ਘੁਮਾਣ (ਬਟਾਲਾ), 27 ਅਪ੍ਰੈਲ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਭੋਮਾ ਵਿਖੇ ਕਰੀਬ ਰਾਤ 9 ਵਜੇ ਅੰਨੇ੍ਹਵਾਹ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ | ਇਸ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਪੁਲਿਸ ਵਲੋਂ ਪੁਸ਼ਟੀ ਕੀਤੀ ਗਈ ਹੈ | ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਭੋਮਾ ਤੋਂ ਪੇਰੋਸ਼ਾਹ ਨੂੰ ਜਾਣ ਵਾਲੇ ਰਸਤੇ 'ਤੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਅੰਨੇ੍ਹਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਵਿਚ ਕਸ਼ਮੀਰ ਸਿੰਘ ਪੁੱਤਰ ਵੱਸਣ ਸਿੰਘ ਅਤੇ ਜੁਗਰਾਜ ਸਿੰਘ (20) ਪੁੱਤਰ ਸਾਬੀ ਪਿੰਡ ਭੋਮਾ ਦੀ ਗੋਲੀਆਂ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ | ਇਸ ਦੌਰਾਨ ਇਕ ਨੌਜਵਾਨ ਜੁਗਰਾਜ ਸਿੰਘ ਪੁੱਤਰ ਵੀਰੂ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਕਿ ਬਟਾਲਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ | ਮੌਕੇ 'ਤੇ ਪਹੁੰਚੇ ਥਾਣਾ ਘੁਮਾਣ ਦੇ ਐਸ.ਐਚ.ਓ. ਹਰਜਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਉਹ ਗੋਲੀ ਚੱਲਣ ਦੀ ਘਟਨਾ ਸੰਬੰਧੀ ਜਾਣਕਾਰੀ ਮਿਲਣ 'ਤੇ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ | ਮੌਕੇ 'ਤੇ ਪਹੁੰਚ ਕੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਅਤੇ ਨੇੜੇ-ਤੇੜੇ ਲੱਗੇ ਸੀ.ਸੀ. ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਤਿੰਨੋਂ ਨੌਜਵਾਨ ਸੈਰ ਕਰਨ ਲਈ ਹਰ ਰੋਜ਼ ਦੀ ਤਰ੍ਹਾਂ ਇਸ ਰੋਡ 'ਤੇ ਨਿਕਲੇ ਸਨ | 9 ਵਜੇ ਦੇ ਕਰੀਬ ਅਣਪਛਾਤਿਆਂ ਨੇ ਇਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ | ਇਸ ਮੌਕੇ ਐਸ.ਐਸ.ਪੀ. ਡਾਕਟਰ ਮਹਿਤਾਬ ਸਿੰਘ ਵੀ ਮੌਕੇ 'ਤੇ ਪੁੱਜੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ |
ਬਟਾਲਾ ਨੇੜੇ ਪਿੰਡ ਭੋਮਾ 'ਚ 2 ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ <br/>
ਅਜੀਤ ਡੈਸਕ
28-04-2026