ਐੱਸ. ਏ. ਐੱਸ. ਨਗਰ, 11 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਦੀ ਮਾਰਚ-2026 ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਦਾ ਨਤੀਜਾ ਐਲਾਨ ਦਿੱਤਾ ਗਿਆ | ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਨਤੀਜੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (ਫ਼ਰੀਦਕੋਟ) ਦੀ ਵਿਦਿਆਰਥਣ ਤੇ ਸਕੁਐਸ਼ ਦੀ ਖਿਡਾਰਨ ਹਰਲੀਨ ਸ਼ਰਮਾ ਸਪੁੱਤਰੀ ਜਸਵਿੰਦਰ ਕੁਮਾਰ ਰੋਲ ਨੰ. 1026178377 ਨੇ ਖੇਡ ਕੋਟੇ ਦੇ ਅੰਕਾਂ ਸਮੇਤ 650 ਅੰਕਾਂ 'ਚੋਂ 646 ਅੰਕ (99.38 ਫ਼ੀਸਦੀ) ਪ੍ਰਾਪਤ ਕਰਕੇ ਸੂਬੇ ਭਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ (ਰੂਪਨਗਰ) ਦੇ ਵਿਦਿਆਰਥੀ ਮਨੀਮਹੇਸ਼ ਸ਼ਰਮਾ ਸਪੁੱਤਰ ਵਿਜੇ ਕੁਮਾਰ ਰੋਲ ਨੰ. 1026502887 ਜਨਮ ਮਿਤੀ 29 ਅਗਸਤ, 2011 ਨੇ 650 'ਚੋਂ 645 ਅੰਕ (99.23 ਫ਼ੀਸਦੀ) ਪ੍ਰਾਪਤ ਕਰਕੇ ਜਨਮ ਮਿਤੀ ਦੇ ਆਧਾਰ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਏ-245 ਚੀਫ਼ ਖ਼ਾਲਸਾ ਦੀਵਾਨ ਮਾਡਲ ਟਾਊਨ ਹੁਸ਼ਿਆਰਪੁਰ ਦੀ ਵਿਦਿਆਰਥਣ ਰੀਆ ਰਾਣੀ ਸਪੁੱਤਰੀ ਸਤਨਾਮ ਸਿੰਘ ਰੋਲ ਨੰ. 1026265570 ਜਨਮ ਮਿਤੀ 28 ਦਸੰਬਰ, 2009 ਨੇ 650 'ਚੋਂ 645 (99.23 ਫ਼ੀਸਦੀ) ਅੰਕ ਪ੍ਰਾਪਤ ਕਰਕੇ ਜਨਮ ਮਿਤੀ ਦੇ ਆਧਾਰ 'ਤੇ ਤੀਜਾ ਸਥਾਨ ਹਾਸਿਲ ਕੀਤਾ | ਦੂਜੇ ਤੇ ਤੀਜੇ ਸਥਾਨ 'ਤੇ ਰਹੇ ਪ੍ਰੀਖਿਆਰਥੀਆਂ ਦੇ ਅੰਕ ਬਰਾਬਰ ਹੋਣ ਕਾਰਨ ਸਿੱਖਿਆ ਬੋਰਡ ਦੀ ਨੀਤੀ ਅਨੁਸਾਰ ਜਨਮ ਮਿਤੀ ਦੇ ਆਧਾਰ 'ਤੇ ਦੂਜਾ ਤੇ ਤੀਜਾ ਸਥਾਨ ਐਲਾਨਿਆ ਗਿਆ ਹੈ | ਇਸ ਵਾਰ 1688 ਸਰਕਾਰੀ ਸਕੂਲਾਂ ਅਤੇ 2030 ਨਿੱਜੀ ਸਕੂਲਾਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਿੱਖਿਆ ਬੋਰਡ ਵਲੋਂ ਜਾਰੀ ਮੈਰਿਟ ਸੂਚੀ 'ਚ ਖੇਡ ਕੋਟੇ ਦੇ ਅੰਕ ਹਾਸਿਲ ਕਰਨ ਵਾਲੇ 9 ਪ੍ਰੀਖਿਆਰਥੀ ਵੀ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਸਫ਼ਲ ਹੋਏ ਹਨ | ਇਸ ਵਾਰ ਕੁੱਲ 608 ਖਿਡਾਰੀਆਂ ਨੂੰ ਖੇਡ ਕੋਟੇ ਦੇ ਅੰਕ ਦਿੱਤੇ ਗਏ ਹਨ | ਬੋਰਡ ਚੇਅਰਮੈਨ ਨੇ ਅੱਗੇ ਦੱਸਿਆ ਕਿ 10ਵੀਂ ਸ਼੍ਰੇਣੀ ਦੀ ਮਾਰਚ-2026 ਦੀ ਸਾਲਾਨਾ ਪ੍ਰੀਖਿਆ 'ਚ 2,69,505 ਰੈਗੂਲਰ ਪ੍ਰੀਖਿਆਰਥੀ ਬੈਠੇ ਸਨ, ਜਿਨ੍ਹਾਂ 'ਚੋਂ 2,54,744 ਪ੍ਰੀਖਿਆਰਥੀ ਪਾਸ ਹੋਏ ਹਨ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 94.52 ਫ਼ੀਸਦੀ ਹੈ | ਉਨ੍ਹਾਂ ਦੱਸਿਆ ਕਿ ਇਸ ਸਾਲ 13,126 ਰੈਗੂਲਰ ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਹੈ, ਜਦਕਿ 1593 ਰੈਗੂਲਰ ਪ੍ਰੀਖਿਆਰਥੀ ਫੇਲ੍ਹ ਹੋਏ ਹਨ ਅਤੇ 42 ਰੈਗੂਲਰ ਪ੍ਰੀਖਿਆਰਥੀਆਂ ਦਾ ਨਤੀਜਾ ਲੇਟ ਹੈ | ਇਸੇ ਤਰ੍ਹਾਂ ਓਪਨ ਸਕੂਲ ਦੇ 7,952 ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 4,661 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 58.61 ਫ਼ੀਸਦੀ ਹੈ | ਇਸ ਸਾਲ 3,236 ਓਪਨ ਸਕੂਲ ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਹੈ ਅਤੇ 51 ਓਪਨ ਸਕੂਲ ਪ੍ਰੀਖਿਆਰਥੀ ਫੇਲ੍ਹ ਹੋਏ ਹਨ, ਜਦਕਿ 4 ਓਪਨ ਸਕੂਲ ਪ੍ਰੀਖਿਆਰਥੀਆਂ ਦਾ ਨਤੀਜਾ ਲੇਟ ਹੈ |
ਜ਼ਿਕਰਯੋਗ ਹੈ ਕਿ 10ਵੀ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੀ ਪਾਸ ਪ੍ਰਤੀਸ਼ਤਤਾ ਸਾਲ 2017 'ਚ 72.25 ਫ਼ੀਸਦੀ, ਸਾਲ 2018 ਵਿਚ 57.50 ਫ਼ੀਸਦੀ, ਸਾਲ 2019 ਵਿਚ 85.56 ਫ਼ੀਸਦੀ, ਸਾਲ 2021 ਵਿਚ 99.93 ਫ਼ੀਸਦੀ, ਸਾਲ 2022 ਵਿਚ 99.06 ਫ਼ੀਸਦੀ, ਸਾਲ 2023 ਵਿਚ 97.54 ਫ਼ੀਸਦੀ, ਸਾਲ 2024 'ਚ 97.24 ਫ਼ੀਸਦੀ ਅਤੇ ਸਾਲ 2025 'ਚ 95.61 ਫ਼ੀਸਦੀ ਸੀ, ਜਦਕਿ ਇਸ ਸਾਲ ਪਾਸ ਪ੍ਰਤੀਸ਼ਤਤਾ 94.52 ਫ਼ੀਸਦੀ ਰਹੀ ਹੈ | ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀ ਆਪਣਾ ਰੋਲ ਨੰਬਰ ਭਰ ਕੇ ਆਪਣਾ ਨਤੀਜਾ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ, ਜਦਕਿ ਸਕੂਲ ਦੇ ਨਾਂਅ ਅਨੁਸਾਰ ਨਤੀਜਾ ਸੂਚੀਆਂ ਸਕੂਲਾਂ ਦੇ ਪੋਰਟਲ 'ਤੇ ਹੀ ਉਪਲੱਬਧ ਕਰਵਾਈਆਂ ਗਈਆਂ ਹਨ | ਪ੍ਰੀਖਿਆਰਥੀਆਂ ਦੇ ਨਤੀਜਾ ਦਸਤਾਵੇਜ਼ ਉਨ੍ਹਾਂ ਦੇ ਡੀਜੀ-ਲਾਕਰ 'ਚ ਵੀ ਮੁਹੱਈਆ ਕਰਵਾਏ ਜਾਣਗੇ | ਇਸ ਮੌਕੇ ਬੋਰਡ ਕੰਟਰੋਲਰ ਪ੍ਰੀਖਿਆ ਲਵੀਸ਼ ਚਾਵਲਾ, ਕੰਪਿਊਟਰ ਡਾਇਰੈਕਟਰ ਨਵਨੀਤ ਕੌਰ, ਉਪ ਸਕੱਤਰ ਡਾ. ਗੁਰਮੀਤ ਕੌਰ ਤੇ ਸੀਨੀਅਰ ਮੈਨੇਜਰ ਹਰਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ |
ਸਰਕਾਰੀ ਸਕੂਲਾਂ ਤੋਂ ਅੱਗੇ ਰਹੇ ਨਿੱਜੀ ਸਕੂਲ
ਇਸ ਵਾਰ ਪਾਸ ਪ੍ਰਤੀਸ਼ਤਤਾ ਦੇ ਮਾਮਲੇ 'ਚ ਨਿੱਜੀ ਸਕੂਲ ਸਰਕਾਰੀ ਤੇ ਏਡਿਡ ਸਕੂਲਾਂ ਤੋਂ ਅੱਗੇ ਰਹੇ | ਇਸ ਵਾਰ ਨਿੱਜੀ ਸਕੂਲਾਂ ਦੇ 72,147 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 69,237 ਪ੍ਰੀਖਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.97 ਫ਼ੀਸਦੀ ਰਹੀ | ਸਰਕਾਰੀ ਸਕੂਲਾਂ ਦੇ 1,78,498 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,68,593 ਪ੍ਰੀਖਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 94.45 ਫ਼ੀਸਦੀ ਰਹੀ | ਇਸ ਤੋਂ ਇਲਾਵਾ ਏਡਿਡ ਸਕੂਲਾਂ ਦੇ 18,860 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 16,914 ਪ੍ਰੀਖਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 89.68 ਫ਼ੀਸਦੀ ਰਹੀ |
