15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਜਲੰਧਰ 'ਚ ਬੀ.ਐਸ.ਐਫ. ਹੈੱਡਕੁਆਰਟਰ ਦੇ ਬਾਹਰ ਸਕੂਟਰੀ 'ਚ ਜ਼ਬਰਦਸਤ ਧਮਾਕਾ

Ad Position 21
No active advertisement
ਅਜੀਤ ਡੈਸਕ 06-05-2026

• ਇਕ ਨੌਜਵਾਨ ਹਿਰਾਸਤ 'ਚ • ਧਮਾਕਾਖੇਜ਼ ਸਮੱਗਰੀ ਹੋਣ ਨੂੰ ਲੈ ਕੇ ਵੀ ਕੀਤੀ ਜਾ ਰਹੀ ਜਾਂਚ
ਜਲੰਧਰ, 5 ਮਈ (ਜਤਿੰਦਰ ਪੰਮੀ/ ਸ਼ੈਲੀ)-ਮੰਗਲਵਾਰ ਸ਼ਾਮ ਕਰੀਬ ਸਵਾ 8 ਵਜੇ ਸ਼ਹਿਰ 'ਚ ਸਥਿਤ ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਹੈਡਕੁਆਰਟਰ ਦੇ ਬਾਹਰ ਖੜ੍ਹੀ ਕੀਤੀ ਐਕਟਿਵਾ 'ਚ ਜ਼ਬਰਦਸਤ ਧਮਾਕਾ ਹੋ ਗਿਆ | ਧਮਾਕੇ ਨੂੰ ਦੇਸ਼-ਵਿਰੋਧੀ ਤਾਕਤਾਂ ਵਲੋਂ ਕੀਤੀ ਕਾਰਵਾਈ ਵੀ ਮੰਨਿਆ ਜਾ ਰਿਹਾ ਹੈ ਪਰ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਤੇ ਧਮਾਕੇ ਦੇ ਕਾਰਨ ਬਾਰੇ ਹਾਲੇ ਖੁਲਾਸਾ ਨਹੀਂ ਕੀਤਾ ਜਾ ਸਕਦਾ | ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੀ ਆਵਾਜ਼ ਕਰੀਬ ਇਕ ਕਿੱਲੋਮੀਟਰ ਤੱਕ ਸੁਣੀ ਗਈ ਅਤੇ ਐਕਟਿਵਾ ਨੂੰ ਪੂਰੀ ਤਰ੍ਹਾਂ ਅੱਗ ਲੱਗ ਗਈ | ਧਮਾਕੇ ਕਾਰਨ ਨੇੜਲੀ ਦੁਕਾਨ ਦੇ ਸ਼ੀਸ਼ੇ ਵੀ ਤਿੜਕ ਗਏ ਅਤੇ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਨੇੜੇ ਚੌਕ 'ਚ ਖੜ੍ਹੀਆਂ ਦੋ-ਤਿੰਨ ਕਾਰਾਂ ਦੇ ਏਅਰ ਬੈਗ ਵੀ ਖੁੱਲ੍ਹ ਗਏ | ਇਹ ਐਕਟਿਵਾ ਬੀ.ਐਸ.ਐਫ. ਦੇ ਅੰਦਰ ਪਾਰਸਲ ਦੇਣ ਗਏ ਡਲਿਵਰੀਮੈਨ ਦੀ ਸੀ, ਜਿਸ ਨੂੰ ਬੀ.ਐਸ.ਐਫ. ਜਵਾਨਾਂ ਨੇ ਮੌਕੇ 'ਤੇ ਕਾਬੂ ਕਰਕੇ ਬਿਠਾ ਲਿਆ ਅਤੇ ਪੁਲਿਸ ਤੇ ਬੀ.ਐਸ.ਐੱਫ. ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਧਮਾਕੇ ਦੀ ਸੂਚਨਾ ਦਿੱਤੀ ਗਈ | ਸੂਚਨਾ ਮਿਲਦਿਆਂ ਹੀ ਥਾਣਾ ਬਾਰਾਂਦਰੀ ਦੀ ਪੁਲਿਸ, ਏ.ਸੀ.ਪੀ. ਸੈਂਟਰਲ ਤੇ ਏ.ਡੀ.ਸੀ.ਪੀ-1 ਅਕਾਰਸ਼ੀ ਜੈਨ ਮੌਕੇ 'ਤੇ ਪੁੱਜੇ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ | ਉਧਰ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਣ 'ਤੇ ਫਾਇਰ ਬਿ੍ਗੇਡ ਦੀ ਗੱਡੀ ਵੀ ਮੌਕੇ 'ਤੇ ਪੁੱਜੀ ਅਤੇ ਅੱਗ 'ਤੇ ਕਾਬੂ ਪਾਇਆ | ਧਮਾਕੇ ਤੋਂ ਬਾਅਦ ਅੱਗ ਲੱਗਣ ਨਾਲ ਐਕਟਿਵਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹਾਲਾਂਕਿ ਲੋਹੇ ਦੇ ਢਾਂਚੇ ਨੂੰ ਬਹੁਤਾ ਨੁਕਸਾਨ ਨਹੀਂ ਪੁੱਜਾ | ਉੱਚ ਅਧਿਕਾਰੀਆਂ ਦੇ ਮੌਕੇ 'ਤੇ ਪੁੱਜਣ ਦੇ ਨਾਲ ਹੀ ਫੋਰੈਂਸਿਕ ਟੀਮਾਂ ਤੇ ਸਕੁੁਐਡ ਵੀ ਮੌਕੇ 'ਤੇ ਪੁੱਜ ਗਈ ਅਤੇ ਐਕਟਿਵਾ ਵਾਲੀ ਥਾਂ ਦੇ ਆਲੇ-ਦੁਆਲੇ ਬੈਰੀਕੇਡਿੰਗ ਕਰਕੇ ਜਾਂਚ ਸ਼ੁਰੂ ਕਰ ਦਿੱਤੀ | ਐਕਟਿਵਾ ਸਵਾਰ ਡਲਿਵਰੀਮੈਨ ਦੀ ਪਛਾਣ ਗੁਰਪ੍ਰੀਤ ਪੁੱਤਰ ਕਸ਼ਮੀਰ ਸਿੰਘ ਵਾਸੀ ਗੜ੍ਹਾ ਵਜੋਂ ਹੋਈ ਹੈ | ਕਸ਼ਮੀਰ ਸਿੰਘ ਬੀ.ਐਸ.ਐਫ. 'ਚੋਂ ਸੇਵਾਮੁਕਤ ਹੋਇਆ ਦੱਸਿਆ ਜਾ ਰਿਹਾ ਹੈ | ਉਧਰ ਮੌਕੇ 'ਤੇ ਪੁੱਜੇ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਜਦੋਂ ਧਮਾਕੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਸਿਰਫ ਐਕਟਿਵਾ ਨੂੰ ਅੱਗ ਲੱਗਣ ਵਜੋਂ ਨਹੀਂ ਦੇਖਿਆ ਜਾ ਸਕਦਾ | ਇਸ ਲਈ ਘਟਨਾ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਧਮਾਕਾ ਬਹੁਤ ਸੰਵੇਦਨਸ਼ੀਲ ਥਾਂ 'ਤੇ ਹੋਇਆ ਹੈ, ਜਿਥੇ ਕਿ ਬੀ.ਐਸ.ਐਫ. ਦਾ ਹੈਡਕੁਆਰਟਰ ਹੈ | ਉਨ੍ਹਾਂ ਕਿਹਾ ਕਿ ਹਾਲੇ ਧਮਾਕੇ ਬਾਰੇ ਕਿਸੇ ਵੀ ਤਰ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਡੂੰਘੀ ਜਾਂਚ ਦਾ ਵਿਸ਼ਾ ਹੈ |

Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ ਮੋਦੀ ਨੂੰ ਵੋਟਾਂ 'ਚ ਜਿੱਤ ਦੀ ਦਿੱਤੀ ਵਧਾਈ ਅਗਲੀ ਖ਼ਬਰ ਅਸਤੀਫ਼ਾ ਨਹੀਂ ਦੇਵਾਂਗੀ, ਚੋਣ ਨਤੀਜੇ ਲੋਕਾਂ ਦਾ ਫ਼ਤਵਾ ਨਹੀਂ ਸਗੋਂ ਇਕ ਸਾਜਿਸ਼-ਮਮਤਾ <br/>
Ad Position 24