ਮਾਸਕੋ, 19 ਅਪ੍ਰੈਲ (ਏਜੰਸੀ)-ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਹੋਰਮੁਜ਼ ਜਲਮਾਰਗ 'ਚ ਆਵਾਜਾਈ ਦੇ ਨਿਯਮਾਂ ਨੂੰ ਲੈ ਕੇ ਯੂਰਪੀਅਨ ਯੂਨੀਅਨ (ਈ.ਯੂ.) ਦੇ ਰੁਖ ਦੀ ਸਖ਼ਤ ਨਿਖੇਧੀ ਕੀਤੀ ਹੈ | ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਈ.ਯੂ. 'ਤੇ 'ਦੋਹਰੇ ਮਾਪਦੰਡ' ਅਤੇ 'ਪਾਖੰਡ' ਦਾ ਦੋਸ਼ ਲਾਉਂਦਿਆਂ ਕਿਹਾ ਕਿ 'ਬਿਨਾਂ ਸ਼ਰਤ ਲਾਂਘੇ' ਦੀ ਗੱਲ ਹੁਣ ਸਿਰਫ਼ ਇਕ ਕਹਾਣੀ ਬਣ ਕੇ ਰਹਿ ਗਈ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਅਤੇ ਇਜ਼ਰਾਈਲ ਦੀਆਂ ਹਮਲਾਵਰ ਕਾਰਵਾਈਆਂ ਨੇ ਖੇਤਰ ਦੇ ਸੁਰੱਖਿਆ ਸਮੀਕਰਨ ਬਦਲ ਦਿੱਤੇ ਹਨ | ਈ.ਯੂ. ਦੀ ਵਿਦੇਸ਼ ਨੀਤੀ ਦੀ ਮੁਖੀ ਕਾਜਾ ਕਾਲਾਸ ਦੇ ਬਿਆਨਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬਘਾਈ ਨੇ ਕਿਹਾ ਕਿ ਯੂਰਪ ਸਿਰਫ਼ ਦੂਜਿਆਂ ਨੂੰ ਉਪਦੇਸ਼ ਦੇਣ ਲਈ ਕÏਮਾਂਤਰੀ ਕਾਨੂੰਨਾਂ ਦੀ ਵਰਤੋਂ ਕਰਦਾ ਹੈ | ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਅਮਰੀਕਾ ਅਤੇ ਇਜ਼ਰਾਈਲ ਈਰਾਨ ਵਿਰੁੱਧ ਹਮਲਾਵਰ ਰੁਖ਼ ਅਖ਼ਤਿਆਰ ਕਰਦੇ ਹਨ ਅਤੇ ਈਰਾਨੀਆਂ ਵਿਰੁੱਧ ਅੱਤਿਆਚਾਰ ਹੁੰਦੇ ਹਨ, ਤਾਂ ਯੂਰਪ ਚੁੱਪ ਰਹਿ ਕੇ ਇਨ੍ਹਾਂ ਕਾਰਵਾਈਆਂ ਨੂੰ ਹਰੀ ਝੰਡੀ ਕਿਉਂ ਦਿੰਦਾ ਹੈ | ਬਘਾਈ ਨੇ ਕਿਹਾ ਕਿ ਈ.ਯੂ. ਦੀ ਆਪਣੇ ਕਹੇ 'ਤੇ ਅਮਲ ਕਰਨ 'ਚ ਨਾਕਾਮਯਾਬੀ ਨੇ ਕੌਮਾਂਤਰੀ ਕਾਨੂੰਨਾਂ ਦੀ ਗੱਲ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ |