ਉੱਪਰਲੇ ਸਦਨ 'ਚ ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ ਵਧ ਕੇ 113 ਹੋਈ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਅਪ੍ਰੈਲ-ਆਮ ਆਦਮੀ ਪਾਰਟੀ ਦੇ 7 ਬਾਗ਼ੀ ਸੰਸਦ ਮੈਂਬਰਾਂ ਦਾ ਭਾਜਪਾ 'ਚ ਰਲੇਵੇਂ ਨੂੰ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਅਧਿਕਾਰਿਤ ਤੌਰ 'ਤੇ ਸਵੀਕਾਰ ਕਰ ਲਿਆ ਹੈ | ਰਾਜ ਸਭਾ ਸਕੱਤਰੇਤ ਵਲੋਂ ਇਸ ਸੰਬੰਧ 'ਚ ਸੋਮਵਾਰ ਸਵੇਰੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ | ਇਨ੍ਹਾਂ 7 ਸੰਸਦ ਮੈਂਬਰਾਂ ਦੇ ਰਲੇਵੇਂ ਤੋਂ ਬਾਅਦ ਰਾਜ ਸਭਾ 'ਚ ਭਾਜਪਾ ਮੈਂਬਰਾਂ ਦੀ ਗਿਣਤੀ ਵਧ ਕੇ 113 ਹੋ ਗਈ ਹੈ | ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਿਨ ਰਿਜਿਜੂ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ ਰਾਹੀਂ ਉਕਤ ਜਾਣਕਾਰੀ ਦਿੱਤੀ | ਉਨ੍ਹਾਂ 7 ਸੰਸਦ ਮੈਂਬਰਾਂ-ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਰਜਿੰਦਰ ਗੁਪਤਾ ਅਤੇ ਸਵਾਤੀ ਮਾਲੀਵਾਲ ਦੇ ਨਾਂਅ ਲੈ ਕਿਹਾ ਕਿ ਹੁਣ ਉਹ ਭਾਜਪਾ ਸੰਸਦੀ ਪਾਰਟੀ ਦੇ ਮੈਂਬਰ ਹਨ | ਰਿਜਿਜੂ ਨੇ ਕਿਹਾ ਕਿ ਉਨ੍ਹਾਂ ਨੇ ਲੰਬੇ ਸਮੇਂ ਤੋਂ ਇਹ ਵੇਖਿਆ ਕਿ ਇਨ੍ਹਾਂ 7 ਮੈਂਬਰਾਂ ਨੇ ਨਾ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ, ਨਾ ਕਦੇ ਅਨੁਸ਼ਾਸਨ ਭੰਗ ਕੀਤਾ ਅਤੇ ਨਾ ਕਦੇ ਗੈਰ ਸੰਸਦੀ ਵਰਤਾਓ ਕੀਤਾ | ਰਿਜਿਜੂ ਨੇ ਉਨ੍ਹਾਂ ਦਾ ਭਾਜਪਾ 'ਚ ਸਵਾਗਤ ਕਰਦਿਆਂ ਇੰਡੀਆ ਗੱਠਜੋੜ ਨੂੰ ਅਲਵਿਦਾ ਵੀ ਕਿਹਾ | ਜ਼ਿਕਰਯੋਗ ਹੈ ਕਿ ਰਾਘਵ ਚੱਢਾ ਨੇ 24 ਅਪ੍ਰੈਲ ਨੂੰ 6 ਹੋਰ ਸੰਸਦ ਮੈਂਬਰਾਂ ਨਾਲ ਆਪ ਛੱਡਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਦੋ ਤਿਹਾਈ ਤੋਂ ਵੱਧ ਸੰਸਦ ਮੈਂਬਰਾਂ ਦੇ ਪਾਰਟੀ ਛੱਡਣ ਨਾਲ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੋਵੇਗਾ |
ਰਾਜ ਸਭਾ ਦੇ ਚੇਅਰਮੈਨ ਨੇ 'ਆਪ' ਦੇ 7 ਸੰਸਦ ਮੈਂਬਰਾਂ ਦੇ ਭਾਜਪਾ 'ਚ ਰਲੇਵੇਂ ਨੂੰ ਦਿੱਤੀ ਮਨਜ਼ੂਰੀ <br/>
ਅਜੀਤ ਡੈਸਕ
28-04-2026