• ਸੁਰੱਖਿਆ ਕਰਮੀਆਂ ਨੇ ਟਰੰਪ, ਵੈਂਸ ਤੇ ਹੋਰਨਾਂ
ਨੂੰ ਸੁਰੱਖਿਅਤ ਬਾਹਰ ਕੱਢਿਆ • ਮੋਦੀ ਸਮੇਤ ਦੁਨੀਆ ਭਰ ਦੇ ਨੇਤਾਵਾਂ ਵਲੋਂ ਘਟਨਾ ਦੀ ਸਖ਼ਤ ਨਿੰਦਾ
• ਵਾਈਟ ਹਾਊਸ ਦੇ ਪੱਤਰਕਾਰਾਂ ਨੂੰ ਦਿੱਤੇ ਰਾਤਰੀ ਖਾਣੇ ਦੌਰਾਨ ਵਾਪਰੀ ਘਟਨਾ • ਹਮਲਾਵਰ ਕਾਬੂ-ਇਕ ਪੁਲਿਸ ਮੁਲਾਜ਼ਮ ਜ਼ਖ਼ਮੀ
ਵਾਸ਼ਿੰਗਟਨ, 26 ਅਪ੍ਰੈਲ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਥੋਂ ਦੇ ਹਿਲਟਨ ਹੋਟਲ 'ਚ ਵਾਈਟ ਹਾਊਸ ਦੇ ਪੱਤਰਕਾਰਾਂ ਦੀ ਐਸੋਸੀਏਸ਼ਨ ਨੂੰ ਦਿੱਤੇ ਰਾਤ ਦੇ ਖਾਣੇ ਵਾਲੇ ਪ੍ਰੋਗਰਾਮ 'ਚ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਮੁੱਖ ਹਾਲ ਦੇ ਪ੍ਰਵੇਸ਼ ਦੁਆਰ ਤੋਂ ਇਕ ਹਮਲਾਵਰ ਨੇ ਅੰਦਰ ਵੜਨ ਦੀ ਕੋਸ਼ਿਸ਼ ਕਰਦਿਆਂ ਗੋਲੀਆਂ ਚਲਾ ਦਿੱਤੀਆਂ, ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ, ਪਹਿਲੀ ਔਰਤ ਮਿਲੇਨੀਆ ਟਰੰਪ, ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਰੱਖਿਆ ਮੰਤਰੀ ਪੀਟ ਹੇਗਸੇਠ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਸਮੇਤ ਕਈ ਕੈਬਨਿਟ ਮੰਤਰੀ, ਅਮਰੀਕੀ ਖੁਫੀਆ ਵਿਭਾਗ ਦੀ ਡਾਇਰੈਕਟਰ ਤੁਲਸੀ ਗਬਾਰਡ ਤੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਸਟੇਜ 'ਤੇ ਮੌਜੂਦ ਸਨ, ਜਦੋਂਕਿ ਸੈਂਕੜੇ ਪੱਤਰਕਾਰ ਹਾਲ 'ਚ ਮੌਜੂਦ ਸਨ | ਗੋਲੀਬਾਰੀ ਦੀ ਘਟਨਾ ਮੌਕੇ ਗੁਪਤ ਸੇਵਾਵਾਂ ਦੇ ਏਜੰਟਾਂ ਨੇ ਤੁਰੰਤ ਹਰਕਤ 'ਚ ਆਉਂਦਿਆਂ ਰਾਸ਼ਟਰਪਤੀ, ਪਹਿਲੀ ਔਰਤ ਤੇ ਉਪ ਰਾਸ਼ਟਰਪਤੀ ਸਮੇਤ ਹੋਰਨਾਂ ਪ੍ਰਮੱਖ ਸ਼ਖਸੀਅਤਾਂ ਨੂੰ ਘੇਰੇ 'ਚ ਲੈਂਦਿਆਂ ਸੁਰੱਖਿਅਤ ਸਥਾਨ 'ਤੇ ਪਹੁੰਚਾ ਦਿੱਤਾ ਗਿਆ | ਸੁਰੱਖਿਆ ਅਧਿਕਾਰੀਆਂ ਦੇ ਮੁਤਾਬਕ ਹਮਲਾਵਰ ਵਲੋਂ 7 ਤੋਂ 8 ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਕੁਝ ਗੋਲੀਆਂ ਸੁਰੱਖਿਆ ਲਈ ਤਾਇਨਾਤ ਜਵਾਨ ਨੂੰ ਵੀ ਲੱਗੀਆਂ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਪਰ ਬੁਲੇਟ ਪਰੂਫ਼ ਜੈਕਟ ਪਾਈ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ | ਕੁਝ ਦੇਰ ਬਾਅਦ ਟਰੰਪ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮਲਾਵਰ ਫੜਿਆ ਗਿਆ ਹੈ | ਉਨ੍ਹਾਂ ਹਮਲਾਵਰ ਨੂੰ ਬਿਮਾਰ ਕਰਾਰ ਦਿੱਤਾ | ਟਰੰਪ ਨੇ ਸੋਸ਼ਲ ਮੀਡੀਆ ਮੰਚ 'ਟਰੁੱਥ' ਉਤੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ 'ਚ ਇਕ ਬਿਨਾ ਕਮੀਜ਼ ਵਾਲਾ ਆਦਮੀ, ਜਿਸ ਦੇ ਹੱਥ ਪਿੱਛੇ ਬੰਨ੍ਹੇ ਹੋਏ ਹਨ, ਉਸ ਨੂੰ ਫਰਸ਼ 'ਤੇ ਲੰਮਾ ਪਾਇਆ ਹੋਇਆ ਹੈ |
ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਸਨ ਨਿਸ਼ਾਨੇ 'ਤੇ-ਬਲੈਂਚ
ਕਾਰਜਕਾਰੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਦੇ ਨਿਸ਼ਾਨੇ 'ਤੇ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਸਨ, ਜਿਥੇ ਉਸ ਨੇ ਹਾਲ ਦੇ ਚੈੱਕਪੁਆਇੰਟ 'ਤੇ ਉਨ੍ਹਾਂ ਨੂੰ ਨਿਸ਼ਾਣਾ ਬਣਾਇਆ | ਬਲੈਂਚ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਹਮਲਾਵਰ ਨੇ ਕੈਲੀਫੋਰਨੀਆ ਤੋਂ ਸ਼ਿਕਾਗੋ ਅਤੇ ਫਿਰ ਵਾਸ਼ਿੰਗਟਨ ਤੱਕ ਰੇਲਗੱਡੀ ਰਾਹੀਂ ਯਾਤਰਾ ਕੀਤੀ, ਜਿਥੇ ਉਸ ਨੇ ਉਸ ਹੋਟਲ ਵਿਚ ਮਹਿਮਾਨ ਵਜੋਂ 'ਚੈੱਕ ਇਨ', ਜਿਥੇ ਸਨਿਚਰਵਾਰ ਰਾਤ ਨੂੰ ਵਾਸ਼ਿੰਗਟਨ ਦੇ ਸਭ ਤੋਂ ਸ਼ਾਨਦਾਰ ਸਮਾਗਮਾਂ 'ਚੋਂ ਇਕ ਕਰਵਾਇਆ ਜਾ ਰਿਹਾ ਸੀ | ਇਸ ਵਿਚਕਾਰ ਸੰਘੀ ਜਾਂਚ ਏਜੰਸੀ (ਐਫ.ਬੀ.ਆਈ.) ਅਤੇ ਪੁਲਿਸ ਨੇ ਕੈਲੀਫੋਰਨੀਆ ਦੇ ਟਾੱਰੈਂਸ ਇਲਾਕੇ 'ਚ ਸਥਿਤ ਉਸ ਘਰ ਦੀ ਤਲਾਸ਼ੀ ਲਈ, ਜਿਸ ਦੇ ਸ਼ੱਕੀ ਹਮਲਾਵਰ ਨਾਲ ਜੁੜੇ ਹੋਣ ਦਾ ਸ਼ੱਕ ਹੈ |
ਹਮਲਾਵਰ ਕੋਲ ਸਨ ਕਈ ਹਥਿਆਰ
