28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੋਰਮੁਜ਼ ਨੂੰ ਖੁੱਲ੍ਹਾ ਰੱਖਣ ਤੇ ਈਰਾਨ ਨੂੰ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕਣ ਲਈ ਅਮਰੀਕਾ ਤੇ ਚੀਨ ਹੋਏ ਸਹਿਮਤ <br/>

Ad Position 21
No active advertisement
ਅਜੀਤ ਡੈਸਕ 15-05-2026

ਅਮਰੀਕਾ ਅਤੇ ਚੀਨ ਦੇ ਰਿਸ਼ਤੇ ਵਿਸ਼ਵ ਇਤਿਹਾਸ 'ਚ ਸਭ ਤੋਂ ਮਹੱਤਵਪੂਰਨ- ਟਰੰਪ
ਦੋਵੇਂ ਦੇਸ਼ਾਂ ਦੇ ਸੰਬੰਧ ਆਲਮੀ ਸਥਿਰਤਾ ਲਈ ਬੇਹੱਦ ਅਹਿਮ-ਜਿਨਪਿੰਗ

ਬੀਜਿੰਗ, 14 ਮਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਦੌਰੇ ਦੌਰਾਨ ਅਮਰੀਕਾ ਦੇ ਚੀਨ ਨਾਲ ਰਿਸ਼ਤਿਆਂ ਨੂੰ ਵਿਸ਼ਵ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਸੰਬੰਧਾਂ 'ਚੋਂ ਇਕ ਦੱਸਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦਰਮਿਆਨ ਸਨਮਾਨ ਅਤੇ ਸਹਿਯੋਗ ਦੀ ਭਾਵਨਾ ਅਮਰੀਕਾ ਦੀ ਸਥਾਪਨਾ ਦੇ ਸਮੇਂ ਤੋਂ ਹੀ ਮੌਜੂਦ ਰਹੀ ਹੈ | ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਸੰਬੰਧ ਹੋਰ ਵੀ ਮਜ਼ਬੂਤ ਹੋਏ ਹਨ ਅਤੇ ਵਿਸ਼ਵ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਸੰਬੰਧਾਂ 'ਚੋਂ ਇਕ ਬਣ ਚੁੱਕਾ ਹੈ | ਵੀਰਵਾਰ ਨੂੰ ਟਰੰਪ ਨੇ ਬੀਜਿੰਗ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ | ਜਿਸ ਦੌਰਾਨ ਦੋਵੇਂ ਆਗੂਆਂ ਵਲੋਂ ਹੋਰਮੁਜ਼ ਜਲ ਮਾਰਗ ਨੂੰ ਖੁੱਲ੍ਹਾ ਰੱਖਣ, ਆਰਥਿਕ ਸਹਿਯੋਗ ਵਧਾਉਣ, ਈਰਾਨ ਨੂੰ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕਣ 'ਤੇ ਸਹਿਮਤੀ ਪ੍ਰਗਟਾਈ ਅਤੇ ਵੱਖ-ਵੱਖ ਆਲਮੀ ਮੁੱਦਿਆਂ 'ਤੇ ਚਰਚਾ ਕੀਤੀ | ਜਿਸ ਤੋਂ ਪਹਿਲਾਂ ਬੀਜਿੰਗ ਦੇ ਗ੍ਰੇਟ ਹਾਲ ਆਫ਼ ਦਾ ਪੀਪਲ 'ਚ ਜਿਨਪਿੰਗ ਨੇ ਟਰੰਪ ਦਾ ਰਸਮੀ ਸਵਾਗਤ ਕੀਤਾ | ਇਸ ਦੌਰਾਨ ਟਰੰਪ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਦੋਵੇਂ ਨੇਤਾਵਾਂ ਨੇ ਹੱਥ ਮਿਲਾਇਆ | ਜਿਸ ਤੋਂ ਬਾਅਦ ਦੋਵੇਂ ਨੇਤਾਵਾਂ 'ਚ ਕਰੀਬ 2 ਘੰਟੇ ਮੀਟਿੰਗ ਚੱਲੀ | ਮੀਟਿੰਗ ਤੋਂ ਬਾਅਦ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਆਪਸੀ ਸੰਬੰਧਾਂ ਨੂੰ ਬਿਹਤਰ ਬਣਾਉਣ ਲਈ ਇੱਕ 'ਨਵੇਂ ਦਿ੍ਸ਼ਟੀਕੋਣ' 'ਤੇ ਸਹਿਮਤ ਹੋਏ ਹਨ | ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰਪਤੀ ਟਰੰਪ ਨਾਲ ਮਿਲ ਕੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜ਼ਬੂਤ ਅਤੇ ਸਥਿਰ ਬਣਾਉਣ ਲਈ ਇੱਕ ਨਵੇਂ ਦਿ੍ਸ਼ਟੀਕੋਣ 'ਤੇ ਸਹਿਮਤੀ ਪ੍ਰਗਟਾਈ ਹੈ | ਇਹ ਨਵਾਂ ਦਿ੍ਸ਼ਟੀਕੋਣ ਅਗਲੇ ਤਿੰਨ ਸਾਲਾਂ ਤੇ ਉਸ ਤੋਂ ਬਾਅਦ ਦੁਵੱਲੇ ਸੰਬੰਧਾਂ ਲਈ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰੇਗਾ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਨਾਲ-ਨਾਲ ਕੌਮਾਂਤਰੀ ਭਾਈਚਾਰੇ ਵਲੋਂ ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਅਮਰੀਕਾ-ਚੀਨ ਰਿਸ਼ਤੇ ਆਲਮੀ ਸਥਿਰਤਾ ਲਈ ਬੇਹੱਦ ਅਹਿਮ ਹਨ | ਜਿਨਪਿੰਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਵਿਰੋਧੀ ਨਹੀਂ ਬਲਕਿ ਭਾਈਵਾਲ ਬਣਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵਾਰ-ਵਾਰ ਇਹ ਸਾਬਤ ਹੋਇਆ ਹੈ ਕਿ ਵਪਾਰਕ ਜੰਗ 'ਚ ਕੋਈ ਜੇਤੂ ਨਹੀਂ ਹੁੰਦਾ | ਚੀਨ-ਅਮਰੀਕਾ ਆਰਥਿਕ ਸੰਬੰਧਾਂ ਦਾ ਆਧਾਰ ਆਪਸੀ ਲਾਭ ਅਤੇ ਸਹਿਯੋਗ ਹੈ | ਉਥੇ ਟਰੰਪ ਨੇ ਜਿਨਪਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਪਹਿਲਾਂ ਨਾਲੋਂ ਬਿਹਤਰ ਹੋਣ ਵਾਲੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਆਗੂਆਂ ਨੂੰ ਆਪਣੇ ਨਾਲ ਲੈ ਕੇ ਚੀਨ ਆਏ ਹਨ | ਇਸ ਦੌਰਾਨ ਜਿਨਪਿੰਗ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦੀਆਂ ਵਪਾਰਕ ਟੀਮਾਂ ਨੂੰ ਹਾਲੀਆ ਗੱਲਬਾਤ 'ਚ ਸੰਤੁਲਿਤ ਅਤੇ ਸਕਾਰਾਤਮਕ ਨਤੀਜੇ ਮਿਲੇ ਹਨ | ਉਨ੍ਹਾਂ ਦੋਵਾਂ ਦੇਸ਼ਾਂ ਨੂੰ ਮੌਜੂਦਾ ਸਕਾਰਾਤਮਕ ਮਾਹੌਲ ਬਣਾਈ ਰੱਖਣ ਲਈ ਇਕੱਠੇ ਕੰਮ ਕਰਨ ਦੀ ਅਪੀਲ ਕੀਤੀ | ਵਾਈਟ ਹਾਊਸ ਵਲੋਂ ਜਾਰੀ ਬਿਆਨ ਅਨੁਸਾਰ ਦੋਵਾਂ ਆਗੂਆਂ ਨੇ ਆਰਥਿਕ ਸਹਿਯੋਗ ਵਧਾਉਣ, ਹੋਰਮੁਜ਼ ਜਲਮਾਰਗ ਨੂੰ ਖੁੱਲ੍ਹਾ ਰੱਖਣ ਅਤੇ ਈਰਾਨ ਨੂੰ ਪ੍ਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਰੋਕਣ ਬਾਰੇ ਚਰਚਾ ਕੀਤੀ | ਦੋਵਾਂ ਧਿਰਾਂ ਨੇ ਆਰਥਿਕ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਵੀ ਚਰਚਾ ਕੀਤੀ, ਜਿਸ ਵਿਚ ਚੀਨ 'ਚ ਅਮਰੀਕੀ ਕਾਰੋਬਾਰਾਂ ਲਈ ਬਾਜ਼ਾਰ ਪਹੁੰਚ ਵਧਾਉਣਾ ਅਤੇ ਅਮਰੀਕੀ ਉਦਯੋਗਾਂ 'ਚ ਚੀਨੀ ਨਿਵੇਸ਼ ਵਧਾਉਣਾ ਸ਼ਾਮਿਲ ਹੈ |
ਈਰਾਨ ਯੁੱਧ ਅਤੇ ਹੋਰਮੁਜ਼ ਨੂੰ ਖੋਲ੍ਹਣ ਬਾਰੇ ਗੱਲਬਾਤ

ਟਰੰਪ ਅਤੇ ਜਿਨਪਿੰਗ ਦਰਮਿਆਨ ਮੀਟਿੰਗ ਦੌਰਾਨ ਦੋਵੇਂ ਆਗੂਆਂ ਵਲੋਂ ਈਰਾਨ ਯੁੱਧ, ਯੂਕਰੇਨ ਸੰਕਟ, ਹੋਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਣ ਸਮੇਤ ਹੋਰ ਆਲਮੀ ਮੁੱਦਿਆਂ 'ਤੇ ਚਰਚਾ ਕੀਤੀ ਗਈ | ਦੋਵੇਂ ਆਗੂਆਂ ਨੇ ਹੋਰਮੁਜ਼ 'ਚੋਂ ਲੰਘਣ ਵਾਲੇ ਜਹਾਜ਼ਾਂ 'ਤੇ ਕਿਸੇ ਵੀ ਤਰ੍ਹਾਂ ਦਾ ਟੋਲ ਲਗਾਉਣ ਦਾ ਵੀ ਵਿਰੋਧ ਕੀਤਾ | ਮੀਟਿੰਗ ਦੌਰਾਨ ਜਿਨਪਿੰਗ ਨੇ ਖਾੜੀ ਦੇਸ਼ਾਂ ਦੇ ਤੇਲ 'ਤੇ ਚੀਨ ਦੇ ਭਵਿੱਖ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਅਮਰੀਕਾ ਤੋਂ ਹੋਰ ਤੇਲ ਖ਼ਰੀਦਣ 'ਚ ਵੀ ਦਿਲਚਸਪੀ ਦਿਖਾਈ | ਦੋਵੇਂ ਨੇਤਾਵਾਂ ਨੇ ਅਮਰੀਕਾ ਵਿਚ ਫੈਂਟਾਨਿਲ ਬਣਾਉਣ ਵਾਲੇ ਰਸਾਇਣਾਂ ਦੇ ਪ੍ਰਵਾਹ ਨੂੰ ਹੋਰ ਰੋਕਣ ਅਤੇ ਅਮਰੀਕੀ ਖੇਤੀਬਾੜੀ ਉਤਪਾਦਾਂ ਦੀ ਚੀਨ ਵਲੋਂ ਖ਼ਰੀਦ ਵਧਾਉਣ 'ਤੇ ਵੀ ਚਰਚਾ ਕੀਤੀ |
ਤਾਈਵਾਨ ਮੁੱਦੇ 'ਤੇ ਜਿਨਪਿੰਗ ਵਲੋਂ ਟਰੰਪ ਨੂੰ ਚਿਤਾਵਨੀ
ਮੀਟਿੰਗ ਦੌਰਾਨ ਸ਼ੀ ਜਿਨਪਿੰਗ ਨੇ ਟਰੰਪ ਨੂੰ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਤਾਈਵਾਨ ਦਾ ਮੁੱਦਾ ਅਮਰੀਕਾ-ਚੀਨ ਰਿਸ਼ਤੇ 'ਚ ਸਭ ਤੋਂ ਅਹਿਮ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਨਾ ਸੰਭਾਲਿਆ ਗਿਆ ਤਾਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਬੇਹੱਦ ਖ਼ਤਰਨਾਕ ਹਾਲਾਤ 'ਚ ਪਹੁੰਚ ਸਕਦੇ ਹਨ | ਦੋਵੇਂ ਦੇਸ਼ਾਂ ਦਰਮਿਆਨ ਗੰਭੀਰ ਟਕਰਾਅ ਅਤੇ ਇਥੋਂ ਤੱਕ ਕਿ ਸੈਨਿਕ ਸੰਘਰਸ਼ ਦੀ ਸਥਿਤੀ ਪੈਦਾ ਹੋ ਸਕਦੀ ਹੈ |
ਜਿਨਪਿੰਗ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਨੂੰ ਅਮਰੀਕਾ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਸਾਲ ਸਤੰਬਰ 'ਚ ਵਾਈਟ ਹਾਊਸ 'ਚ ਉਨ੍ਹਾਂ ਦੇ ਸਵਾਗਤ ਦੀ ਉਡੀਕ ਕਰ ਰਹੇ ਹਨ | ਦੁਵੱਲੀ ਮੁਲਾਕਾਤ ਦੇ ਬਾਅਦ ਟਰੰਪ ਨੇ ਕਿਹਾ ਕਿ ਇਸ ਸ਼ਾਨਦਾਰ ਸਵਾਗਤ ਲਈ ਇਕ ਵਾਰ ਮੁੜ ਧੰਨਵਾਦ ਰਾਸ਼ਟਰਪਤੀ ਸ਼ੀ | ਤੁਹਾਨੂੰ ਅਤੇ ਮੈਡਮ ਪੇਂਗ ਨੂੰ 24 ਸਤੰਬਰ ਨੂੰ ਵਾਈਟ ਹਾਊਸ 'ਚ ਆਉਣ ਦਾ ਸੱਦਾ ਦਿੰਦੇ ਹੋਏ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ | ਅਸੀਂ ਇਸ ਦੌਰੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਮੇਤ 19 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਐਸ.ਆਈ.ਆਰ. ਦਾ ਐਲਾਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ 'ਬਿ੍ਕਸ' ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ
Ad Position 24