18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੰਜਾਬ ਸਰਕਾਰ ਵਰਲਡ ਹਾਰਟੀ ਸੈਂਟਰ ਈਕੋਸਿਸਟਮ ਦੀ ਤਰਜ਼ 'ਤੇ ਬਾਗਬਾਨੀ ਅਨੁਭਵ ਤੇ ਸਿਖਲਾਈ ਕੇਂਦਰ ਕਰੇਗੀ ਸਥਾਪਤ <br/>

Ad Position 21
No active advertisement
ਅਜੀਤ ਡੈਸਕ 21-04-2026

ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)-ਇਕ ਰਣਨੀਤਕ ਸਮਝੌਤੇ ਤਹਿਤ ਜੋ ਕਿਸਾਨਾਂ ਦੀ ਤਕਦੀਰ ਬਦਲਣ ਵਿਚ ਅਹਿਮ ਸਿੱਧ ਹੋਵੇਗਾ, ਸੂਬਾ ਸਰਕਾਰ ਵਰਲਡ ਹਾਰਟੀ ਸੈਂਟਰ ਈਕੋਸਿਸਟਮ ਦੀ ਤਰਜ਼ 'ਤੇ ਪੰਜਾਬ 'ਚ ਇਕ ਸਮਰਪਿਤ ਬਾਗਬਾਨੀ ਅਨੁਭਵ ਅਤੇ ਸਿਖਲਾਈ ਕੇਂਦਰ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਜਾ ਰਹੇ ਸਿਰਤੋੜ ਯਤਨਾਂ ਦਾ ਹਿੱਸਾ ਹੋਵੇਗਾ | ਅੱਜ ਨੀਦਰਲੈਂਡ 'ਚ ਨਿਵੇਸ਼ ਪ੍ਰੋਤਸਾਹਨ ਆਊਟਰੀਚ ਤਹਿਤ ਆਪਣੇ ਦੌਰੇ ਦੇ ਹਿੱਸੇ ਵਜੋਂ ਮੁੱਖ ਮੰਤਰੀ ਨੇ ਟਿਕਾਊ ਖੇਤੀਬਾੜੀ, ਫੁੱਲਾਂ ਦੀ ਖੇਤੀ ਅਤੇ ਉੱਚ-ਕੁਸ਼ਲਤਾ ਵਾਲੀਆਂ ਖੇਤੀ ਪ੍ਰਣਾਲੀਆਂ 'ਚ ਸਭ ਤੋਂ ਬਿਹਤਰ ਅਭਿਆਸਾਂ ਦਾ ਅਧਿਐਨ ਕਰਨ ਲਈ ਵਰਲਡ ਹਾਰਟੀ ਸੈਂਟਰ (ਡਬਲਯੂ.ਐਚ.ਸੀ.), ਵੈਸਟਲੈਂਡ ਅਤੇ ਵਿਸ਼ਵ ਪ੍ਰਸਿੱਧ ਕੇਯੂਕੇਨਹੌਫ, ਲਿਸੇ ਸਮੇਤ ਪ੍ਰਮੁੱਖ ਬਾਗਬਾਨੀ ਸੰਸਥਾਵਾਂ ਦੇ ਦੌਰੇ ਕੀਤੇ | ਉਨ੍ਹਾਂ ਨੇ ਪੰਜਾਬ 'ਚ ਅਜਿਹਾ ਹੀ ਕੇਂਦਰ ਸਥਾਪਤ ਕਰਨ ਦਾ ਵਿਚਾਰ ਪੇਸ਼ ਕੀਤਾ ਅਤੇ ਕਿਹਾ ਕਿ ਪ੍ਰਸਤਾਵਿਤ ਕੇਂਦਰ ਖੋਜਕਰਤਾਵਾਂ, ਅਕਾਦਮਿਕ ਸੰਸਥਾਵਾਂ, ਉਦਯੋਗ ਅਤੇ ਸਰਕਾਰੀ ਭਾਈਵਾਲਾਂ ਨੂੰ ਇਕਜੁੱਟ ਕਰਕੇ ਰਾਜ ਵਿਚ ਨਵੀਨਤਾ, ਹੁਨਰ ਵਿਕਾਸ ਅਤੇ ਟਿਕਾਊ ਖੇਤੀਬਾੜੀ ਹੱਲਾਂ ਨੂੰ ਅਪਣਾਉਣ 'ਚ ਮਦਦ ਕਰੇਗਾ | ਵਰਲਡ ਹਾਰਟੀ ਸੈਂਟਰ, ਜੋ ਗ੍ਰੀਨਹਾਊਸ ਹਾਰਟੀਕਲਚਰ ਇਨੋਵੇਸ਼ਨ ਲਈ ਇਕ ਗਲੋਬਲ ਹੱਬ ਹੈ, ਵਿਖੇ ਸੀ.ਈ.