06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਰਤ ਤੇ ਸਵਿਟਜ਼ਰਲੈਂਡ ਵਿਚਾਲੇ ਅਹਿਮ ਸਮਝੌਤੇ

ਭਾਰਤ ਤੇ ਸਵਿਟਜ਼ਰਲੈਂਡ ਵਿਚਾਲੇ ਅਹਿਮ ਸਮਝੌਤੇ

Ad Position 21
No active advertisement
ਅਜੀਤ ਡੈਸਕ 06-10-2026

ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਵਧਾਉਣ ਲਈ ਸਹਿਮਤ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 5 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਵਿਸ ਰਾਸ਼ਟਰਪਤੀ ਗਾਈ ਪਾਰਮੇਲਿਨ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਭਾਰਤ ਤੇ ਸਵਿਟਜ਼ਰਲੈਂਡ ਨੇ ਸੋਮਵਾਰ ਨੂੰ ਪ੍ਰਵਾਸ ਤੇ ਆਵਾਜਾਈ ਭਾਈਵਾਲੀ ਸਮਝੌਤੇ ’ਤੇ ਦਸਤਖਤ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਬਰਾਮਦ ਲਈ ਸਵਿਸ ਬਾਜ਼ਾਰ ਤੱਕ ਪਹੁੰਚ ਵਧਾਉਣ ਤੇ ਪ੍ਰਮਾਣੂ ਊਰਜਾ ਤੇ ਰੱਖਿਆ ਖੇਤਰਾਂ ’ਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦਾ ਫੈਸਲਾ ਕੀਤਾ। ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਜਦੋਂ ਭਾਰਤ ਤੇ ਯੂਰਪੀਅਨ ਮੁਕਤ ਵਪਾਰ ਸੰਘ ਦਰਮਿਆਨ ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤੇ (ਟੀ.ਈ.ਪੀ.ਏ.) ਨੂੰ ਲਾਗੂ ਹੋਈਆਂ ਇਕ ਸਾਲ ਹੋ ਚੁੱਕਾ ਹੈ। ਪਾਰਮੇਲਿਨ ਨੇ ਅੱਜ ਸਵੇਰੇ ਭਾਰਤ ਦੀ ਆਪਣੀ ਤਿੰਨ-ਰੋਜ਼ਾ ਯਾਤਰਾ ਸ਼ੁਰੂ ਕੀਤੀ। ਰਾਜਧਾਨੀ ਪਹੁੰਚਣ ਤੋਂ ਤੁਰੰਤ ਬਾਅਦ ਸਵਿਸ ਨੇਤਾ ਦਾ ਰਾਸ਼ਟਰਪਤੀ ਭਵਨ ਦੇ ਵਿਹੜੇ ਵਿਚ ਰਸਮੀ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਘਾਟ ਦਾ ਦੌਰਾ ਕੀਤਾ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨਾਲ ਪਾਰਮੇਲਿਨ ਦੀ ਗੱਲਬਾਤ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਵਿਸ ਨੇਤਾ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ। ਇਹ ਭਾਰਤ ਦਾ ਉਨ੍ਹਾਂ ਦਾ ਪਹਿਲਾ ਸਰਕਾਰੀ ਦੌਰਾ ਹੈ ਤੇ ਇਸ ਸਾਲ ਦਾ ਦੂਜਾ ਦੌਰਾ ਹੈ। ਉਹ ਇਸ ਤੋਂ ਪਹਿਲਾਂ ਫਰਵਰੀ ’ਚ ‘ਏ.