ਕਿਹਾ, ਕਿਸੇ ਵੀ ਸੂਰਤ 'ਚ ਵਾਪਸ ਨਹੀਂ ਹੋਵੇਗਾ ਬੇਅਦਬੀ ਕਾਨੂੰਨ
ਸੰਗਰੂਰ, 9 ਮਈ (ਸੁਖਵਿੰਦਰ ਸਿੰਘ ਫੁੱਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੋਧੀ ਬਣਾਇਆ ਕਾਨੂੰਨ ਕਿਸੇ ਵੀ ਸੂਰਤ ਵਿਚ ਵਾਪਸ ਨਹੀਂ ਹੋਵੇਗਾ | ਆਪਣੀ ਸ਼ੁਕਰਾਨਾ ਯਾਤਰਾ ਦੌਰਾਨ ਅੱਜ ਸਵੇਰੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤਾ ਇਹ ਕਾਨੂੰਨ ਪੰਥ ਨੂੰ ਪ੍ਰਵਾਨ ਹੈ ਪਰ ਬਾਦਲ ਪਰਿਵਾਰ ਨੂੰ ਚੰਗਾ ਨਹੀਂ ਲੱਗਾ ਇਸੇ ਲਈ ਇਸ ਕਾਨੂੰਨ ਵਿਰੁੱਧ ਉਹ ਰੌਲਾ ਪਾ ਰਹੇ ਹਨ | ਜਦ ਉਨ੍ਹਾਂ ਦਾ ਧਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਦਿੱਤੇ ਉਸ ਬਿਆਨ ਵੱਲ ਦਿਵਾਇਆ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਕਾਨੂੰਨ 15 ਦਿਨ ਵਿਚ ਵਾਪਸ ਹੋਵੇ ਨਹੀਂ ਤਾਂ ਸਾਨੂੰ ਇਕੱਤਰਤਾ ਕਰਨਾ ਪਵੇਗੀ ਤਾਂ ਉਨ੍ਹਾਂ ਕਿਹਾ ਕਿ ਇਕੱਤਰਤਾ ਭਾਵੇਂ 15 ਦਿਨ ਵਿਚ ਕਰ ਲੈਣ ਭਾਵੇਂ 20 ਦਿਨ ਵਿਚ, ਇਹ ਕਾਨੂੰਨ ਵਾਪਸ ਨਹੀਂ ਹੋਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਜੁਲਾਈ 2007 ਵਿਚ ਸ਼ੋ੍ਰਮਣੀ ਕਮੇਟੀ ਨੇ ਮਤਾ ਪਾਸ ਕਰ ਕੇ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣ ਲਈ ਕਿਹਾ ਸੀ ਅਤੇ ਹੁਣ ਇਨ੍ਹਾਂ ਲੋਕਾਂ ਵਲੋਂ ਰੌਲਾ ਪਾਇਆ ਜਾ ਰਿਹਾ ਹੈ | ਭਾਜਪਾ 'ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਪਾਰਟੀ ਦੇ ਕੰਮ ਕਰਨ ਦੇ ਤਰੀਕੇ ਸਭ ਨੂੰ ਪਤਾ ਹਨ | ਈ.ਡੀ , ਸੀ.ਬੀ.ਆਈ, ਇਨਕਮ ਟੈਕਸ ਅਤੇ ਚੋਣ ਕਮਿਸ਼ਨ ਨੂੰ ਭਾਜਪਾ ਨੇ ਆਪਣੇ ਰਾਜਨੀਤੀ ਲਈ ਹਥਿਆਰ ਬਣਾ ਰੱਖਿਆ ਹੈ | ਮਹਾਰਾਸ਼ਟਰ, ਉੜੀਸਾ, ਕਰਨਾਟਕ, ਬਿਹਾਰ ਅਤੇ ਪੱਛਮੀ ਬੰਗਾਲ ਤੋਂ ਬਾਅਦ ਪੰਜਾਬ ਇਸ ਦੇ ਨਿਸ਼ਾਨੇ 'ਤੇ ਹੈ | ਈ.