ਜ਼ਿਲ੍ਹਾ ਸ੍ਰੀ ਅੰਮਿ੍ਤਸਰ ਪਹਿਲੇ ਸਥਾਨ 'ਤੇ
ਜ਼ਿਲਿ੍ਹਆਂ ਦੀ ਪਾਸ ਪ੍ਰਤੀਸ਼ਤਤਾ 'ਚ ਜ਼ਿਲ੍ਹਾ ਸ੍ਰੀ ਅੰਮਿ੍ਤਸਰ 98.41 ਫ਼ੀਸਦੀ ਨਾਲ ਸਭ ਤੋਂ ਅੱਗੇ ਰਿਹਾ, ਜਦਕਿ ਫ਼ਿਰੋਜ਼ਪੁਰ 98.39 ਫ਼ੀਸਦੀ ਨਾਲ ਦੂਸਰੇ, ਪਠਾਨਕੋਟ 97.99.ਫੀਸਦੀ ਨਾਲ ਤੀਜੇ, ਤਰਨ ਤਾਰਨ 97.95 ਫ਼ੀਸਦੀ ਨਾਲ ਚੌਥੇ, ਗੁਰਦਾਸਪੁਰ 97.84 ਫ਼ੀਸਦੀ ਨਾਲ 5ਵੇਂ, ਫ਼ਰੀਦਕੋਟ 97.73 ਫ਼ੀਸਦੀ ਨਾਲ 6ਵੇਂ, ਐੱਸ. ਬੀ. ਐੱਸ. ਨਗਰ 97.11 ਫ਼ੀਸਦੀ ਨਾਲ 7ਵੇਂ, ਕਪੂਰਥਲਾ 96.75 ਫ਼ੀਸਦੀ ਨਾਲ 8ਵੇਂ, ਹੁਸ਼ਿਆਰਪੁਰ 96.08 ਫ਼ੀਸਦੀ ਨਾਲ 9ਵੇਂ, ਐੱਸ. ਏ. ਐੱਸ. ਨਗਰ 95.26 ਨਾਲ 10ਵੇਂ, ਰੂਪਨਗਰ 95.22 ਫ਼ੀਸਦੀ ਨਾਲ 11ਵੇਂ, ਬਰਨਾਲਾ 94.37 ਫ਼ੀਸਦੀ ਨਾਲ 12ਵੇਂ, ਸੰਗਰੂਰ 94.37 ਫ਼ੀਸਦੀ ਨਾਲ 13ਵੇਂ, ਮਾਨਸਾ 94.33 ਫ਼ੀਸਦੀ ਨਾਲ 14ਵੇਂ, ਮੋਗਾ 93.71 ਫ਼ੀਸਦੀ ਨਾਲ 15ਵੇਂ, ਜਲੰਧਰ 93.70 ਫ਼ੀਸਦੀ ਨਾਲ 16ਵੇਂ, ਫ਼ਾਜ਼ਿਲਕਾ 93.26 ਫ਼ੀਸਦੀ ਨਾਲ 17ਵੇਂ, ਪਟਿਆਲਾ 92.98 ਫ਼ੀਸਦੀ ਨਾਲ 18ਵੇਂ, ਸ੍ਰੀ ਫ਼ਤਹਿਗੜ੍ਹ ਸਾਹਿਬ 92.91 ਫ਼ੀਸਦੀ ਨਾਲ 19ਵੇਂ, ਬਠਿੰਡਾ 92.83 ਫ਼ੀਸਦੀ ਨਾਲ 20ਵੇਂ, ਮਲੇਰਕੋਟਲਾ 92.15 ਫ਼ੀਸਦੀ ਨਾਲ 21ਵੇਂ, ਸ੍ਰੀ ਮੁਕਤਸਰ ਸਾਹਿਬ 90.46 ਫ਼ੀਸਦੀ ਨਾਲ 22ਵੇਂ, ਲੁਧਿਆਣਾ 89.20 ਫ਼ੀਸਦੀ ਨਾਲ ਆਖਰੀ ਸਥਾਨ 'ਤੇ ਰਿਹਾ |
ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਧ 38 ਪ੍ਰੀਖਿਆਰਥੀ ਮੈਰਿਟ ਸੂਚੀ 'ਚ
ਇਸ ਵਾਰ 10ਵੀਂ ਸ਼੍ਰੇਣੀ 'ਚ 650 ਅੰਕਾਂ 'ਚੋਂ 624 (96 ਫ਼ੀਸਦੀ) ਤੱਕ ਅੰਕ ਪ੍ਰਾਪਤ ਕਰਨ ਵਾਲੇ ਕੁੱਲ 272 ਪ੍ਰੀਖਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ | ਮੈਰਿਟ ਸੂਚੀ 'ਚ 220 ਲੜਕੀਆਂ ਨੇ ਥਾਂ ਬਣਾਈ ਹੈ, ਜਦਕਿ 52 ਲੜਕੇ ਮੈਰਿਟ 'ਚ ਆਪਣਾ ਨਾਂਅ ਦਰਜ ਕਰਵਾਉਣ 'ਚ ਸਫ਼ਲ ਰਹੇ | ਮੈਰਿਟ ਸੂਚੀ ਦੇ ਪਹਿਲੇ 10 ਸਥਾਨਾਂ 'ਚੋਂ 8 ਸਥਾਨਾਂ 'ਤੇ ਲੜਕੀਆਂ ਕਾਬਜ਼ ਹਨ, ਜਦਕਿ 88 ਸਰਕਾਰੀ ਸਕੂਲ, 173 ਨਿੱਜੀ ਸਕੂਲ ਤੇ 11 ਏਡਿਡ ਸਕੂਲਾਂ ਦੇ ਵਿਦਿਆਰਥੀ ਮੈਰਿਟ ਸੂਚੀ 'ਚ ਥਾਂ ਬਣਾਉਣ 'ਚ ਸਫ਼ਲ ਰਹੇ | ਜ਼ਿਲ੍ਹਾਵਾਰ ਮੈਰਿਟ ਸੂਚੀ 'ਚ ਆਏ ਪ੍ਰੀਖਿਆਰਥੀਆਂ ਸੰਬੰਧੀ ਜਾਰੀ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਸਭ ਤੋਂ ਵੱਧ 38 ਪ੍ਰੀਖਿਆਰਥੀ ਆਪਣਾ ਨਾਂਅ ਮੈਰਿਟ ਸੂਚੀ 'ਚ ਦਰਜ ਕਰਵਾਉਣ 'ਚ ਸਫ਼ਲ ਰਹੇ, ਜਦਕਿ ਸ੍ਰੀ ਅੰਮਿ੍ਤਸਰ ਜ਼ਿਲ੍ਹੇ ਦੇ 31 ਪ੍ਰੀਖਿਆਰਥੀ, ਹੁਸ਼ਿਆਰਪੁਰ ਦੇ 27, ਸੰਗਰੂਰ ਦੇ 19, ਜਲੰਧਰ ਦੇ 17, ਪਟਿਆਲਾ ਦੇ 16, ਬਠਿੰਡਾ, ਫ਼ਰੀਦਕੋਟ ਤੇ ਗੁਰਦਾਸਪੁਰ ਦੇ 13-13 ਪ੍ਰੀਖਿਆਰਥੀ, ਫ਼ਿਰੋਜ਼ਪੁਰ ਦੇ 12, ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਰੂਪਨਗਰ ਦੇ 10-10 ਪ੍ਰੀਖਿਆਰਥੀ, ਫ਼ਾਜ਼ਿਲਕਾ ਤੇ ਮੋਗਾ ਦੇ 9-9 ਪ੍ਰੀਖਿਆਰਥੀ, ਪਠਾਨਕੋਟ ਦੇ 7, ਮਲੇਰਕੋਟਲਾ ਦੇ 6, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਦੇ 5-5 ਪ੍ਰੀਖਿਆਰਥੀ, ਐੱਸ. ਏ. ਐੱਸ. ਨਗਰ ਤੇ ਤਰਨ ਤਾਰਨ ਦੇ 3-3 ਪ੍ਰੀਖਿਆਰਥੀ, ਬਰਨਾਲਾ, ਕਪੂਰਥਲਾ ਤੇ ਐੱਸ. ਬੀ. ਐੱਸ. ਨਗਰ ਜ਼ਿਲ੍ਹੇ ਦੇ 2-2 ਪ੍ਰੀਖਿਆਰਥੀ ਮੈਰਿਟ ਸੂਚੀ ਨਾਂਅ ਦਰਜ ਕਰਵਾਉਣ 'ਚ ਸਫ਼ਲ ਰਹੇ |
ਪਾਸ ਪ੍ਰਤੀਸ਼ਤਤਾ 'ਚ ਪੇਂਡੂ ਪ੍ਰੀਖਿਆਰਥੀ ਸ਼ਹਿਰੀ ਪ੍ਰੀਖਿਆਰਥੀਆਂ ਨਾਲੋਂ 2.37 ਫ਼ੀਸਦੀ ਅੱਗੇ
ਨਤੀਜੇ ਦੀ ਪਾਸ ਪ੍ਰਤੀਸ਼ਤਤਾ ਅਨੁਸਾਰ ਪੇਂਡੂ ਖੇਤਰ ਦੇ ਪ੍ਰੀਖਿਆਰਥੀ ਸ਼ਹਿਰੀ ਖੇਤਰ ਦੇ ਪ੍ਰੀਖਿਆਰਥੀਆਂ ਨਾਲੋਂ ਅੱਗੇ ਰਹੇ ਹਨ। ਇਸ ਸਾਲ 1,74,958 ਪੇਂਡੂ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,66,830 ਪ੍ਰੀਖਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.35 