ਨਵੀਂ ਦਿੱਲੀ, 25 ਅਪ੍ਰੈਲ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਨੇ 7 ਰਾਜ ਸਭਾ ਮੈਂਬਰਾਂ ਨੂੰ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਦੇ ਫੈਸਲੇ ਨੂੰ ਅਸੰਵਿਧਾਨਕ ਦੱਸਦਿਆਂ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ | 'ਆਪ' ਨੇਤਾ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਰਾਜ ਸਭਾ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਇਨ੍ਹਾਂ ਮੈਂਬਰਾਂ ਨੂੰ ਉਪਰਲੇ ਸਦਨ ਤੋਂ ਅਯੋਗ ਐਲਾਨਣ ਦੀ ਅਪੀਲ ਕਰੇਗੀ | ਸੰਜੇ ਸਿੰਘ ਨੇ ਕਿਹਾ ਕਿ ਦਲ-ਬਦਲ ਵਿਰੋਧੀ ਕਾਨੂੰਨ ਸਪੱਸ਼ਟ ਤੌਰ 'ਤੇ ਕਹਿੰਦਾ ਹੈ ਕਿ ਰਾਜ ਸਭਾ ਅਤੇ ਲੋਕ ਸਭਾ 'ਚ ਕਿਸੇ ਵੀ ਤਰ੍ਹਾਂ ਦੇ ਵੰਡ ਜਾਂ ਧੜੇ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ, ਭਾਵੇਂ ਉਸ 'ਚ ਦੋ ਤਿਹਾਈ ਬਹੁਮਤ ਹੀ ਕਿਉਂ ਨਾ ਹੋਵੇ | ਉਨ੍ਹਾਂ ਕਿਹਾ ਕਿ ਇਹ ਅਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ | 'ਆਪ' ਨੇਤਾ ਨੇ ਕਿਹਾ ਕਿ ਨਾ ਤਾਂ ਦਲ-ਬਦਲੀ ਵਿਰੋਧੀ ਕਾਨੂੰਨ ਅਤੇ ਨਾ ਹੀ ਸੰਵਿਧਾਨ ਦੀ ਦਸਵੀਂ ਅਨੁਸੂਚੀ ਰਾਜ ਸਭਾ ਜਾਂ ਲੋਕ ਸਭਾ ਵਿਚ ਕਿਸੇ ਵੀ ਕਿਸਮ ਦੀ ਵੰਡ, ਟੁੱਟਣ ਵਾਲੇ ਧੜੇ ਜਾਂ ਸਮੂਹ ਨੂੰ ਦੋ-ਤਿਹਾਈ ਬਹੁਮਤ ਦੇ ਬਾਵਜੂਦ ਮਾਨਤਾ ਦਿੰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਮੈਂ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਨੂੰ ਸੱਤ ਰਾਜ ਸਭਾ ਮੈਂਬਰਾਂ ਨੂੰ ਅਯੋਗ ਠਹਿਰਾਉਣ ਲਈ ਪੱਤਰ ਲਿਖ ਰਿਹਾ ਹਾਂ | ਉਨ੍ਹਾਂ ਕਿਹਾ ਕਿ ਭਾਜਪਾ 'ਚ ਸ਼ਾਮਲ ਹੋਣ ਦਾ ਐਲਾਨ ਕਰਨ ਵਾਲੇ ਸੱਤ ਰਾਜ ਸਭਾ ਮੈਂਬਰ ਪੂਰੀ ਤਰ੍ਹਾਂ 'ਸੰਵਿਧਾਨਕ ਅਤੇ ਗੈਰ-ਕਾਨੂੰਨੀ' ਹਨ |