ਓ. ਪੱਕ ਵੈਨ ਹੋਲਸਟਾਈਨ ਅਤੇ ਮੈਨੇਜਰ ਇੰਟਰਨੈਸ਼ਨਲ ਬਿਜਨਸ ਲੈਨੀ ਡਿਜਕਸੂਰਨ ਵਲੋਂ ਭਗਵੰਤ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ | ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਲੱਖਣ ਅਨੁਭਵ ਸੀ ਕਿਉਂਕਿ ਉਨ੍ਹਾਂ ਨੂੰ ਨੀਦਰਲੈਂਡ ਦੇ ਗ੍ਰੀਨਹਾਊਸ ਅਤੇ ਨਿਯੰਤਰਿਤ-ਵਾਤਾਵਰਨ ਖੇਤੀ ਦੇ ਵਿਸ਼ਵ ਪ੍ਰਸਿੱਧ ਈਕੋਸਿਸਟਮ ਨਾਲ ਜਾਣੂ ਕਰਵਾਇਆ, ਜਿਥੇ ਤਕਨਾਲੋਜੀ, ਖੋਜ, ਸਿੱਖਿਆ, ਉਦਯੋਗ ਅਤੇ ਸਰਕਾਰ ਦੇ ਸਹਿਯੋਗੀ ਯਤਨਾਂ ਨੇ ਰਵਾਇਤੀ ਖੇਤੀ ਨੂੰ ਉੱਚ-ਉਤਪਾਦਕਤਾ ਵਾਲੀ ਅਤੇ ਟਿਕਾਊ ਖੇਤੀ ਵਿਚ ਬਦਲ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਸੂਬੇ ਲਈ ਫਸਲੀ ਵਿਭਿੰਨਤਾ ਨੂੰ ਵੱਡਾ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੇ ਚੱਕਰ 'ਚੋਂ ਬਾਹਰ ਕੱਢਣ ਲਈ ਵਧੇਰੇ ਮਦਦਗਾਰ ਸਾਬਤ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਜਾਣਕਾਰੀ ਦੀ ਅਦਲਾ-ਬਦਲੀ ਅਤੇ ਤਕਨਾਲੋਜੀ ਭਾਈਵਾਲੀ ਸਮੇਤ ਸਹਿਯੋਗ ਲਈ ਸੰਭਾਵਨਾਵਾਂ ਤਲਾਸ਼ਣ ਅਤੇ ਸਿਧਾਂਤਕ ਤੌਰ 'ਤੇ ਇਸ 'ਤੇ ਸਹਿਮਤੀ ਪ੍ਰਗਟਾਈ | ਮੁੱਖ ਮੰਤਰੀ ਨੇ ਕਿਹਾ ਕਿ ਇਹ ਦੌਰਾ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੂੰ ਇਕ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉਤਸ਼ਾਹਿਤ ਕਰਨ 'ਚ ਬਹੁਤ ਮਦਦ ਕਰੇਗਾ |
ਮੋਹਾਲੀ 'ਚ ਖੋਜ ਤੇ ਵਿਕਾਸ ਕੇਂਦਰ ਸਥਾਪਿਤ ਕਰਨ ਲਈ ਸੈਮੀਕੰਡਕਟਰ ਦਿੱਗਜ ਐਨ.ਐਕਸ.ਪੀ. ਨੂੰ ਸੱਦਾ
ਚੰਡੀਗੜ੍ਹ, 20 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਨੂੰ ਗਲੋਬਲ ਸੈਮੀਕੰਡਕਟਰ ਅਤੇ ਐਡਵਾਂਸਡ ਇਲੈਕਟ੍ਰਾਨਿਕਸ ਈਕੋਸਿਸਟਮ ਖੇਤਰ 'ਚ ਮੋਹਰੀ ਕਤਾਰ 'ਚ ਖੜ੍ਹਾ ਕਰਨ ਲਈ ਮਹੱਤਵਪੂਰਨ ਯਤਨ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਆਟੋਮੋਟਿਵ ਅਤੇ ਸਕਿਓਰ ਕੁਨੈਕਟੀਵਿਟੀ ਸੈਮੀਕੰਡਕਟਰ ਸਲਿਊਸ਼ਨਜ਼ ਦੇ ਖੇਤਰ 'ਚ ਗਲੋਬਲ ਲੀਡਰ ਅਤੇ ਬਹੁਕੌਮੀ ਤਕਨਾਲੋਜੀ ਮੋਹਰੀ ਕੰਪਨੀ ਐਨ. ਐਕਸ. ਪੀ. ਸੈਮੀਕੰਡਕਟਰਜ਼ ਨੂੰ ਮੋਹਾਲੀ 'ਚ ਇਕ ਖੋਜ ਅਤੇ ਵਿਕਾਸ (ਆਰ ਐਂਡ ਡੀ) ਕੇਂਦਰ ਸਥਾਪਤ ਕਰਨ ਦੀ ਸੰਭਾਵਨਾ ਦੀ ਪੜਚੋਲ ਕਰਨ ਦਾ ਸੱਦਾ ਦਿੱਤਾ ਹੈ। ਐਨ.