ਫ਼ੀਸਦੀ ਹੈ। ਇਸੇ ਤਰ੍ਹਾਂ 94,547 ਸ਼ਹਿਰੀ ਪ੍ਰੀਖਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 87,914 ਪ੍ਰੀਖਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 92.98 ਫ਼ੀਸਦੀ ਹੈ।
ਨਤੀਜੇ ਦੀ ਵਿਸ਼ੇ ਵਾਰ ਪਾਸ ਪ੍ਰਤੀਸ਼ਤਤਾ
10ਵੀਂ ਸ਼੍ਰੇਣੀ ਦੇ ਨਤੀਜੇ ਦੀ ਵਿਸ਼ੇ ਵਾਰ ਜਾਰੀ ਪਾਸ ਪ੍ਰਤੀਸ਼ਤਤਾ (ਕੇਵਲ ਰੈਗੂਲਰ) ਅਨੁਸਾਰ ਪੰਜਾਬੀ ਦੀ 99.31 ਫ਼ੀਸਦੀ, ਅੰਗਰੇਜ਼ੀ ਦੀ 97.71 ਫ਼ੀਸਦੀ, ਹਿੰਦੀ ਦੀ 99.06 ਫ਼ੀਸਦੀ, ਗਣਿਤ ਦੀ 98.70 ਫ਼ੀਸਦੀ, ਵਿਗਿਆਨ ਦੀ 98.18 ਫ਼ੀਸਦੀ, ਸਮਾਜਿਕ ਸਿੱਖਿਆ ਦੀ 98.66 ਫ਼ੀਸਦੀ, ਸਿਹਤ ਤੇ ਸਰੀਰਕ ਸਿੱਖਿਆ ਦੀ 99.75 ਫ਼ੀਸਦੀ, ਸੰਸਕ੍ਰਿਤ ਦੀ 99.90 ਫ਼ੀਸਦੀ, ਮਕੈਨੀਕਲ ਡਰਾਇੰਗ ਤੇ ਚਿੱਤਰਕਲਾ ਦੀ 99.79 ਫ਼ੀਸਦੀ ਤੇ ਕੰਪਿਊਟਰ ਸਾਇੰਸ ਦੀ 99.78 ਫ਼ੀਸਦੀ ਰਹੀ।
ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ 2.73 ਫ਼ੀਸਦੀ ਵੱਧ
ਇਸ ਵਾਰ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ 2.73 ਫ਼ੀਸਦੀ ਵਧ ਰਹੀ। ਇਸ ਵਾਰ 1,27,753 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,22,595 ਲੜਕੀਆਂ ਪਾਸ ਹੋਈਆਂ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.96 ਫ਼ੀਸਦੀ ਰਹੀ ਹੈ। ਇਸੇ ਤਰ੍ਹਾਂ 1,41,746 ਲੜਕਿਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,32,143 ਲੜਕੇ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 93.23 ਫ਼ੀਸਦੀ ਰਹੀ ਹੈ। ਇਸ ਵਾਰ 6 ਟਰਾਂਸਜੈਂਡਰ ਪ੍ਰੀਖਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਤੇ ਸਾਰੇ ਹੀ ਪਾਸ ਹੋ ਗਏ।