ਨਵੀਂ ਦਿੱਲੀ, 20 ਅਪ੍ਰੈਲ (ਏਜੰਸੀਆਂ)-ਭਾਰਤ ਅਤੇ ਦੱਖਣੀ ਕੋਰੀਆ ਸੋਮਵਾਰ ਨੂੰ ਭੂ-ਰਾਜਨੀਤਕ ਉਥਲ-ਪੁਥਲ ਦੇ ਮੱਦੇਨਜ਼ਰ ਵਧ ਰਹੇ ਵਪਾਰ ਰੁਕਾਵਟਾਂ ਦੇ ਪਿਛੋਕੜ 'ਚ ਆਪਣੇ ਵਿਆਪਕ ਮੁਲਾਂਕਣ ਭਾਈਵਾਲੀ ਸਮਝÏਤੇ ਨੂੰ ਅਪਗ੍ਰੇਡ ਕਰਨ ਲਈ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ | ਇਸ ਦੌਰਾਨ ਦੋਵੇਂ ਦੇਸ਼ਾਂ 'ਚ ਕਈ ਸਮਝੌਤੇ ਵੀ ਹੋਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ ਨੇ ਸੋਮਵਾਰ ਨੂੰ ਨਵੀਂ ਦਿੱਲੀ 'ਚ ਦੁਵੱਲੀ ਗੱਲਬਾਤ ਕੀਤੀ | ਦੋਵੇਂ ਨੇਤਾਵਾਂ ਨੇ ਆਪਣੀ ਪੁਰਾਣੀ ਸਾਂਝੇਦਾਰੀ ਨੂੰ ਭਵਿੱਖਵਾਦੀ ਸਾਂਝੇਦਾਰੀ 'ਚ ਬਦਲਣ ਦਾ ਸੰਕਲਪ ਲਿਆ, ਜੋ ਤਕਨਾਲੋਜੀ, ਵਪਾਰ ਅਤੇ ਹਿੰਦ ਪ੍ਰਸ਼ਾਂਤ ਖੇਤਰ 'ਚ ਸਾਂਝੇ ਰਣਨੀਤਕ ਹਿਤਾਂ 'ਤੇ ਆਧਾਰਿਤ ਹੋਵੇਗੀ | ਗੱਲਬਾਤ ਦੇ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਦੱਖਣ ਕੋਰੀਆਈ ਨੇਤਾ ਦੀ ਇਸ ਯਾਤਰਾ ਨੂੰ ਜੋ ਅੱਠ ਸਾਲ ਬਾਅਦ ਹੋ ਰਹੀ ਹੈ, ਬੇਹੱਦ ਮਹੱਤਵਪੂਰਨ ਦੱਸਿਆ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਵੇਂ ਦੇਸ਼ਾਂ ਦਰਮਿਆਨ ਡੂੰਘੀ ਆਪਸੀ ਸਮਝ ਅਤੇ ਤਾਲਮੇਲ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰਿਕ ਮੁੱਲ, ਬਾਜ਼ਾਰ-ਆਧਾਰਿਤ ਅਰਥ ਵਿਵਸਥਾ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ਸਨਮਾਨ-ਇਹ ਸਾਰੇ ਸਾਡੇ ਦੋਵੇਂ ਦੇਸ਼ਾਂ ਦੇ ਡੀ. ਐਨ. ਏ. ਦਾ ਹਿੱਸਾ ਹਨ | ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਦੱਖਣ ਕੋਰੀਆ ਹਿੰਦ-ਪ੍ਰਸ਼ਾਂਤ ਖੇਤਰ ਨੂੰ ਲੈ ਕੇ ਇਕ ਸਾਂਝਾ ਦਿ੍ਸ਼ਟੀਕੋਣ ਰੱਖਦੇ ਹਨ | ਭਵਿੱਖ ਲਈ ਕਿ ਮਹੱਤਵਪੂਰਨ ਰੋਡਮੈਪ ਦਾ ਸੰਕੇਤ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਭਰੋਸੇਮੰਦ ਸਾਂਝੇਦਾਰੀ ਨੂੰ ਇਕ ਭਵਿੱਖਵਾਦੀ ਸਾਂਝੇਦਾਰੀ 'ਚ ਬਦਲਣ ਲਈ ਤਿਆਰ ਹਨ, ਜਿਸ ਤਹਿਤ ਵੱਖ-ਵੱਖ ਖੇਤਰਾਂ 'ਚ ਸਹਿਯੋਗ ਦਾ ਵਿਸਤਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਚਿਪਸ ਤੋਂ ਲੈ ਕੇ ਜਹਾਜ਼ਾਂ ਤੱਕ, ਪ੍ਰਤਿਭਾ ਤੋਂ ਲੈ ਕੇ ਤਕਨਾਲੋਜੀ ਤੱਕ ਅਤੇ ਮਨੋਰੰਜਨ ਤੋਂ ਲੈ ਕੇ ਊਰਜਾ ਤੱਕ, ਅਸੀਂ ਸਾਰੇ ਖੇਤਰਾਂ 'ਚ ਸਹਿਯੋਗ ਦੇ ਨਵੇਂ ਮੌਕੇ ਲੱਭਾਂਗੇ | ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਅਗਲੇ ਦਹਾਕੇ ਦੀ ਸਫਲਤਾ ਦੀਆਂ ਕਹਾਣੀਆਂ ਦੀ ਨੀਂਹ ਰੱਖ ਰਹੇ ਹਾਂ | ਇਸ ਗੱਲਬਾਤ ਦਾ ਇਕ ਮੁੱਖ ਖਿੱਚ ਦਾ ਕੇਂਦਰ ਭਾਰਤ-ਕੋਰੀਆ ਡਿਜੀਟਲ ਬਿ੍ਜ ਦਾ ਐਲਾਨ ਸੀ, ਜਿਸ ਦਾ ਉਦੇਸ਼ ਏ. ਆਈ., ਸੈਮੀਕੰਡਕਟਰ ਅਤੇ ਸੂਚਨਾ ਤਕਨੀਕ ਦੇ ਖੇਤਰ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ | ਦੋਵੇਂ ਧਿਰਾਂ ਨੇ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਮਜ਼ਬੂਤ ਕਰਨ ਪ੍ਰਤੀ ਵੀ ਆਸ ਪ੍ਰਗਟ ਕੀਤੀ | ਇਸ ਤਹਿਤ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ ਨੂੰ ਉਨਤ ਬਣਾਉਣ ਦੇ ਯਤਨ ਜਾਰੀ ਹਨ ਤਾਂ ਕਿ ਪਿਛਲੇ ਸਾਲ ਦੇ 25.7 ਅਰਬ ਡਾਲਰ ਦੇ ਦੁਵੱਲੇ ਵਪਾਰ ਨੂੰ 2030 ਤੱਕ ਲਗਭਗ ਦੁੱਗਣਾ ਕਰਕੇ 50 ਅਰਬ ਡਾਲਰ ਤੱਕ ਪਹੁੰਚਾਇਆ ਜਾ ਸਕੇ | ਦੱਖਣ ਕੋਰੀਆਈ ਨੇਤਾ ਦੇ ਪਿਛਲੇ ਸਾਲ ਅਹੁਦਾ ਸੰਭਾਲਣ ਬਾਅਦ ਮੋਦੀ ਅਤੇ ਲੀ ਦਰਮਿਆਨ ਇਹ ਤੀਜੀ ਆਹਮੋ-ਸਾਹਮਣੇ ਦੀ ਮੁਲਾਕਾਤ ਸੀ | ਜਹਾਜ਼ ਨਿਰਮਾਣ, ਮਹੱਤਵਪੂਰਨ ਅਤੇ ਉਭਰਦੀ ਤਕਨੀਕ ਤੇ ਲੋਕਾਂ ਦਰਮਿਆਨ ਆਪਸੀ ਮੇਲਜੋਲ ਵਰਗੇ ਖੇਤਰਾਂ 'ਚ ਸਹਿਯੋਗ ਦਾ ਵਿਸਤਾਰ ਕਰਨ ਲਈ ਕਈ ਸਮਝੌਤਿਆਂ 'ਤੇ ਵੀ ਦਸਤਖਤ ਕੀਤੇ ਗਏ | ਦੋਵਾਂ ਦੇਸ਼ਾਂ ਦੇ ਸੰਬੰਧਾਂ ਦੀ ਸੱਭਿਅਤਾ ਦੀ ਡੂੰਘਾਈ ਨੂੰ ਉਜਾਗਰ ਕਰਦੇ ਹੋਏ ਮੋਦੀ ਨੇ ਸਦੀਆਂ ਪੁਰਾਣੀਆਂ ਸਾਂਝੀਆਂ ਸੱਭਿਆਚਾਰਕ ਜੜ੍ਹਾਂ ਵੱਲ ਇਸ਼ਾਰਾ ਕੀਤਾ | ਉਨ੍ਹਾਂ ਕਿਹਾ ਕਿ 2,000 ਸਾਲ ਪਹਿਲਾਂ ਅਯੁੱਧਿਆ ਦੀ ਰਾਜਕੁਮਾਰੀ ਸੂਰੀਰਤਨਾ ਅਤੇ ਕੋਰੀਆ ਦੇ ਰਾਜਾ ਕਿਮ ਸੂਰੋ ਦੀ ਕਹਾਣੀ ਸਾਡੀ ਸਾਂਝੀ ਵਿਰਾਸਤ ਦਾ ਹਿੱਸਾ ਹੈ | ਉਨ੍ਹਾਂ ਭਾਰਤ 'ਚ ਕੋਰੀਆਈ ਪÏਪ ਸੱਭਿਆਚਾਰ ਦੀ ਵਧਦੀ ਹਰਮਨਪਿਆਰਤਾ ਅਤੇ ਦੱਖਣੀ ਕੋਰੀਆ 'ਚ ਭਾਰਤੀ ਸਿਨੇਮਾ ਤੇ ਸੱਭਿਆਚਾਰ ਦੀ ਵਧਦੀ ਮਾਨਤਾ ਦਾ ਵੀ ਜ਼ਿਕਰ ਕੀਤਾ | ਬਦਲਦੀਆਂ ਵਿਸ਼ਵ ਚੁਣÏਤੀਆਂ ਦੇ ਸੰਦਰਭ 'ਚ ਮੋਦੀ ਨੇ ਕਿਹਾ ਕਿ ਇਸ ਸਾਂਝੇਦਾਰੀ ਦੀ ਮਹੱਤਤਾ ਹੋਰ ਵੀ ਵੱਧ ਹੈ | ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਤਣਾਅ ਦੇ ਇਸ ਯੁੱਗ 'ਚ ਭਾਰਤ ਤੇ ਕੋਰੀਆ ਮਿਲ ਕੇ ਸ਼ਾਂਤੀ ਅਤੇ ਸਥਿਰਤਾ ਦਾ ਸੰਦੇਸ਼ ਦਿੰਦੇ ਹਨ ਤੇ ਨਾਲ ਹੀ ਉਨ੍ਹਾਂ ਨੇ ਦੱਖਣੀ ਕੋਰੀਆ ਦੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਅਤੇ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਵਰਗੀਆਂ ਪਹਿਲਕਦਮੀਆਂ 'ਚ ਸ਼ਾਮਿਲ ਹੋਣ ਦੇ ਫ਼ੈਸਲੇ ਦਾ ਸਵਾਗਤ ਕੀਤਾ | ਰਾਸ਼ਟਰਪਤੀ ਲੀ, ਜੋ 19 ਤੋਂ 21 ਅਪ੍ਰੈਲ ਤੱਕ ਭਾਰਤ ਦੇ ਤਿੰਨ ਦਿਨਾ ਅਧਿਕਾਰਤ ਦÏਰੇ 'ਤੇ ਹਨ, ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ, ਜਿਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਤੋਂ ਪਹਿਲਾਂ, ਉਹ ਆਪਣੀ ਪਤਨੀ (ਪ੍ਰਥਮ ਮਹਿਲਾ) ਕਿਮ ਹਯ ਕਯੁੰਗ ਨਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਗਏ | ਵਧਦੇ ਸੰਬੰਧਾਂ ਦੇ ਪ੍ਰਤੀਕਾਤਮਕ ਸੰਕੇਤ ਵਜੋਂ ਮੋਦੀ ਅਤੇ ਲੀ ਨੇ ਇਕੱਠੇ ਇਕ ਬੂਟਾ ਵੀ ਲਗਾਇਆ | ਅਹੁਦਾ ਸੰਭਾਲਣ ਤੋਂ ਬਾਅਦ ਇਹ ਲੀ ਦੀ ਪਹਿਲੀ ਭਾਰਤ ਫੇਰੀ ਹੈ |
ਭਾਰਤ ਤੇ ਦੱਖਣੀ ਕੋਰੀਆ ਦਰਮਿਆਨ 2030 ਤੱਕ 50 ਅਰਬ ਡਾਲਰ ਦਾ ਹੋਵੇਗਾ ਕਾਰੋਬਾਰ <br/>
ਅਜੀਤ ਡੈਸਕ
21-04-2026