ਭਾਜਪਾ ਦੇ ਤਰਨ ਤਾਰਨ ਦਫ਼ਤਰ ਵਿਖੇ ਅਣਪਛਾਤਿਆਂ ਵਲੋਂ ਹਮਲਾ <br/>
ਅਜੀਤ ਡੈਸਕ
12-05-2026
ਤਰਨ ਤਾਰਨ, 11 ਮਈ-ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਤਰਨ ਤਾਰਨ ਵਿਖੇ ਸੋਮਵਾਰ ਸ਼ਾਮ ਨੂੰ 20-25 ਅਣਪਛਾਤੇ ਵਿਅਕਤੀਆਂ ਨੇ ਇੱਟਾਂ, ਰੋੜੇ, ਡਾਂਗਾਂ ਨਾਲ ਹਮਲਾ ਕਰਕੇ ਜ਼ਬਰਦਸਤ ਭੰਨਤੋੜ ਕੀਤੀ ਅਤੇ ਹਵਾਈ ਫਾਈਰਿੰਗ ਵੀ ਕੀਤੀ | ਇਸ ਘਟਨਾ ਵਿਚ ਕੋਈ ਵੀ ਵਿਅਕਤੀ ਭਾਵੇਂ ਜ਼ਖ਼ਮੀ ਨਹੀਂ ਹੋਇਆ, ਪਰ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਦਫ਼ਤਰ ਵਿਚ ਮੌਜੂਦ ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਵਲੋਂ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਗਿਆ | ਇਹ ਸਾਰਾ ਮਾਮਲਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ | ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸ਼ਾਮ 4.30 ਵਜੇ ਦੇ ਕਰੀਬ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਸਾਥੀਆਂ ਸਮੇਤ ਨਗਰ ਕੌਂਸਲ ਦਫ਼ਤਰ ਤਰਨ ਤਾਰਨ ਵਿਖੇ ਸਫ਼ਾਈ ਸੇਵਕਾਂ ਦੇ ਧਰਨੇ ਵਿਚ ਸ਼ਾਮਿਲ ਹੋਣ ਗਏ ਸਨ ਤਾਂ ਭਾਜਪਾ ਦਫ਼ਤਰ ਤਰਨ ਤਾਰਨ ਵਿਖੇ 20-25 ਵਿਅਕਤੀ ਆਏ, ਜਿਨ੍ਹਾਂ ਨੇ ਆਉਂਦਿਆਂ ਹੀ ਇਥੇ ਦਫ਼ਤਰ ਵਿਚ ਮੌਜੂਦ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਮਾੜੀ ਸ਼ਬਦਾਵਲੀ ਬੋਲਣੀ ਸ਼ੁਰੂ ਕਰ ਦਿੱਤੀ ਅਤੇ ਕਾਗਜਾਂ 'ਤੇ ਲਿਖੇ 'ਬੀ.ਜੇ.ਪੀ. ਮੁਰਦਾਬਾਦ', 'ਪੰਜਾਬ ਏਕਤਾ ਜ਼ਿੰਦਾਬਾਦ' ਛਪੇ ਹੋਏ ਸਲੋਗਨ ਖਿਲਾਰਨੇ ਸ਼ੁਰੂ ਕਰ ਦਿੱਤੇ ਅਤੇ ਨੀਲੀ ਸਿਆਹੀ ਕੰਧਾਂ ਅਤੇ ਕੰਪਿਊੂੁਟਰ, ਕਾਊਾਟਰਾਂ 'ਤੇ ਸੁੱਟਣੀ ਸ਼ੁਰੂ ਕਰ ਦਿੱਤੀ, ਇੱਟਾਂ ਰੋੜੇ ਮਾਰੇ ਗਏ, ਜਿਸ ਨਾਲ ਦਫ਼ਤਰ ਦੇ ਦਰਵਾਜ਼ੇ, ਸ਼ੀਸ਼ੇ ਨੁਕਸਾਨੇ ਗਏ | ਇਸ ਮੌਕੇ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਅਤੇ ਸੁਰਜੀਤ ਸਿੰਘ ਸਾਗਰ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਹਮਲਾਵਰਾਂ ਵਿਚੋਂ ਇਕ ਵਿਅਕਤੀ ਨੂੰ ਫੜ ਕੇ ਅੰਦਰ ਲੈ ਗਏ, ਬਾਅਦ ਵਿਚ ਹਮਲਾਵਰ ਜ਼ਿਆਦਾ ਹੋਣ ਕਰਕੇ ਇਸ ਵਿਅਕਤੀ ਨੂੰ ਬੂਹਾ ਤੋੜ ਕੇ ਛੁਡਵਾ ਕੇ ਲੈ ਗਏ ਅਤੇ ਹਵਾਈ ਫਾਇਰ ਕੀਤੇ | ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਹਮਲਾਵਰ ਜਾਂਦੇ ਹੋਏ ਕਹਿ ਕੇ ਗਏ ਹਨ ਕਿ ਤੁਸੀਂ 'ਬੀ.ਜੇ.ਪੀ. ਦਫਤਰ ਇਥੇ ਨਹੀਂ ਚਲਾ ਸਕਦੇ, ਤੁਹਾਨੂੰ ਬੀ.ਜੇ.ਪੀ. ਨਾਲ ਕੰਮ ਕਰਨ ਦਾ ਖਮਿਆਜ਼ਾ ਭੁਗਤਣਾ ਹੀ ਪੈਣਾ ਹੈ' | ਉਨ੍ਹਾਂ ਵਲੋਂ ਤੁਰੰਤ ਤਰਨ ਤਾਰਨ ਦੇ ਐਸ.ਐਸ.ਪੀ. ਦੇ ਧਿਆਨ ਵਿਚ ਸਾਰਾ ਮਾਮਲਾ ਲਿਆਉਣ ਤੋਂ ਬਾਅਦ ਐਸ.ਐਸ.ਪੀ. ਸੁਰਿੰਦਰ ਲਾਂਬਾ ਹੋਰ ਉਚ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਇਹ ਸਾਰੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਇਸ ਸੰਬੰਧ ਵਿਚ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਹਮਲਾਵਰਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ-ਸ਼ਵੇਤ ਮਲਿਕ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ, ਜ਼ਿਲ੍ਹਾ ਸਹਿ ਪ੍ਰਧਾਨ ਨਰੇਸ਼ ਸ਼ਰਮਾ, ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਹੋਰ ਕਈ ਸੀਨੀਅਰ ਆਗੂ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਨੂੰ ਲਾਂਬੂ ਲਾਉਣ ਵਿਚ ਆਮ ਆਦਮੀ ਪਾਰਟੀ ਕੋਈ ਵੀ ਕਸਰ ਨਹੀਂ ਛੱਡ ਰਹੀ | ਮੁੱਖ ਮੰਤਰੀ ਸੂਬੇ ਨੂੰ ਕਾਲੇ ਦੌਰ ਵੱਲ ਧੱਕਣ 'ਚ ਭੂਮਿਕਾ ਨਿਭਾਅ ਰਹੇ ਹਨ | ਸ਼ਵੇਤ ਮਲਿਕ ਨੇ ਕਿਹਾ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਵਿਚ ਦੇਰੀ ਹੋਈ ਤਾਂ ਇਸ ਦਾ ਖਮਿਆਜ਼ਾ ਭੁਗਤਣ ਲਈ ਪੰਜਾਬ ਦੀ 'ਆਪ' ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਤੇ ਇਨ੍ਹਾਂ ਦੇ ਵਜ਼ੀਰ ਅਤੇ ਪੰਜਾਬ ਪੁਲਿਸ ਤਿਆਰ ਰਹੇ | ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਜਪਾ ਦੇ ਵਰਕਰ ਕਿਸੇ ਕੋਲੋਂ ਡਰਨ ਵਾਲੇ ਨਹੀਂ ਹਨ, ਡਟ ਕੇ ਭਾਜਪਾ ਦਾ ਝੰਡਾ ਬੁਲੰਦ ਕਰਦੇ ਰਹਿਣਗੇ |