ਡੀ. ਦੀ ਛਾਪੇਮਾਰੀ ਪੰਜਾਬ ਵਿਚ ਤੇਜ਼ ਹੋ ਗਈ ਹੈ | ਅੱਜ ਸਵੇਰੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ 'ਤੇ ਕਾਰਵਾਈ ਕੀਤੀ ਹੈ ਤਾਂ ਜੋ ਉਸ ਨੂੰ ਪਾਰਟੀ ਨਾਲੋਂ ਤੋੜਿਆ ਜਾ ਸਕੇ | ਇਸ ਤੋਂ ਪਹਿਲਾਂ ਅਸ਼ੋਕ ਮਿੱਤਲ ਦੇ 2 ਦਿਨ ਛਾਪੇਮਾਰੀ ਚੱਲੀ ਅਤੇ ਤੀਸਰੇ ਦਿਨ ਅਸ਼ੋਕ ਮਿੱਤਲ ਭਾਜਪਾ ਵਿਚ ਸ਼ਾਮਿਲ ਹੋ ਗਏ, ਨਾਲ ਹੀ ਛਾਪੇਮਾਰੀ ਬੰਦ ਹੋ ਗਈ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮਹੀਨੇ 'ਚ ਸੰਜੀਵ ਅਰੋੜਾ ਦੇ 2 ਵਾਰ ਛਾਪੇਮਾਰੀ ਹੋਈ ਹੈ ਅਤੇ ਇਸ ਸਾਲ ਵਿਚ ਤੀਸਰੀ ਵਾਰ | ਉਨ੍ਹਾਂ ਕਿਹਾ ਇਨ੍ਹਾਂ ਛਾਪਿਆਂ ਦਾ ਕਾਰਨ ਉਨ੍ਹਾਂ ਪਾਸੋਂ ਕਾਲਾ ਧਨ ਕਢਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਦਬਕਾ ਕੇ ਭਾਜਪਾ ਵਿਚ ਸ਼ਾਮਿਲ ਕਰਨਾ ਹੈ | ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਦੀ ਗੱਲ ਵੱਖਰੀ ਹੈ, ਪੰਜਾਬ ਵਿਚ ਇਹ ਗੱਲ ਨਹੀਂ ਚੱਲਣੀ | ਮੁੱਖ ਮੰਤਰੀ ਨੇ ਕਿਹਾ ਕਿ ਕਦੇ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦੇਣ ਦੀ ਗੱਲ ਕਹੀ ਜਾਂਦੀ ਹੈ, ਕਦੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੀ ਗੱਲ ਕਹੀ ਜਾਂਦੀ ਹੈ, ਕਦੇ ਭਾਖੜਾ ਡੈਮ 'ਤੇ ਕੰਟਰੋਲ ਕਰਨ ਦਾ ਦਬਕਾ ਮਾਰਿਆ ਜਾਂਦਾ ਹੈ, ਆਰ.ਡੀ.ਐਫ. ਦਾ ਪੈਸਾ ਰੋਕਿਆ ਹੋਇਆ ਹੈ | ਇਸ ਤਰ੍ਹਾਂ ਪੰਜਾਬ ਨੂੰ ਤੰਗ ਕਰਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ | ਜਦ ਉਨ੍ਹਾਂ ਦਾ ਧਿਆਨ ਭਾਜਪਾ ਆਗੂਆਂ ਵਲੋਂ ਦਿੱਤੇ ਕਾਨੂੰਨੀ ਨੋਟਿਸ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਜਿਹੇ ਨੋਟਿਸਾਂ ਦੀ ਪ੍ਰਵਾਹ ਨਹੀਂ ਕਰਦੇ ਸਗੋਂ ਅੱਜ ਫਿਰ ਉਹ ਕਹਿ ਰਹੇ ਹਨ ਕਿ ਵੋਟਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾਵੇਗਾ | ਇਸ ਮੌਕੇ ਸਥਾਨਕ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਬਲਤੇਜ ਪੰਨੂ ਵੀ ਮੌਜੂਦ ਸਨ |
ਭਾਜਪਾ ਨੇ ਸੀ.ਬੀ.ਆਈ. ਤੇ ਈ.ਡੀ. ਨੂੰ ਸਿਆਸੀ ਹਥਿਆਰ ਬਣਾਇਆ-ਮੁੱਖ ਮੰਤਰੀ
ਅਜੀਤ ਡੈਸਕ
10-05-2026