ਆਈ. ਇਮਪੈਕਟ ਸਮਿਟ’ ਵਿਚ ਹਿੱਸਾ ਲੈਣ ਲਈ ਭਾਰਤ ਆਏ ਸਨ। ਆਪਣੇ ਮੀਡੀਆ ਬਿਆਨ ’ਚ ਮੋਦੀ ਨੇ ਕਿਹਾ ਕਿ ਸਵਿਟਜ਼ਰਲੈਂਡ ’ਚ ਭਾਰਤੀ ਬਰਾਮਦ ਲਈ ਬਾਜ਼ਾਰ ਤੱਕ ਪਹੁੰਚ ਵਧਾਉਣ ਤੇ ਦੋਵਾਂ ਦੇਸ਼ਾਂ ਵਿਚਕਾਰ ਨਿਵੇਸ਼ ਨੂੰ ਹੋਰ ਸੁਖਾਲਾ ਬਣਾਉਣ ਲਈ ਕਈ ਅਹਿਮ ਫ਼ੈਸਲੇ ਲਏ ਗਏ ਹਨ। ਸਵਿਟਜ਼ਰਲੈਂਡ ਯੂਰਪ ’ਚ ਭਾਰਤ ਦਾ ਇਕ ਪ੍ਰਮੁੱਖ ਆਰਥਿਕ ਭਾਈਵਾਲ ਹੈ। ਵਰਤਮਾਨ ’ਚ, 330 ਤੋਂ ਵੱਧ ਸਵਿਸ ਕੰਪਨੀਆਂ ਭਾਰਤ ’ਚ ਇੰਜੀਨੀਅਰਿੰਗ, ਸੇਵਾਵਾਂ, ਸ਼ੁੱਧਤਾ ਵਾਲੇ ਯੰਤਰਾਂ, ਰਸਾਇਣਾਂ ਅਤੇ ਫਾਰਮਾਸਿਊਟੀਕਲ ਵਰਗੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ, ਜਦੋਂ ਕਿ ਭਾਰਤੀ ਕੰਪਨੀਆਂ ਸਵਿਟਜ਼ਰਲੈਂਡ ’ਚ ਆਈ.ਟੀ., ਫਾਰਮਾਸਿਊਟੀਕਲ ਤੇ ਮਸ਼ੀਨਰੀ ਵਰਗੇ ਖੇਤਰਾਂ ’ਚ ਮੌਜੂਦ ਹਨ। ਸਵਿਸ ਰਾਸ਼ਟਰਪਤੀ ਨੇ ਕਿਹਾ ਕਿ ਗੱਲਬਾਤ ਮੁੱਖ ਤੌਰ ’ਤੇ ਵਪਾਰਕ ਸਬੰਧਾਂ ਨੂੰ ਵਧਾਉਣ ’ਤੇ ਕੇਂਦਰਿਤ ਸੀ। ਪਾਰਮੇਲਿਨ ਨੇ ਜ਼ਿਕਰ ਕੀਤਾ ਕਿ ਸਵਿਟਜ਼ਰਲੈਂਡ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਭਾਰਤ ਨਾਲ ਨਿਵੇਸ਼ ਸੁਰੱਖਿਆ ਸਮਝੌਤਾ ਕਰ ਲਵੇਗਾ, ਤਾਂ ਜੋ ਭਾਰਤੀ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਦੇ ਪ੍ਰਵਾਹ ਨੂੰ ਵਧਾਇਆ ਜਾ ਸਕੇ। ਪਿਛਲੇ ਵਰ੍ਹੇ ਅਕਤੂਬਰ ’ਚ ਭਾਰਤ ਤੇ ਯੂਰਪੀਅਨ ਮੁਕਤ ਵਪਾਰ ਸੰਘ (ਈ.ਐਫ਼.ਟੀ.ਏ.) ਦੇਸ਼ਾਂ-ਆਈਸਲੈਂਡ, ਲੀਕਟਨਸਟਾਈਨ, ਨਾਰਵੇ ਅਤੇ ਸਵਿਟਜ਼ਰਲੈਂਡ- ਵਿਚਕਾਰ ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤੇ (ਟੀ.ਈ.ਪੀ.