ਮੈਟਰੋਪਾਲੀਟਿਨ ਪੁਲਿਸ ਵਿਭਾਗ ਦੇ ਅੰਤਰਿਮ ਮੁਖੀ ਜੈਫਰੀ ਕੈਰੋਲ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਉਸੇ ਵਾਸ਼ਿੰਗਟਨ ਹਿਲਟਨ ਹੋਟਲ ਦਾ ਮਹਿਮਾਨ ਸੀ, ਜਿਥੇ ਪੋ੍ਰਗਰਾਮ ਹੋ ਰਿਹਾ ਸੀ | ਉਨ੍ਹਾਂ ਦੱਸਿਆ ਕਿ ਹਮਲਾਵਰ ਕੋਲ ਸ਼ਾੱਟਗੰਨ, ਇਕ ਹੈਾਡਗੰਨ ਅਤੇ ਕਈ ਚਾਕੂ ਸਨ | ਉਨ੍ਹਾਂ ਦੱਸਿਆ ਕਿ ਸ਼ੱਕੀ ਨੂੰ ਕੋਈ ਗੋਲੀ ਨੂੰ ਨਹੀਂ ਲੱਗੀ ਅਤੇ ਸ਼ੁਰੂਆਤੀ ਜਾਂਚ ਤੋਂ ਲੱਗਦਾ ਹੈ ਕਿ ਉਹ ਇਕੱਲਾ ਹਮਲਾਵਰ ਸੀ | ਜੈਫਰੀ ਨੇ ਕਿਹਾ ਕਿ ਗੋਲੀ ਚੱਲਣ ਦਾ ਮਤਲਬ ਇਹ ਨਹੀਂ ਹੈ ਕਿ ਸੁਰੱਖਿਆ 'ਚ ਕੋਈ ਕਮੀ ਸੀ, ਜਿਸ 'ਚੈੱਕਪੁਆਇੰਟ' ਉਤੇ ਸ਼ੱਕੀ ਫੜਿਆ ਗਿਆ, ਉਹ ਖ਼ਾਸ ਵਜ੍ਹਾ ਨਾਲ ਲਗਾਇਆ ਗਿਆ ਸੀ ਅਤੇ ਉਸ ਨੇ ਆਪਣਾ ਕੰਮ ਕੀਤਾ | ਵਾਸ਼ਿੰਗਟਨ ਡੀਸੀ ਦੀ ਮੇਅਰ ਮੂਰੀਅਲ ਬਾਊਸਰ ਨੇ ਕਿਹਾ ਕਿ ਹਮਲਾਵਰ ਦਾ ਇਕ ਨੇੜਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਸ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |
ਟਿਊਟਰ ਤੇ ਕੰਪਿਊਟਰ ਪ੍ਰੋਗਰਾਮਰ ਹੈ ਹਮਲਾਵਰ
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਕੁਝ ਪੋਸਟਾਂ ਤੋਂ ਸੰਕੇਤ ਮਿਲਦਾ ਹੈ ਕਿ ਸ਼ੱਕੀ ਹਮਲਾਵਰ ਟਾੱਮਸ ਐਲਨ ਬੇਹੱਦ ਸਿੱਖਿਅਤ ਟਿਊਟਰ ਅਤੇ ਸ਼ੌਕੀਆਂ ਵੀਡੀਓ ਗੇਮ ਡਵੈੱਲਪਰ ਹੈ | ਕੈਲੀਫੋਰਨੀਆ ਦੇ ਟਾੱਰੈਂਸ ਵਾਸੀ 31 ਸਾਲਾ ਹਮਲਾਵਰ ਦੀ ਮਈ 2025 ਦੀ ਇਕ ਪ੍ਰੋਫਾਈਲ ਤਸਵੀਰ 'ਚ ਉਹ ਕੰਪਿਊਟਰ ਸਾਇੰਸ 'ਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਡੋਮੀਗੇਜ ਹਿਲਸ ਤੋਂ ਮਾਸਟਰ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਇਕ ਟੋਪੀ ਅਤੇ ਗਾਊਨ 'ਚ ਨਜ਼ਰ ਆ ਰਿਹਾ ਹੈ | ਐਲਨ ਨੇ 2017 'ਚ ਪਾਸਾਡੇਨਾ ਦੇ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ 'ਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ | ਉਥੇ ਉਸ ਨੇ ਇਕ ਈਸਾਈ ਵਿਦਿਆਰਥੀ ਸੰਗਠਨ ਅਤੇ ਕੈਂਪਸ ਦੇ ਇਕ ਅਜਿਹੇ ਸਮੂਹ 'ਚ ਆਪਣੀ ਸ਼ਮੂਲੀਅਤ ਦਰਜ ਕੀਤੀ ਸੀ, ਜੋ ਉਥੇ ਖਿਡੌਣਾ ਬੰਦੂਕ ਨਾਲ ਮੁਕਾਬਲਾ ਕਰਦੇ ਸਨ |
ਅਮਰੀਕਾ ਦੇ ਹੋਟਲ 'ਚ ਗੋਲੀਬਾਰੀ, ਵਾਲ-ਵਾਲ ਬਚੇ ਟਰੰਪ
ਅਜੀਤ ਡੈਸਕ
27-04-2026