ਐਕਸ.ਪੀ. ਸੈਮੀਕੰਡਕਟਰਜ਼ ਨੀਦਰਲੈਂਡ ਦੇ ਕਾਰਜਕਾਰੀ ਡਾਇਰੈਕਟਰ ਅਤੇ ਕੰਟਰੀ ਮੈਨੇਜਰ ਮੌਰਿਸ ਗੇਰੇਟਸ ਅਤੇ ਐਨ. ਐਕਸ. ਪੀ. ਸੈਮੀਕੰਡਕਟਰਜ ਦੇ ਪਬਲਿਕ ਪਾਲਿਸੀ ਹੈੱਡ ਡਾ. ਅੰਕਿਤ ਪਾਲ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਐਡਵਾਂਸਡ ਇਲੈਕਟ੍ਰਾਨਿਕਸ, ਸੈਮੀਕੰਡਕਟਰ ਡਿਜ਼ਾਇਨ ਅਤੇ ਨਵੀਨ ਖੋਜ-ਆਧਾਰਿਤ ਈਕੋਸਿਸਟਮ 'ਚ ਸਹਿਯੋਗ ਦੇ ਮੌਕੇ ਲੱਭਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਦੇ ਮਜ਼ਬੂਤ ਪ੍ਰਤਿਭਾ ਪੂਲ ਅਤੇ ਉੱਭਰ ਰਹੇ ਇਲੈਕਟ੍ਰਾਨਿਕਸ ਈਕੋਸਿਸਟਮ ਦਾ ਲਾਭ ਉਠਾਉਣ ਲਈ ਮੋਹਾਲੀ ਇਕ ਰਣਨੀਤਿਕ ਸਥਾਨ ਰੱਖਦਾ ਹੈ। ਮੁੱਖ ਮੰਤਰੀ ਨੇ ਐਨ.ਐਕਸ.ਪੀ. ਨੂੰ ਕਾਲਕਟ ਭਵਨ, ਮੋਹਾਲੀ ਵਿਖੇ 'ਸਿਲੀਕਾਨ ਵੈਲੀ' ਵਰਗਾ ਈਕੋਸਿਸਟਮ ਵਿਕਸਤ ਕਰਨ ਦੀਆਂ ਸੂਬਾ ਸਰਕਾਰ ਦੀਆਂ ਯੋਜਨਾਵਾਂ ਤੋਂ ਵੀ ਜਾਣੂ ਕਰਵਾਇਆ, ਜੋ ਰਣਨੀਤਕ ਤੌਰ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਆਈ.ਟੀ. ਸਿਟੀ ਨੇੜੇ ਸਥਿਤ ਹੈ। ਉਨ੍ਹਾਂ ਨੇ ਸੂਬੇ 'ਚ ਮੌਜੂਦ ਪ੍ਰਤਿਭਾ ਦੇ ਮਜ਼ਬੂਤ ਈਕੋਸਿਸਟਮ ਦਾ ਵੀ ਜ਼ਿਕਰ ਕੀਤਾ, ਜਿਸ 'ਚ ਆਈ.ਆਈ.ਟੀ. ਰੋਪੜ, ਆਈ. ਐਸ. ਬੀ. ਮੋਹਾਲੀ, ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਸ਼ਾਮਿਲ ਹਨ, ਜੋ ਉੱਚ-ਗੁਣਵੱਤਾ ਵਾਲਾ ਖੋਜ ਅਤੇ ਇੰਜੀਨੀਅਰਿੰਗ ਕਾਰਜਬਲ ਤਿਆਰ ਕਰਨ ਲਈ ਸਕਾਰਾਤਕ ਕੰਮ ਕਰ ਸਕਦੀਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਹੋਰ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਨੀਤੀ ਮਾਮਲਾ- ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਕੇਸ ਤੋਂ ਹਟਣ ਤੋਂ ਕੀਤਾ ਇਨਕਾਰ-ਕੇਜਰੀਵਾਲ ਦੀ ਅਰਜ਼ੀ ਖ਼ਾਰਜ ਅਗਲੀ ਖ਼ਬਰ ਜੇ.ਈ.ਈ. ਮੇਨ ਦਾ ਨਤੀਜਾ-26 ਉਮੀਦਵਾਰਾਂ ਵਲੋਂ 100 ਦਾ ਸੰਪੂਰਨ ਐੱਨ.ਟੀ.ਏ. ਸਕੋਰ ਹਾਸਿਲ
Ad Position 24