ਇਨਵਰਟਰ ਵੀ ਦੇਣ ਲੱਗੇ ਜਵਾਬ
ਸ਼ਿਵ ਸ਼ਰਮਾ
ਜਲੰਧਰ, 25 ਅਪ੍ਰੈਲ-ਪਾਵਰਕਾਮ ਵਲੋਂ ਲਾਈਨਾਂ ਦੀ ਸਾਂਭ-ਸੰਭਾਲ ਦਾ ਕੰਮ ਕਰਨ ਤੋਂ ਇਲਾਵਾ ਬਿਜਲੀ ਦੀ ਭਾਰੀ ਕਮੀ ਕਰਕੇ ਲੋਕਾਂ ਨੂੰ ਦਿਨ ਵੇਲੇ ਤਾਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਰਾਤ ਵੀ ਬਿਜਲੀ ਦੇ ਲੰਬੇ ਕੱਟਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ, ਕਿਉਂਕਿ ਇਕ ਤਾਂ ਲੰਬੇ-ਲੰਬੇ ਲੱਗ ਰਹੇ ਕੱਟਾਂ ਨਾਲ ਇਨਵਰਟਰ ਜਵਾਬ ਦੇਣ ਲੱਗੇ ਪਏ ਹਨ ਤੇ ਦੂਜਾ ਪੰਜਾਬ ਸਮੇਤ ਜ਼ਿਆਦਾਤਰ ਰਾਜਾਂ ਵਿਚ ਰਿਕਾਰਡ ਪੈ ਰਹੀ ਗਰਮੀ ਕਾਰਨ ਬਿਜਲੀ ਐਕਸਚੇਂਜ ਵਿਚ ਬਿਜਲੀ ਨਹੀਂ ਮਿਲ ਰਹੀ ਹੈ | ਪਾਵਰਕਾਮ ਦਾ ਜਿੱਥੇ ਯਤਨ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਬਿਜਲੀ ਖ਼ਰੀਦ ਕੇ ਉਪਲਬਧ ਕਰਵਾਏ ਪਰ ਦੇਸ਼ ਦੇ ਕਈ ਹਿੱਸਿਆਂ ਵਿਚ ਰਿਕਾਰਡ ਗਰਮੀ ਨਾਲ ਬਿਜਲੀ ਦੀ ਮੰਗ ਵਿਚ ਭਾਰੀ ਵਾਧਾ ਹੋਇਆ ਹੈ ਤੇ ਇਸ ਵੇਲੇ ਕਿਸੇ ਵੀ ਸੂਬੇ ਕੋਲ ਵਾਧੂ ਬਿਜਲੀ ਮੌਜੂਦ ਨਹੀਂ ਹੈ ਜਿਹੜਾ ਕਿ ਉਹ ਬਿਜਲੀ ਐਕਸਚੇਂਜ ਵਿਚ ਬਿਜਲੀ ਵੇਚਣ 'ਤੇ ਲਗਾਈ ਹੋਵੇ | ਉੱਧਰ ਸ਼ੁੱਕਰਵਾਰ ਰਾਤ ਨੂੰ ਪਹਿਲਾਂ 9 ਵਜੇ ਤੋਂ ਲੈ ਕੇ 11 ਵਜੇ ਤੱਕ ਦੇ ਕਰੀਬ ਕੱਟ ਲਗਾਇਆ ਗਿਆ ਸੀ ਤਾਂ ਇਸ ਤੋਂ ਬਾਅਦ ਦੇਰ ਰਾਤ ਬਿਜਲੀ ਦਾ ਕੱਟ ਲਗਾ ਸੀ ਪਰ ਸਨਿੱਚਰਵਾਰ ਨੂੰ ਸਵੇਰੇ 5 ਵਜੇ ਬਿਜਲੀ ਦੇ ਲੋਕਾਂ ਨੂੰ ਦਰਸ਼ਨ ਹੋਏ ਜਦਕਿ ਕਈ ਇਲਾਕਿਆਂ ਵਿਚ 5 ਵਜੇ ਤੋਂ ਬਾਅਦ ਵੀ ਬਿਜਲੀ ਬੰਦ ਰਹੀ | ਸ਼ੁੱਕਰਵਾਰ ਰਾਤ ਨੂੰ ਜਦੋਂ 9 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਦੋ ਘੰਟੇ ਦਾ ਕੱਟ ਲੱਗਾ ਤਾਂ ਕਈ ਲੋਕਾਂ ਵਲੋਂ ਇਹ ਫ਼ੋਨ ਕਰਕੇ ਪਾਵਰਕਾਮ ਦੇ ਅਫ਼ਸਰਾਂ ਤੋਂ ਇਹ ਜਾਣਕਾਰੀ ਲਈ ਜਾ ਰਹੀ ਸੀ ਕਿ ਇਹ ਬਿਜਲੀ ਦਾ ਕੱਟ ਇਕ ਦਿਨ ਹੀ ਲੱਗੇਗਾ ਜਾਂ ਫਿਰ ਇਹ ਰਾਤ ਨੂੰ ਹੀ ਲੱਗਿਆ ਕਰਨਗੇ | ਪਾਵਰਕਾਮ ਵਲੋਂ 21 ਤੋਂ 26 ਅਪ੍ਰੈਲ ਤੱਕ ਪਹਿਲੇ ਗੇੜ ਵਿਚ ਲਾਈਨਾਂ ਦੀ ਸਾਂਭ-ਸੰਭਾਲ ਲਈ ਕੱਟ ਲਗਾਏ ਜਾ ਰਹੇ ਹਨ | ਸ਼ੁੱਕਰਵਾਰ ਰਾਤ ਨੂੰ ਜਦੋਂ ਬਿਜਲੀ ਦੇ ਕੱਟ ਲੱਗੇ ਤਾਂ ਲੋਕਾਂ ਨੂੰ ਉਸ ਵੇਲੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਅਪ੍ਰੈਲ ਮਹੀਨੇ ਦੇ ਤੀਜੇ ਹਫ਼ਤੇ ਵਿਚ ਗਰਮੀ ਨੇ ਆਪਣਾ ਪ੍ਰਕੋਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਦੇ ਨਾਲ ਪਾਵਰਕਾਮ ਦੀਆਂ ਵੀ ਚਿੰਤਾਵਾਂ ਵਧ ਗਈਆਂ ਹਨ | ਬਿਜਲੀ ਦੀ ਮੰਗ ਲਗਾਤਾਰ ਸਗੋਂ ਰੋਜ਼ਾਨਾ ਹੀ ਸ਼ਿਖਰਾਂ 'ਤੇ ਜਾ ਰਹੀ ਹੈ | ਬਿਜਲੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਜੇਕਰ ਗਰਮੀ ਦੇ ਪ੍ਰਕੋਪ ਵਿਚ ਕਮੀ ਨਾ ਆਈ ਤਾਂ ਇਸ ਨਾਲ ਬਿਜਲੀ ਸੰਕਟ ਦੇ ਹਾਲਾਤ ਹੋਰ ਵਿਗੜ ਸਕਦੇ ਹਨ | ਇਸ ਵੇਲੇ ਏ. ਸੀ. ਦਾ ਪੂਰਾ ਲੋਡ ਚੱਲਣ ਕਰਕੇ ਹੀ ਬਿਜਲੀ ਦੀ ਰਿਕਾਰਡ ਮੰਗ ਵਿਚ ਵਾਧਾ ਹੋਇਆ ਹੈ ਤੇ ਉਂਜ ਸਸਤੀ ਬਿਜਲੀ ਹੋਣ ਕਰਕੇ ਸੂਬੇ ਵਿਚ ਕੂਲਰਾਂ ਦੀ ਮੰਗ ਵਿਚ ਭਾਰੀ ਕਮੀ ਆਈ ਹੈ ਜਦਕਿ ਏ. ਸੀ. ਵਿੱਕਰੀ ਹਰ ਸਾਲ ਵਧ ਰਹੀ ਹੈ | ਕਈ ਉਨ੍ਹਾਂ ਇਲਾਕਿਆਂ ਵਿਚ ਵੀ ਏ. ਸੀ. ਦੀ ਭਰਮਾਰ ਹੋ ਗਈ ਹੈ ਜਿਨ੍ਹਾਂ 'ਤੇ ਪਹਿਲਾਂ ਹੀ ਟਰਾਂਸਫਾਰਮ ਜ਼ਿਆਦਾ ਲੋਡ ਵਾਲੇ ਚੱਲ ਰਹੇ ਹਨ | ਟਰਾਂਸਫ਼ਾਰਮਰਾਂ 'ਤੇ ਹੋਰ ਏ. ਸੀ. ਲੱਗਣ ਨਾਲ ਟਰਾਂਸਫ਼ਾਰਮਰਾਂ 'ਤੇ ਲੋਡ ਵਧ ਜਾਂਦਾ ਹੈ ਜਿਸ ਕਰਕੇ ਬਿਜਲੀ ਸਪਲਾਈ ਵਿਚ ਨੁਕਸ ਪੈ ਰਹੇ ਹਨ ਤਾਂ ਪਾਵਰਕਾਮ ਨੂੰ ਖ਼ਰਾਬ ਲਾਈਨਾਂ ਦੀ ਮੁਰੰਮਤ ਕਰਨ ਲਈ ਅਲੱਗ ਤੋਂ ਬਿਜਲੀ ਸਪਲਾਈ ਬੰਦ ਕਰਨੀ ਪੈ ਰਹੀ ਹੈ | ਗਰਮੀ ਦੇ ਇਸ ਪ੍ਰਕੋਪ ਵਾਲੇ ਸੀਜ਼ਨ ਵਿਚ ਪਾਵਰਕਾਮ ਨੂੰ ਦੋਹਰਾ ਨੁਕਸਾਨ ਹੋ ਰਿਹਾ ਹੈ | ਇਕ ਤਾਂ ਜ਼ਿਆਦਾ ਸਮੇਂ ਤੱਕ ਬਿਜਲੀ ਬੰਦ ਹੋਣ ਕਰਕੇ ਉਸ ਦੀ ਵਿੱਤੀ ਵਸੂਲੀ ਵਿਚ ਕਮੀ ਆਵੇਗੀ ਕਿਉਂਕਿ ਜਿਸ ਸਮੇਂ ਵਿਚ ਉਸ ਨੇ ਬਿਜਲੀ ਵੇਚਣੀ ਹੁੰਦੀ ਹੈ, ਉਸ ਜ਼ਿਆਦਾ ਸਮੇਂ ਵਿਚ ਬਿਜਲੀ ਬੰਦ ਰਹਿੰਦੀ ਹੈ |
ਲੋਕਾਂ ਨੂੰ ਰਾਤ ਸਮੇਂ ਸਤਾਉਣ ਲੱਗੇ ਬਿਜਲੀ ਦੇ ਕੱਟ
ਅਜੀਤ ਡੈਸਕ
26-04-2026