ਅੰਮਿ੍ਤਸਰ, 27 ਅਪ੍ਰੈਲ (ਸੁਰਿੰਦਰ ਕੋਛੜ)-ਈਰਾਨ ਅਤੇ ਅਮਰੀਕਾ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਨੇ ਖੁਦ ਨੂੰ ਮੁੱਖ ਵਿਚੋਲੇ ਵਜੋਂ ਪੇਸ਼ ਕੀਤਾ ਹੈ | ਇਸ ਕੂਟਨੀਤਕ ਪਹਿਲਕਦਮੀ ਰਾਹੀਂ ਪਾਕਿਸਤਾਨ ਨਾ ਸਿਰਫ਼ ਆਪਣੇ ਕੌਮਾਂਤਰੀ ਅਕਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਲਕਿ ਬਦਲੇ 'ਚ ਉਸ ਵਲੋਂ ਆਰਥਿਕ ਸਹਾਇਤਾ ਪ੍ਰਾਪਤ ਕਰਨ ਦੀ ਵੀ ਮਜ਼ਬੂਤ ਸੰਭਾਵਨਾ ਹੈ | ਹਾਲਾਂਕਿ, ਇਨ੍ਹਾਂ ਯਤਨਾਂ ਦੇ ਵਿਚਕਾਰ ਈਰਾਨ ਅੰਦਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਦੀ ਭੂਮਿਕਾ ਬਾਰੇ ਭਰੋਸੇਯੋਗਤਾ ਦੀ ਕਮੀ ਸਪੱਸ਼ਟ ਵਿਖਾਈ ਦੇ ਰਹੀ ਹੈ | ਈਰਾਨ ਦੇ ਦਸ਼ਤੇਸਤਾਨ ਖੇਤਰ ਤੋਂ ਸੰਸਦ ਮੈਂਬਰ ਅਤੇ ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਨੀਤੀ ਕਮਿਸ਼ਨ ਦੇ ਬੁਲਾਰੇ ਇਬਰਾਹਿਮ ਰੇਜ਼ਾਈ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਵਾਰਤਾ 'ਚ ਪਾਕਿਸਤਾਨ ਨੂੰ ਇਕ ਬਿਹਤਰ ਵਿਚੋਲਾ ਨਾ ਮੰਨਦਿਆਂ ਪਾਕਿ ਦੀ 'ਵਿਚੋਲਗੀ' ਅਤੇ ਨਿਰਪੱਖਤਾ ਬਾਰੇ ਸਵਾਲ ਉਠਾਏ ਹਨ | ਰੇਜ਼ਾਈ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਲਿਖਿਆ ਕਿ ਪਾਕਿਸਤਾਨ ਸਾਡਾ ਚੰਗਾ ਦੋਸਤ ਅਤੇ ਗੁਆਂਢੀ ਹੈ, ਪਰ ਇਹ ਗੱਲਬਾਤ ਲਈ ਸਹੀ ਵਿਚੋਲਾ ਨਹੀਂ ਹੈ ਅਤੇ ਇਸ 'ਚ ਵਿਚੋਲਗੀ ਲਈ ਲੋੜੀਂਦੀ ਭਰੋਸੇਯੋਗਤਾ ਦੀ ਘਾਟ ਹੈ | ਉਹ ਹਮੇਸ਼ਾ ਟਰੰਪ ਦੇ ਹਿੱਤਾਂ ਦੀ ਭਾਲ ਕਰਦਾ ਹੈ ਅਤੇ ਅਮਰੀਕੀਆਂ ਦੀਆਂ ਇੱਛਾਵਾਂ ਦੇ ਵਿਰੁੱਧ ਇਕ ਸ਼ਬਦ ਨਹੀਂ ਕਹਿੰਦਾ | ਇਕ ਹੋਰ ਈਰਾਨੀ ਸੰਸਦ ਮੈਂਬਰ ਅਲੀ ਖਜ਼ਾਰੀਅਨ ਨੇ ਦਾਅਵਾ ਕੀਤਾ ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗ ਅਟੱਲ ਹੈ ਅਤੇ ਅਮਰੀਕਾ ਕਿਸੇ ਵੀ ਸਮੇਂ ਈਰਾਨ ਵਿਰੁੱਧ ਜੰਗ ਸ਼ੁਰੂ ਕਰ ਸਕਦਾ ਹੈ | ਉਕਤ ਈਰਾਨੀ ਸੰਸਦ ਮੈਂਬਰਾਂ ਨੇ ਗੱਲਬਾਤ 'ਚ ਪਾਕਿ ਦੀ ਇੱਛਾ-ਸ਼ਕਤੀ ਨਾ ਹੋਣ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਸ਼ੁਰੂ 'ਚ ਈਰਾਨ ਦੇ ਪ੍ਰਸਤਾਵ ਨੂੰ ਸਵੀਕਾਰ ਕੀਤਾ ਸੀ ਪਰ ਬਾਅਦ 'ਚ ਪਿੱਛੇ ਹਟ ਗਿਆ | ਈਰਾਨੀ ਸੰਸਦ ਮੈਂਬਰਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਚੋਲੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਪੂਰੀ ਤਰ੍ਹਾਂ ਨਿਰਪੱਖ ਹੋਣਾ ਹੁੰਦਾ ਹੈ | ਹਾਲਾਂਕਿ, ਉਨ੍ਹਾਂ ਦੇ ਅਨੁਸਾਰ ਪਾਕਿਸਤਾਨ ਹਮੇਸ਼ਾ ਇਕ ਪਾਸੇ ਝੁਕਦਾ ਹੈ, ਜੋ ਉਸ ਨੂੰ ਗੱਲਬਾਤ ਦੀ ਭੂਮਿਕਾ ਲਈ ਅਯੋਗ ਬਣਾਉਂਦਾ ਹੈ | ਪਾਕਿ 'ਤੇ ਵਿਸ਼ਵਾਸ ਅਤੇ ਭਰੋਸੇਯੋਗਤਾ ਦੀ ਘਾਟ ਦੱਸਦਿਆਂ ਈਰਾਨੀ ਸੰਸਦ ਮੈਂਬਰ ਖਜ਼ਾਰੀਅਨ ਨੇ ਕਿਹਾ ਕਿ ਅਮਰੀਕਾ ਇਜ਼ਰਾਈਲੀ ਪ੍ਰਭਾਵ ਹੇਠ ਈਰਾਨ 'ਤੇ ਹਮਲਾ ਕਰ ਸਕਦਾ ਹੈ | ਗੱਲਬਾਤ ਬਾਰੇ ਅਨਿਸਚਿਤਤਾ ਦੇ ਵਿਚਕਾਰ ਹੁਣ ਸੰਕੇਤ ਮਿਲ ਰਹੇ ਹਨ ਕਿ ਸਥਿਤੀ ਕਿਸੇ ਵੀ ਸਮੇਂ ਟਕਰਾਅ 'ਚ ਬਦਲ ਸਕਦੀ ਹੈ | ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕੀ ਅਤੇ ਈਰਾਨੀ ਅਧਿਕਾਰੀ ਟੈਲੀਫ਼ੋਨ ਗੱਲਬਾਤ ਰਾਹੀਂ ਇਸ ਵਿਵਾਦ ਦਾ ਸ਼ਾਂਤੀਪੂਰਨ ਹੱਲ ਲੱਭ ਸਕਦੇ ਹਨ | ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਕੋਲ ਗੱਲਬਾਤ ਲਈ ਸਾਰੇ ਵਿਕਲਪ ਖੁੱਲ੍ਹੇ ਹਨ |
ਈਰਾਨੀ ਸੰਸਦ ਮੈਂਬਰਾਂ ਨੇ ਪਾਕਿ ਦੀ 'ਵਿਚੋਲਗੀ' ਅਤੇ ਨਿਰਪੱਖਤਾ ਬਾਰੇ ਉਠਾਏ ਸਵਾਲ <br/>
ਅਜੀਤ ਡੈਸਕ
28-04-2026