰਭੀਰ ਜ਼ਖ਼ਮੀ ਹੋ ਗਏ | ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਾਲੀਅਨ ਪੁਲਿਸ ਹਰਕਤ 'ਚ ਆ ਗਈ ਪਰ ਉਦੋਂ ਤੱਕ ਹਮਲਾਵਰ ਭੱਜਣ 'ਚ ਕਾਮਯਾਬ ਹੋ ਗਏ | ਜਦੋਂ ਕਿ ਦੋਵਾਂ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ 'ਚ ਡਾਕਟਰਾਂ ਨੇ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਤੇ ਹੋਰ ਮੌਕੇ ਦੇ ਚਸ਼ਮਦੀਦ ਗਵਾਹਾਂ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਇਟਲੀ ਦੇ ਕਿਸੇ ਵੀ ਗੁਰੂ ਘਰ 'ਚ ਵਾਪਰੀ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ |
ਇਟਲੀ 'ਚ 2 ਪੰਜਾਬੀਆਂ ਦੀ ਹੱਤਿਆ ਤੋਂ ਬਾਅਦ ਭਾਈਚਾਰੇ 'ਚ ਰੋਸ <br/>
ਅਜੀਤ ਡੈਸਕ
20-04-2026