ਨਵੀਂ ਦਿੱਲੀ, 20 ਅਪ੍ਰੈਲ (ਪੀ.ਟੀ.ਆਈ.)-ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇ.ਈ.ਈ.-ਮੇਨ 'ਚ 26 ਉਮੀਦਵਾਰਾਂ ਨੇ 100 ਦਾ ਸੰਪੂਰਨ ਐੱਨ.ਟੀ.ਏ. ਸਕੋਰ ਪ੍ਰਾਪਤ ਕੀਤਾ ਹੈ | 2025 'ਚ 24 ਉਮੀਦਵਾਰਾਂ ਨੇ ਇਹ ਉਪਲਬਧੀ ਹਾਸਲ ਕੀਤੀ ਸੀ | ਚੰਡੀਗੜ੍ਹ ਦੇ ਆਰੁਸ਼ ਸਿੰਘਲ ਨੇ ਦੇਸ਼ ਭਰ 'ਚੋਂ 8ਵਾਂ ਰੈਂਕ ਪ੍ਰਾਪਤ ਕਰਕੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਸਾਲ ਜਨਵਰੀ 'ਚ ਇਸ ਮਹੱਤਵਪੂਰਨ ਪ੍ਰੀਖਿਆ ਦੇ ਪਹਿਲੇ ਪੜਾਅ ਲਈ 13 ਮਿਲੀਅਨ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ, ਅਪ੍ਰੈਲ 'ਚ ਦੂਜੇ ਪੜਾਅ ਲਈ 10 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ | ਦੋਵਾਂ ਸੈਸ਼ਨਾਂ 'ਚ ਅੱਠ ਲੱਖ ਤੋਂ ਵੱਧ ਉਮੀਦਵਾਰਾਂ ਨੇ ਸਾਂਝੀ ਪ੍ਰੀਖਿਆ ਦਿੱਤੀ ਸੀ | 100 ਦਾ ਐੱਨ.ਟੀ.ਏ. ਸਕੋਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ 'ਚੋਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਤੋਂ ਪੰਜ-ਪੰਜ, ਰਾਜਸਥਾਨ ਤੋਂ ਚਾਰ, ਦਿੱਲੀ ਤੋਂ ਤਿੰਨ ਤੇ ਮਹਾਰਾਸ਼ਟਰ ਤੇ ਹਰਿਆਣਾ ਤੋਂ ਦੋ-ਦੋ ਹਨ | ਚੰਡੀਗੜ੍ਹ, ਬਿਹਾਰ, ਤਾਮਿਲਨਾਡੂ, ਓਡੀਸ਼ਾ ਤੇ ਗੁਜਰਾਤ ਤੋਂ ਇਕ-ਇਕ ਉਮੀਦਵਾਰ ਨੇ ਇਹ ਉਪਲਬਧੀ ਹਾਸਲ ਕੀਤੀ ਹੈ | ਸਾਰੇ 26 ਉਮੀਦਵਾਰ ਪੁਰਸ਼ ਹਨ | ਅਧਿਕਾਰੀਆਂ ਅਨੁਸਾਰ ਐੱਨ.ਟੀ.ਏ. ਸਕੋਰ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤਤਾ ਦੇ ਸਮਾਨ ਨਹੀਂ ਹਨ, ਸਗੋਂ ਆਮ ਸਕੋਰ ਹਨ | ਐੱਨ.ਟੀ.ਏ. ਸਕੋਰ ਮਲਟੀ-ਸ਼ਿਫਟ ਪੇਪਰਾਂ 'ਚ ਆਮ ਸਕੋਰ ਹਨ ਤੇ ਇਕੋ ਸ਼ਿਫਟ 'ਚ ਪ੍ਰੀਖਿਆ ਦੇਣ ਵਾਲੇ ਸਾਰੇ ਉਮੀਦਵਾਰਾਂ ਦੇ ਅਨੁਸਾਰੀ ਪ੍ਰਦਰਸ਼ਨ 'ਤੇ ਆਧਾਰਿਤ ਹਨ | ਉਮੀਦਵਾਰਾਂ ਦੀ ਹਰੇਕ ਸ਼ਿਫਟ ਲਈ ਸਕੋਰ 100 ਤੋਂ 0 ਦੇ ਸਕੇਲ 'ਚ ਬਦਲੇ ਜਾਂਦੇ ਹਨ | ਇਕ ਅਧਿਕਾਰੀ ਨੇ ਦੱਸਿਆ ਕਿ 'ਐੱਨ.ਟੀ.ਏ. ਸਕੋਰ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤਤਾ ਦੇ ਸਮਾਨ ਨਹੀਂ ਹਨ |
ਜੇ.ਈ.ਈ. ਮੇਨ ਦਾ ਨਤੀਜਾ-26 ਉਮੀਦਵਾਰਾਂ ਵਲੋਂ 100 ਦਾ ਸੰਪੂਰਨ ਐੱਨ.ਟੀ.ਏ. ਸਕੋਰ ਹਾਸਿਲ
ਅਜੀਤ ਡੈਸਕ
21-04-2026