ਹਰਭਜਨ ਸਿੰਘ ਦੇ ਘਰ ਤੇ ਐੱਲ.ਪੀ.ਯੂ. ਦੇ ਬਾਹਰ ਲਿਖਿਆ 'ਗ਼ਦਾਰ'
ਤਿੰਨੇ ਰਾਜ ਸਭਾ ਮੈਂਬਰ 'ਆਪ' ਛੱਡ ਕੇ ਭਾਜਪਾ 'ਚ ਹੋ ਗਏ ਸਨ ਸ਼ਾਮਿਲ
ਜਲੰਧਰ/ਲੁਧਿਆਣਾ, 25 ਅਪ੍ਰੈਲ (ਜਤਿੰਦਰ ਪੰਮੀ, ਡਾ: ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਵਿਰੁੱਧ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਗੁੱਸਾ ਇਸ ਕਦਰ ਫੁੱਟਿਆ ਕਿ ਰੋਹ 'ਚ ਆਏ 'ਆਪ' ਆਗੂਆਂ ਤੇ ਵਰਕਰਾਂ ਵਲੋਂ ਸਨਿਚਰਵਾਰ ਨੂੰ ਡਾ. ਅਸ਼ੋਕ ਮਿੱਤਲ ਵਿਰੁੱਧ ਲਵਲੀ ਯੂਨੀਵਰਸਿਟੀ ਅਤੇ ਹਰਭਜਨ ਸਿੰਘ ਭੱਜੀ ਵਿਰੁੱਧ ਉਸ ਦੀ ਨਵੀਂ ਬਾਰਾਂਦਰੀ ਸਥਿਤ ਰਿਹਾਇਸ਼ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸੇ ਤਰ੍ਹਾਂ ਲੁਧਿਆਣਾ ਸਥਿਤ ਰਜਿੰਦਰ ਗੁਪਤਾ ਦੀ ਰਿਹਾਇਸ਼ ਦੇ ਬਾਹਰ ਵੀ 'ਆਪ' ਆਗੂਆਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਰੱਜ ਕੇ ਭੜਾਸ ਕੱਢੀ | ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਕਤ ਆਗੂਆਂ ਵਿਰੁੱਧ 'ਪੰਜਾਬ ਦੇ ਗ਼ਦਾਰ' ਦੇ ਨਾਅਰੇ ਲਾਏ ਅਤੇ ਉਨ੍ਹਾਂ ਦੇ ਪੁਤਲੇ ਵੀ ਫੂਕੇ | ਲਵਲੀ ਯੂਨੀਵਰਸਿਟੀ ਦੇ ਮੁੱਖ ਗੇਟ 'ਤੇ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਅਗਵਾਈ ਦੋਆਬਾ ਯੂਥ ਵਿੰਗ ਦੇ ਇੰਚਾਰਜ ਗੁਰਿੰਦਰ ਸਿੰਘ ਸ਼ੇਰਗਿੱਲ ਤੇ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਅਤੇ ਪਾਰਟੀ ਦੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕੀਤੀ | ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਨਿਰਾਸ਼ਾ ਵਿਚ ਆ ਕੇ 'ਆਪ' ਦੇ ਰਾਜ ਸਭਾ ਮੈਂਬਰਾਂ ਨੂੰ ਆਪਣੇ ਨਾਲ ਰਲਾਇਆ ਹੈ | ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸਾਲ 2027 ਵਿਚ 'ਆਪ' ਦੀ ਸਰਕਾਰ ਮੁੜ ਸੱਤਾ ਵਿਚ ਆਵੇਗੀ ਅਤੇ ਭਾਜਪਾ ਕੋਲ ਖੜ੍ਹਨ ਲਈ ਸਿਆਸੀ ਜ਼ਮੀਨ ਨਹੀਂ ਬਚੇਗੀ | ਟੀਨੂੰ ਨੇ ਕਿਹਾ ਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੇ 'ਆਪ' ਵਿਰੁੱਧ ਨਾਪਾਕ ਗਠਜੋੜ ਬਣਾ ਲਿਆ ਹੈ, ਜਿਸ ਕਾਰਨ ਉਕਤ ਪਾਰਟੀਆਂ ਦੇ ਆਗੂ 'ਆਪ' ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਬਾਰੇ ਰਲ਼ਦੇ-ਮਿਲਦੇ ਬਿਆਨ ਦੇ ਰਹੇ ਹਨ | ਉਨ੍ਹਾਂ ਤੋਂ ਇਲਾਵਾ ਵਿਧਾਇਕ ਬਲਕਾਰ ਸਿੰਘ ਤੇ ਗੁਰਿੰਦਰ ਸਿੰਘ ਸ਼ੇਰਗਿੱਲ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ | ਇਸ ਮੌਕੇ ਪਾਰਟੀ ਦੇ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ | ਓਧਰ ਰਾਜ ਸਭਾ ਮੈਂਬਰ ਤੇ ਕ੍ਰਿਕਟਰ ਹਰਭਜਨ ਸਿੰਘ ਦੀ ਨਵੀਂ ਬਾਰਾਂਦਰੀ ਸਥਿਤ ਰਿਹਾਇਸ਼ ਦੇ ਬਾਹਰ 'ਆਪ' ਆਗੂਆਂ ਤੇ ਵਰਕਰਾਂ ਨੇ ਅਸ਼ਵਨੀ ਅਗਰਵਾਲ, ਆਯੂਬ ਦੁੱਗਲ ਤੇ ਇੰਦਰਵੰਸ਼ ਚੱਢਾ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ | ਪਾਰਟੀ ਆਗੂਆਂ ਨੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਰਾਜ ਸਭਾ ਮੈਂਬਰਾਂ ਨੇ ਨਾ ਸਿਰਫ਼ ਪਾਰਟੀ ਨੂੰ ਧੋਖਾ ਦਿੱਤਾ ਹੈ ਬਲਕਿ ਪੰਜਾਬ ਦੇ ਲੋਕਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ | ਉਨ੍ਹਾਂ ਨੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਗੇਟ ਉਪਰ ਕਾਲੀ ਸਿਆਹੀ ਨਾਲ 'ਗੱਦਾਰ' ਲਿਖਿਆ ਅਤੇ ਉਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਉਕਤ ਆਗੂਆਂ ਨੂੰ ਕਦੀ ਵੀ ਮੁਆਫ਼ ਨਹੀਂ ਕਰਨਗੇ | ਇਸ ਮੌਕੇ ਐਸ. ਸੀ. ਵਿੰਗ, ਯੂਥ ਵਿੰਗ ਤੇ ਮੀਡੀਆ ਵਿੰਗ ਦੇ ਆਗੂ ਤੇ ਵਰਕਰਾਂ ਵੀ ਮੌਜੂਦ ਸਨ | ਇਸੇ ਤਰ੍ਹਾਂ ਹੀ ਅੱਜ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੇ ਕਿਚਲੂ ਨਗਰ ਸਥਿਤ ਨਿਵਾਸ ਦੇ ਬਾਹਰ 'ਆਪ' ਯੂਥ ਵਿੰਗ ਵਲੋਂ ਤਿੱਖਾ ਧਰਨਾ ਪ੍ਰਦਰਸ਼ਨ ਕੀਤਾ ਅਤੇ ਪੁਤਲਾ ਫੂਕਿਆ ਗਿਆ | ਇਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਯੂਥ ਵਿੰਗ ਦੇ ਵਰਕਰਾਂ ਨੇ ਸ਼ਮੂਲੀਅਤ ਕਰਦੇ ਹੋਏ ਆਪਣਾ ਰੋਸ ਪ੍ਰਗਟਾਇਆ | ਇਹ ਧਰਨਾ ਪ੍ਰਦਰਸ਼ਨ ਯੂਥ ਵਿੰਗ ਦੇ ਸੂਬਾ ਵਰਕਿੰਗ ਪ੍ਰਧਾਨ ਪਰਮਿੰਦਰ ਗੋਲਡੀ ਅਤੇ ਸੂਬਾ ਮੀਤ ਪ੍ਰਧਾਨ ਪਰਮਿੰਦਰ ਸੰਧੂ ਦੀ ਅਗਵਾਈ ਹੇਠ ਕੀਤਾ ਗਿਆ | ਪ੍ਰਦਰਸ਼ਨ ਦੌਰਾਨ ਵਰਕਰਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਰਜਿੰਦਰ ਗੁਪਤਾ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਦੀ ਕੜੀ ਨਿੰਦਾ ਕੀਤੀ | ਇਸ ਮੌਕੇ ਪਰਮਿੰਦਰ ਸੰਧੂ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੇ ਮਾਣ ਸਨਮਾਨ ਨੂੰ ਠੁਕਰਾਉਂਦੇ ਹੋਏ ਰਜਿੰਦਰ ਗੁਪਤਾ ਵਲੋਂ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਾ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਹੈ | ਇਸ ਮੌਕੇ ਸੂਬਾ ਜਨਰਲ ਸਕੱਤਰ ਕਵਲਦੀਪ ਸਿੰਘ, ਹਰਦੀਪ, ਹਰਮੀਤ, ਰਵਿੰਦਰ ਗਿੱਲ, ਸ਼ਿਵਰਾਜ, ਤੇਜਿੰਦਰ ਖਹਿਰਾ, ਐਮ.ਪੀ. ਜਵੱਦੀ, ਵਿਸ਼ਾਲ ਸ਼ਰਮਾ, ਸੁਖਮਿੰਦਰ ਸੋਨੀ, ਸਨੀ ਬੇਦੀ, ਕਾਲੀ ਘਲੀ, ਤਨੂਦੀਪ ਸਿੰਘ, ਵਿਕੀ ਚਾਹਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਸ਼ਾਮਿਲ ਸਨ |
'ਆਪ' ਆਗੂਆਂ ਵਲੋਂ ਅਸ਼ੋਕ ਮਿੱਤਲ, ਹਰਭਜਨ ਸਿੰਘ ਤੇ ਰਜਿੰਦਰ ਗੁਪਤਾ ਖ਼ਿਲਾਫ਼ ਪ੍ਰਦਰਸ਼ਨ <br/>
ਅਜੀਤ ਡੈਸਕ
26-04-2026