ਐੱਸ. ਏ. ਐੱਸ. ਨਗਰ, 11 ਮਈ (ਕਪਿਲ ਵਧਵਾ)-ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ ਇਕ ਕਥਿਤ ਰਿਸ਼ਵਤਖੋਰੀ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਵਲੋਂ ਸੋਮਵਾਰ ਦੇਰ ਰਾਤ ਨੂੰ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਅਤੇ ਵਿਜੀਲੈਂਸ ਡਾਇਰੈਕਟਰ ਦੇ ਦਫ਼ਤਰ ਵਿਚ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਸੂਤਰਾਂ ਅਨੁਸਾਰ ਕਰੀਬ 20 ਲੱਖ ਰੁਪਏ ਦੀ ਕਥਿਤ ਰਿਸ਼ਵਤ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛਾਪੇਮਾਰੀ ਦੌਰਾਨ ਕੇਂਦਰੀ ਏਜੰਸੀ ਵਲੋਂ ਲਗਭਗ 13 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੇ ਜਾਣ ਦੀ ਚਰਚਾ ਹੈ | ਹਾਲਾਂਕਿ ਇਸ ਸੰਬੰਧੀ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ | ਸੂਤਰਾਂ ਮੁਤਾਬਿਕ ਰਿਸ਼ਵਤਖ਼ੋਰੀ ਦਾ ਇਹ ਸੌਦਾ ਇਕ ਪੰਜ ਤਾਰਾ ਹੋਟਲ ਵਿਚ ਇਕ ਵਿਚੋਲੇ ਰਾਹੀਂ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਦੀ ਪਛਾਣ ਵਿਚੋਲੇ ਰਾਘਵ ਗੋਇਲ ਵਜੋਂ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਸੀ.ਬੀ.ਆਈ ਵਲੋਂ ਗਿ੍ਫ਼ਤਾਰ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਏਜੰਸੀ ਇਸ ਮਾਮਲੇ ਨਾਲ ਜੁੜੇ ਵਿੱਤੀ ਲੈਣ-ਦੇਣ ਅਤੇ ਸੰਭਾਵਿਤ ਭਿ੍ਸ਼ਟਾਚਾਰ ਦੇ ਜਾਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ | ਇਸ ਦੌਰਾਨ ਵਿਜੀਲੈਂਸ ਡਾਇਰੈਕਟਰ ਦੇ ਰੀਡਰ ਓ.ਪੀ. ਰਾਣਾ ਨੂੰ ਵੀ ਕੇਂਦਰੀ ਏਜੰਸੀ ਵਲੋਂ ਪੁੱਛਗਿੱਛ ਲਈ ਆਪਣੇ ਨਾਲ ਲਿਜਾਣ ਦੀ ਚਰਚਾ ਹੈ | ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਹੋਰ ਵੀ ਕਈ ਅਹਿਮ ਖ਼ੁਲਾਸੇ ਹੋ ਸਕਦੇ ਹਨ ਅਤੇ ਕੁਝ ਹੋਰ ਅਧਿਕਾਰੀ ਜਾਂ ਵਿਚੋਲਿਆਂ ਦੇ ਨਾਂਅ ਵੀ ਸਾਹਮਣੇ ਆ ਸਕਦੇ ਹਨ | ਕੇਂਦਰੀ ਏਜੰਸੀ ਅਤੇ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇਸ ਸੰਬੰਧੀ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ | ਉੱਧਰ, ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਇਸ ਕਾਰਵਾਈ ਨੂੰ ਲੈ ਕੇ ਚਰਚਾਵਾਂ ਜਾਰੀ ਹਨ |
ਸੀ.ਬੀ.ਆਈ. ਵਲੋਂ ਵਿਜੀਲੈਂਸ ਬਿਊਰੋ ਅਤੇ ਡਾਇਰੈਕਟਰ ਦੇ ਦਫ਼ਤਰ 'ਚ ਛਾਪੇਮਾਰੀ <br/>
ਅਜੀਤ ਡੈਸਕ
12-05-2026