ਬਿਜਲੀ ਦੀ ਮੰਗ ਦਾ ਅੰਕੜਾ 12000 ਮੈਗਾਵਾਟ ਤੋਂ ਪਾਰ
ਅਜੀਤ ਡੈਸਕ
26-04-2026
ਬਠਿੰਡਾ ਤੇ ਫ਼ਰੀਦਕੋਟ ਭੱਠੀ ਵਾਂਗ ਤਪੇ
ਲਹਿਰਾ ਮੁਹੱਬਤ, 25 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਬੀਤੇ ਕੱਲ੍ਹ ਨਾਲੋਂ ਅੱਜ ਹੋਰ ਵਧੀ ਤਪਸ਼ ਨੇ ਜਿੱਥੇ ਸੂਬੇ ਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ, ਉਥੇ ਸੂਬੇ ਭਰ ਵਿਚ ਅੱਜ ਸਵੇਰ ਤੋਂ ਹੀ ਬਿਜਲੀ ਦੀ ਮੰਗ ਨੇ 12076 ਮੈਗਾਵਾਟ ਦੇ ਅੰਕੜੇ ਨੂੰ ਛੂਹਣ ਕਰਕੇ ਪਾਵਰਕਾਮ ਨੂੰ ਬੇਹਾਲ ਕਰ ਦਿੱਤਾ ਹੈ | ਜਿਸ ਕਰਕੇ ਅੱਜ ਬੀਤੇ ਦਿਨ ਨਾਲੋਂ 576 ਮੈਗਾਵਾਟ ਦੇ ਇਕਦਮ ਵਾਧੇ ਕਰਕੇ ਪਾਵਰਕਾਮ ਨੂੰ 7191 ਮੈਗਾਵਾਟ ਬਿਜਲੀ ਬਾਹਰੋਂ ਪ੍ਰਾਪਤ ਕਰਨੀ ਪਈ | ਮੌਸਮ ਵਿਭਾਗ ਅਨੁਸਾਰ ਅੱਜ ਤੇਜ਼ ਗਰਮੀ ਦੇ ਕਹਿਰ ਕਾਰਨ ਸੂਬੇ ਭਰ 'ਚੋਂ ਬਠਿੰਡਾ ਤੇ ਫ਼ਰੀਦਕੋਟ ਭੱਠ ਵਾਂਗ ਤਪੇ ਤੇ ਜਿਥੋਂ ਦਾ ਤਾਪਮਾਨ ਦਾ 42-44 ਡਿਗਰੀ ਤੱਕ ਦਰਜ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ 24 ਅਪ੍ਰੈਲ ਨੂੰ ਸੂਬੇ ਵਿਚ ਵੱਧ ਤੋਂ ਵੱਧ 11,500 ਮੈਗਾਵਾਟ ਬਿਜਲੀ ਦੀ ਮੰਗ ਰਹੀ ਤੇ ਪਾਵਰਕਾਮ ਨੂੰ ਵਾਰ-ਵਾਰ ਕੱਟ ਲਾ ਕੇ ਡੰਗ ਟਪਾਉਣਾ ਪਿਆ | ਜਿੱਥੇ ਦਿਨ-ਰਾਤ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਅੱਕੇ ਹੋਏ ਹਨ | ਦੂਜੇ ਪਾਸੇ ਪਾਵਰਕਾਮ ਦੇ ਸਰਕਾਰੀ ਖੇਤਰ ਦੇ ਲਹਿਰਾ ਮੁਹੱਬਤ, ਗੋਇੰਦਵਾਲ ਤੇ ਰੋਪੜ ਦੇ ਤਿੰਨਾਂ ਤਾਪ ਬਿਜਲੀ ਘਰਾਂ ਦੇ 10 ਯੂਨਿਟਾਂ 'ਚੋਂ ਰੋਪੜ ਦਾ ਇਕ ਯੂਨਿਟ ਬੰਦ ਹੈ ਤੇ 9 ਯੂਨਿਟ 1505 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ | ਪਣ ਬਿਜਲੀ ਘਰਾਂ ਤੋਂ ਇਲਾਵਾ ਸੋਲਰ ਤੇ ਨਾਨ ਸੋਲਰ 202 ਤੇ 462 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ | ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਵੇਦਾਂਤਾ ਗਰੱੁਪ ਦੇ ਤਲਵੰਡੀ ਸਾਬੋ ਤੇ ਰਾਜਪੁਰਾ ਤਾਪ ਬਿਜਲੀ ਘਰਾਂ ਦੇ 5 ਯੂਨਿਟਾਂ ਤੋਂ 2773 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ | ਪੰਜਾਬ ਦੇ ਕੁਲ ਉਤਪਾਦਨ 4842 ਮੈਗਾਵਾਟ ਵਿਚ ਬਾਹਰੀ ਸਰੋਤਾਂ ਤੇ ਕੇਂਦਰੀ ਪੂਲ ਤੋਂ 7191 ਮੈਗਾਵਾਟ ਬਿਜਲੀ ਪ੍ਰਾਪਤ ਕਰਕੇ ਸੂਬੇ ਵਿਚ ਵਧੀ ਗਰਮੀ ਕਾਰਨ ਮੰਗ ਪੂਰੀ ਕੀਤੀ ਗਈ | ਇਸ ਸਥਿਤੀ ਵਿਚ ਵੱਧ ਰਹੀ ਤੇਜ਼ ਗਰਮੀ ਤੋਂ ਅਨੁਮਾਨ ਹੈ ਲਾਇਆ ਜਾ ਰਿਹਾ ਹੈ ਕਿ ਅਗਲੇ ਮਹੀਨੇ ਬਿਜਲੀ ਦੀ ਮੰਗ 17000 ਮੈਗਾਵਾਟ ਦਾ ਅੰਕੜਾ ਪਾਰ ਕਰ ਸਕਦੀ ਹੈ | ਜੋ ਪਾਵਰਕਾਮ ਅੱਗੇ ਵੱਡੀ ਚੁਣੌਤੀ ਬਣੇਗਾ |