ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਿਛਲੇ ਇਕ ਹਫ਼ਤੇ ਤੋਂ ਸਖ਼ਤ ਸੁਰੱਖਿਆ ਤਾਲਾਬੰਦੀ ਹੇਠ ਹੈ, ਜਿਸ ਨਾਲ ਆਮ ਜੀਵਨ ਬੁਰੀ ਤਰ੍ਹਾਂ ਵਿਘਨ ਪੈ ਰਿਹਾ ਹੈ | ਇਸ ਦੌਰਾਨ ਅਮਰੀਕਾ ਅਤੇ ਈਰਾਨ ਵਿਚਕਾਰ ਸੰਭਾਵਿਤ ਦੂਜੇ ਦੌਰ ਦੀ ਗੱਲਬਾਤ ਸੰਬੰਧੀ ਸਥਿਤੀ ਹੋਰ ਵੀ ਅਨਿਸ਼ਚਿਤ ਬਣੀ ਹੋਈ ਹੈ | ਸ਼ਹਿਰ 'ਚ ਆਉਣ ਵਾਲੀਆਂ ਮੁੱਖ ਸੜਕਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ, ਜਦੋਂਕਿ ਰੈੱਡ ਜ਼ੋਨ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ, ਜਿਥੇ ਸਰਕਾਰੀ ਇਮਾਰਤਾਂ ਅਤੇ ਵਿਦੇਸ਼ੀ ਦੂਤਾਵਾਸ ਸਥਿਤ ਹਨ | ਇਸਲਾਮਾਬਾਦ ਦੇ ਵਪਾਰਕ ਬਲੂ ਏਰੀਆ ਦੇ ਬਾਜ਼ਾਰ ਸੁੰਨਸਾਨ ਹਨ | ਕੈਫ਼ੇ, ਰੈਸਟੋਰੈਂਟ, ਹੋਟਲ ਅਤੇ ਜਨਤਕ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ | ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨਾਲ ਲੋਕ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ | ਉਥੋਂ ਦੇ ਸਥਾਨਕ ਲੋਕਾਂ ਅਨੁਸਾਰ ਇਹ ਕੁਝ ਦਿਨਾਂ 'ਚ ਦੂਜੀ ਤਾਲਾਬੰਦੀ ਹੈ | ਪਹਿਲਾਂ 11 ਅਪ੍ਰੈਲ ਨੂੰ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਦੌਰਾਨ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਸੀ, ਜੋ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ ਸੀ | ਇਸ ਤੋਂ ਬਾਅਦ ਕੁਝ ਸਮੇਂ ਲਈ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ ਪਰ ਕੂਟਨੀਤਕ ਗਤੀਵਿਧੀਆਂ ਕਾਰਨ ਸ਼ਹਿਰ ਨੂੰ ਦੁਬਾਰਾ ਬੰਦ ਕਰਨਾ ਪਿਆ |