ਨਵੀਂ ਦਿੱਲੀ, 25 ਅਪ੍ਰੈਲ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ ਚੋਣਾਂ ਦਰਮਿਆਨ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਦੋ ਬੰਗਾਲੀ ਸ਼ਖ਼ਸੀਅਤਾਂ ਨੂੰ ਨੀਤੀ ਆਯੋਗ 'ਚ ਸ਼ਾਮਿਲ ਕੀਤਾ ਹੈ | ਪੱਛਮੀ ਬੰਗਾਲ 'ਚ ਭਾਜਪਾ ਦੇ ਵਿਧਾਇਕ ਅਤੇ ਮਸ਼ਹੂਰ ਅਰਥ ਸ਼ਾਸਤਰੀ ਅਸ਼ੋਕ ਕੁਮਾਰ ਲਹਿਰੀ ਨੂੰ ਨੀਤੀ ਆਯੋਗ ਦਾ ਅਗਲਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਉਹ ਮੌਜੂਦਾ ਉਪ ਚੇਅਰਪਰਸਨ ਸੁਮਨ ਬੇਰੀ ਦੀ ਥਾਂਅ ਲੈਣਗੇ | ਇਸ ਤੋਂ ਇਲਾਵਾ ਮਸ਼ਹੂਰ ਸਾਇੰਸਦਾਨ ਡਾ. ਗੋਬਰਧਨ ਦਾਸ ਨੂੰ ਮੈਂਬਰ ਬਣਾਇਆ ਗਿਆ | ਅਸ਼ੋਕ ਲਹਿਰੀ ਫਿਲਹਾਲ ਬਾਲੁਰਘਾਟ ਸੀਟ ਤੋਂ ਵਿਧਾਇਕ ਹਨ | ਹਾਲਾਂਕਿ ਇਸ ਵਾਰ ਉਹ ਚੋਣ ਨਹੀਂ ਲੜ ਰਹੇ | ਦੱਸਣਯੋਗ ਹੈ ਕਿ ਲਹਿਰੀ ਦਸੰਬਰ 2002 'ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਮੁੱਖ ਆਰਥਿਕ ਸਲਾਹਕਾਰ ਸਨ | ਗੋਬਰਧਨ ਦਾਸ ਆਈ. ਆਈ. ਐਸ. ਈ. ਆਰ. ਭੋਪਾਲ ਦੇ ਡਾਇਰੈਕਟਰ ਵਜੋਂ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ | ਭਾਜਪਾ ਨਾਲ ਜੁੜੇ ਹੋਏ ਦਾਸ ਨੇ 2021 'ਚ ਪੱਛਮੀ ਬੰਗਾਲ ਚੋਣਾਂ 'ਚ ਪੂਰਬਸਖਲੀ ਉੱਤਰ ਸੀਟ ਤੋਂ ਚੋਣਾਂ ਲੜੇ ਸਨ, ਪਰ ਹਾਰ ਗਏ ਸਨ | ਇਸ ਦੌਰਾਨ ਨੀਤੀ ਆਯੋਗ ਦੇ ਨਵੇਂ ਉਪ ਚੇਅਰਮੈਨ ਅਸ਼ੋਕ ਲਹਿਰੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੀਤੀ ਆਯੋਗ ਦੇ ਚੇਅਰਮੈਨ ਹਨ |