ਸੋਮਨਾਥ (ਗੁਜਰਾਤ), 11 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 1998 ਦੇ ਪੋਖਰਨ ਪ੍ਰਮਾਣੂ ਪ੍ਰੀਖਣਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ ਝੁਕਾਅ ਜਾਂ ਦਬਾਅ ਨਹੀਂ ਸਕਦੀ | ਸੋਮਨਾਥ ਅੰਮਿ੍ਤ ਮਹਾਂਉਤਸਵ, ਜੋ ਭਗਵਾਨ ਸ਼ਿਵ ਨੂੰ ਸਮਰਪਿਤ ਮੰਦਰ ਦੇ ਮੁੜ ਨਿਰਮਾਣ ਦੇ 75 ਸਾਲ ਪੂਰੇ ਹੋਣ ਮੌਕੇ ਮਨਾਇਆ ਜਾ ਰਿਹਾ ਹੈ, 'ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ 'ਚ ਕੁਝ ਤਾਕਤਾਂ ਰਾਸ਼ਟਰੀ ਸਵੈ-ਅਭਿਮਾਨ ਦੀ ਬਜਾਏ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਰਹੀਆਂ ਹਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦਾ ਵਿਰੋਧ ਕਰਦੇ ਸਮੇਂ ਵੀ ਅਜਿਹੀ ਹੀ ਸੋਚ ਦੇਖਣ ਨੂੰ ਮਿਲੀ ਸੀ | ਉਨ੍ਹਾਂ ਕਿਹਾ ਕਿ ਭਲੇ ਹੀ ਭਾਰਤ ਨੂੰ 1947 'ਚ ਆਜ਼ਾਦੀ ਮਿਲ ਗਈ ਸੀ ਪਰ 1951 'ਚ ਸੋਮਨਾਥ ਦੀ ਪ੍ਰਾਣ ਪ੍ਰਤਿਸ਼ਠਾ (ਮੰਦਰ 'ਚ ਮੂਰਤੀ ਸਥਾਪਿਤ ਕਰਨ ਦਾ ਸਮਾਰੋਹ) ਨੇ ਭਾਰਤ ਦੀ ਆਜ਼ਾਦ ਚੇਤਨਾ ਦੇ ਐਲਾਨ ਦਾ ਕੰਮ ਕੀਤਾ | ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸੋਮਨਾਥ ਦਾ ਅੰਮਿ੍ਤ ਮਹਾਂਉਤਸਵ ਸਿਰਫ ਅਤੀਤ ਨੂੰ ਯਾਦ ਕਰਨ ਦਾ ਮੌਕਾ ਨਹੀਂ ਹੈ, ਬਲਕਿ ਇਹ ਅਗਲੇ ਹਜ਼ਾਰ ਸਾਲਾਂ ਲਈ ਭਾਰਤ ਲਈ ਪ੍ਰੇਰਨਾ ਦਾ ਉਤਸਵ ਵੀ ਹੈ | ਉਨ੍ਹਾਂ ਕਿਹਾ ਕਿ 11 ਮਈ ਇਕ ਅਹਿਮ ਤਰੀਕ ਹੈ, ਕਿਉਂਕਿ ਇਹ ਨਾ ਸਿਰਫ ਸੋਮਨਾਥ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਯਾਦ ਦਿਵਾਉਂਦੀ ਹੈ, ਬਲਕਿ 1998 'ਚ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਭਾਰਤ ਵਲੋਂ ਕੀਤੇ ਗਏ ਪ੍ਰਮਾਣੂ ਪ੍ਰੀਖਣਾਂ ਦੀ ਵੀ ਯਾਦ ਦਿਵਾਉਂਦੀ ਹੈ | ਉਨ੍ਹਾਂ ਦੱਸਿਆ ਕਿ 11 ਮਈ, 1998 ਨੂੰ ਦੇਸ਼ ਨੇ ਆਪਣੇ ਪ੍ਰਮਾਣੂ ਪ੍ਰੀਖਣ ਕੀਤੇ ਸਨ | ਸਾਡੇ ਵਿਗਿਆਨੀਆਂ ਨੇ ਪੂਰੀ ਦੁਨੀਆ ਨੂੰ ਭਾਰਤ ਦੀਆਂ ਸਮਰੱਥਾਵਾਂ ਅਤੇ ਤਾਕਤ ਦਾ ਪ੍ਰਦਰਸ਼ਨ ਕਰਕੇ ਦਿਖਾਇਆ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਣਾਂ ਨਾਲ ਪੂਰੀ ਦੁਨੀਆ 'ਚ ਹਲਚਲ ਮਚ ਗਈ ਸੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੋਈ ਵੀ ਦੇਸ਼ ਤਦ ਤੱਕ ਮਜ਼ਬੂਤ ਨਹੀਂ ਰਹਿ ਸਕਦਾ, ਜਦੋਂ ਤੱਕ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਨਾ ਹੋਵੇ | ਇਸ ਮੌਕੇ ਮੋਦੀ ਨੇ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ 'ਚ ਸਥਿਤ ਫਿਰ ਤੋਂ ਬਣਾਏ ਗਏ ਸੋਮਨਾਥ ਮੰਦਰ ਦੇ ਉਦਘਾਟਨ ਦੇ 75 ਸਾਲ ਪੂਰੇ ਹੋਣ 'ਤੇ ਇਕ ਵਿਸ਼ੇਸ਼ ਡਾਕ ਟਿਕਟ ਵੀ
ਜਾਰੀ ਕੀਤੀ | ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਸੋਮਵਾਰ ਮੰਦਰ ਦੀ ਸ਼ਾਨ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਇਸ ਮੰਦਰ ਨੂੰ ਵਾਰ-ਵਾਰ ਤੋੜਿਆ ਗਿਆ ਫਿਰ ਵੀ ਇਸ ਨੂੰ ਵਾਰ-ਵਾਰ ਬਣਾਇਆ ਗਿਆ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੋਮਨਾਥ ਮੰਦਰ 'ਚ ਮਹਾਂ ਪੂਜਾ ਕੀਤੀ ਅਤੇ ਹੋਰ ਰਸਮਾਂ ਨਿਭਾਈਆਂ |
ਕੋਈ ਤਾਕਤ ਭਾਰਤ ਨੂੰ ਝੁਕਾ ਜਾਂ ਦਬਾ ਨਹੀਂ ਸਕਦੀ-ਮੋਦੀ <br/>
ਅਜੀਤ ਡੈਸਕ
12-05-2026