ਏ.) ਦੇ ਲਾਗੂ ਹੋਣ ਨਾਲ ਦੋਵਾਂ ਧਿਰਾਂ ਵਿਚਕਾਰ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਹੋਰ ਹੁਲਾਰਾ ਮਿਲਿਆ ਹੈ। ਮੋਦੀ ਨੇ ਕਿਹਾ ਕਿ ਇਸ ਰਾਹੀਂ, ਅਸੀਂ ਅਗਲੇ 15 ਸਾਲਾਂ ’ਚ ਭਾਰਤ ’ਚ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਤੇ 10 ਲੱਖ ਸਿੱਧੀਆਂ ਨੌਕਰੀਆਂ ਦੇ ਆਪਣੇ ਟੀਚਿਆਂ ਨੂੰ ਸਾਕਾਰ ਕਰਾਂਗੇ। ਉਨ੍ਹਾਂ ਕਿਹਾ, ਅੱਜ ਹਸਤਾਖਰ ਕੀਤੇ ਗਏ ਮਾਈਗ੍ਰੇਸ਼ਨ ਤੇ ਮੋਬਿਲਿਟੀ ਪਾਰਟਨਰਸ਼ਿਪ ਸਮਝੌਤੇ ਤੇ ਨੌਜਵਾਨ ਪੇਸ਼ੇਵਰ ਸਮਝੌਤੇ ਭਾਰਤੀ ਵਿਦਿਆਰਥੀਆਂ, ਖੋਜਕਰਤਾਵਾਂ, ਪੇਸ਼ੇਵਰਾਂ ਤੇ ਨੌਜਵਾਨਾਂ ਲਈ ਸਵਿਟਜ਼ਰਲੈਂਡ ’ਚ ਨਵੇਂ ਮੌਕੇ ਖੋਲ੍ਹਣਗੇ। ਪ੍ਰਧਾਨ ਮੰਤਰੀ ਨੇ ਭਾਰਤ-ਈ.ਐਫ.ਟੀ.ਏ. ਸੰਮੇਲਨ ਦਾ ਵੀ ਹਵਾਲਾ ਦਿੱਤਾ, ਜੋ ਬੁੱਧਵਾਰ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਸਾਡੇ ਵਪਾਰ ਤੇ ਨਿਵੇਸ਼ ਭਾਈਵਾਲੀ ਦੇ ਵਾਅਦੇ ਨੂੰ ਠੋਸ ਨਤੀਜਿਆਂ ਵਿਚ ਬਦਲਣ ਲਈ ਇਕ ਮਹੱਤਵਪੂਰਨ ਪਲੇਟਫਾਰਮ ਹੋਵੇਗਾ। 
ਮੋਦੀ ਨੇ ਸਵਿਸ ਰਾਸ਼ਟਰਪਤੀ ਨੂੰ ਦਿੱਤੇ ਖਾਸ ਤੋਹਫ਼ੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਿਸ ਰਾਸ਼ਟਰਪਤੀ ਗਾਈ ਪਾਰਮੇਲਿਨ ਨੂੰ ਦੋ ਬਹੁਤ ਹੀ ਖਾਸ ਤੋਹਫ਼ੇ ਭੇਟ ਕੀਤੇ, ਜੋ ਭਾਰਤ ਦੀ ਅਮੀਰ ਵਿਰਾਸਤ ਤੇ ਨਵੀਂ ਪਛਾਣ ਨੂੰ ਦਰਸਾਉਂਦੇ ਹਨ। ਸਵਿਟਜ਼ਰਲੈਂਡ ਆਪਣੇ ਵਿਭਿੰਨ ਪਨੀਰ ਲਈ ਦੁਨੀਆ ਭਰ ’ਚ ਮਸ਼ਹੂਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਵਿਸ ਰਾਸ਼ਟਰਪਤੀ ਨੂੰ ਗੁਲਮਰਗ, ਕੋਨਾਰਕ ਤੇ ਯਿਊਰ ਪ੍ਰਮਾਣਿਕ ਭਾਰਤੀ ਪਨੀਰ ਭੇਟ ਕੀਤੇ। ਪਨੀਰ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਨੇ ਸਵਿਸ ਰਾਸ਼ਟਰਪਤੀ ਨੂੰ ਕਸ਼ਮੀਰੀ ਅਖਰੋਟ ਦੀ ਲੱਕੜ ਤੋਂ ਬਣਿਆ ਇਕ ਹੱਥ ਨਾਲ ਉੱਕਰੀ ਹੋਈ ਕੰਧ ਪੈਨਲ ਵੀ ਭੇਟ ਕੀਤੀ।

Ad Position 22
No active advertisement
ਪਿਛਲੀ ਖ਼ਬਰ ਸਿਟ ਅੱਗੇ ਪੇਸ਼ ਨਹੀਂ ਹੋਏ ਮਜੀਠੀਆ ਤੇ ਭੋਲਾ ਅਗਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਦੇਵਾਂਗੇ ਚੁਣੌਤੀ-ਅਮਨ ਅਰੋੜਾ
Ad Position 24