• ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਅਲੌਕਿਕ ਨਗਰ ਕੀਰਤਨ • ਪਹਿਲੇ ਦਿਨ 7000 ਦੇ ਕਰੀਬ ਸ਼ਰਧਾਲੂਆਂ ਨੇ ਟੇਕਿਆ ਮੱਥਾ-ਬਰਫ਼ੀਲੇ ਸਰੋਵਰ 'ਚ ਕੀਤਾ ਇਸ਼ਨਾਨ
ਸ੍ਰੀ ਹੇਮਕੁੰਟ ਸਾਹਿਬ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਸ੍ਰੀ ਹੇਮਕੁੰਟ ਸਾਹਿਬ, 23 ਮਈ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਖਾਲਸਾਈ ਜਾਹੋ-ਜਲਾਲ ਨਾਲ ਆਰੰਭਤਾ ਦੀ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਦੌਰਾਨ ਸੰਗਤ ਲਈ ਖੋਲ੍ਹ ਦਿੱਤੇ ਗਏ | ਉਪਰੰਤ ਹਜ਼ਾਰਾਂ ਦੀ ਤਾਦਾਦ 'ਚ ਪਹੁੰਚੀ ਸੰਗਤ ਨੇ ਮੱਥਾ ਟੇਕਿਆ ਤੇ ਭਾਰੀ ਠੰਢ ਦੇ ਬਾਵਜੂਦ ਬਰਫ਼ੀਲੇ ਸਰੋਵਰ 'ਚ ਇਸ਼ਨਾਨ ਕੀਤਾ | ਇਸ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੀ ਪਰਿਕਰਮਾ 'ਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਆਰੰਭਤਾ ਦੀ ਅਰਦਾਸ ਠੀਕ 10 ਵਜੇ ਮੁੱਖ ਗ੍ਰੰਥੀ ਭਾਈ ਹਮੀਰ ਸਿੰਘ ਵਲੋਂ ਕੀਤੀ ਗਈ | ਇਸ ਦੌਰਾਨ ਖ਼ਾਲਸਾਈ ਜੈਕਾਰਿਆਂ, ਸ਼ਰਧਾਲੂਆਂ ਤੇ ਭਾਰਤੀ ਫ਼ੌਜ ਦੇ ਬੈਂਡ ਦੀਆਂ ਮਧੁਰ ਧੁਨਾਂ ਅਤੇ ਫੁੱਲਾਂ ਦੀ ਵਰਖਾ ਨੇ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕਰਨ ਮਗਰੋਂ ਮੁੱਖ ਦਰਬਾਰ ਹਾਲ ਦੀ ਸੁੰਦਰ ਪਾਲਕੀ ਸਾਹਿਬ 'ਚ ਸੁਸ਼ੋਭਿਤ ਕੀਤੇ ਗਏ ਅਤੇ 10.30 ਵਜੇ ਆਰੰਭਤਾ ਦੀ ਅਰਦਾਸ ਕਰ ਕੇ ਹੁਕਮਨਾਮਾ ਲਿਆ | ਆਰੰਭਤਾ ਸਮਾਗਮ ਦੌਰਾਨ ਅੱਜ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਸੀ. ਈ. ਓ. ਸੇਵਾ ਸਿੰਘ, ਬਿ੍ਗੇਡੀਅਰ ਗੌਰਵ ਬੱਤਰਾ, ਕਰਨਲ ਵਰਿੰਦਰ ਔਲਾ ਨੇ ਵਿਸ਼ੇਸ਼ ਰੂਪ 'ਚ ਸ਼ਿਰਕਤ ਕੀਤੀ | ਇਸ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੇ ਗ੍ਰੰਥੀ ਭਾਈ ਸੁੱਚਾ ਸਿੰਘ ਅਤੇ ਭਾਈ ਸੁਖਦੀਪ ਸਿੰਘ ਵਲੋਂ ਜਿੱਥੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ, ਉੱਥੇ ਹੀ ਭਾਈ ਸ਼ੁੱਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਅਤੇ ਹਜ਼ੂਰੀ ਰਾਗੀ ਭਾਈ ਉਮਬੀਰ ਸਿੰਘ ਦੇ ਜਥੇ ਨੇ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ | ਗੁਰਦੁਆਰਾ ਸਾਹਿਬ 'ਚ ਫੁੱਲਾਂ ਦੀ ਖੂਬਸੂਰਤ ਸਜਾਵਟ ਵੀ ਕੀਤੀ ਗਈ ਸੀ | ਕਰੀਬ 2 ਕਿਲੋਮੀਟਰ ਦੇ ਦਾਇਰੇ 'ਚ ਦੂਰ-ਦੂਰ ਤੱਕ ਬਰਫ਼ ਦੀ ਚਿੱਟੀ ਚਾਦਰ ਨਾਲ ਢਕੀਆਂ ਹੋਈਆਂ ਪਹਾੜੀਆਂ ਚਾਂਦੀ ਦੀ ਚਮਕ ਵਾਂਗ ਲਿਸ਼ਕ ਰਹੀਆਂ ਸਨ ਤੇ ਦੂਜੇ ਪਾਸੇ ਪਹਾੜ ਦੀਆਂ 7 ਚੋਟੀਆਂ ਉੱਪਰ ਝੂਲਦੇ ਹੋਏ ਨਿਸ਼ਾਨ ਸਾਹਿਬ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ | ਇਸ ਸੰਬੰਧੀ ਭਾਈ ਸੇਵਾ ਸਿੰਘ ਨੇ ਦੱਸਿਆ ਕਿ 5-5 ਸਿੰਘਾਂ ਦੇ ਜਥੇ ਇਨ੍ਹਾਂ 7 ਨਿਸ਼ਾਨ ਸਾਹਿਬ ਦੇ ਚੋਲੇ ਹਰ ਸਾਲ ਹੀ ਅਗਸਤ ਦੇ ਮਹੀਨੇ ਬਦਲਣ ਦੀ ਸੇਵਾ ਨਿਭਾਉਂਦੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਮਰਿਆਦਾ ਅਨੁਸਾਰ ਦਿਨ 'ਚ ਦੋ ਵਾਰ ਅਰਦਾਸ ਕੀਤੀ ਜਾਂਦੀ ਹੈ, ਪਹਿਲੀ ਸੰਗਤ ਦੀ ਆਮਦ 'ਤੇ ਸਵੇਰੇ 9.30 ਵਜੇ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਕੀਰਤਨ ਤੋਂ ਬਾਅਦ ਦੂਜੀ ਵਾਰ 12.15 ਵਜੇ ਅਰਦਾਸ ਕੀਤੀ ਜਾਂਦੀ ਹੈ, ਜਦਕਿ ਇਸ ਤੋਂ ਪਹਿਲਾਂ 2.30 ਵਜੇ ਤੀਜੀ ਅਰਦਾਸ ਵੀ ਕੀਤੀ ਜਾਂਦੀ ਸੀ ਪਰ ਮੌਸਮ ਦੀ ਖ਼ਰਾਬੀ ਦੇ ਚਲਦਿਆਂ ਦੂਜੀ ਅਰਦਾਸ ਤੋਂ ਬਾਅਦ ਸੰਗਤ ਨੂੰ ਗੁਰਦੁਆਰਾ ਗੋਬਿੰਦ ਧਾਮ ਲਈ ਭੇਜ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸ਼ਾਮ ਵੇਲੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਆਰਤੀ ਤੇ ਕੀਰਤਨ ਉਪਰੰਤ ਸਮਾਪਤੀ ਕੀਤੀ ਜਾਂਦੀ ਹੈ ਅਤੇ ਅੰਮਿ੍ਤ ਵੇਲੇ ਪੰਜ ਬਾਣੀਆਂ ਦਾ ਨਿੱਤਨੇਮ ਤੇ ਫਿਰ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ | ਇਸ ਮੌਕੇ ਹੇਮਕੁੰਟ ਸਾਹਿਬ ਦੇ ਮੈਨੇਜਰ ਮਨਿੰਦਰ ਸਿੰਘ ਮੋਨੂੰ, ਸਬ ਇੰਸਪੈਕਟਰ ਚਿਤਰਗੁਪਤ, ਐਸ. ਆਈ. ਅਮਨਦੀਪ ਸਿੰਘ, ਜਤਿੰਦਰ ਸਿੰਘ ਲਾਲੀ ਆਦਿ ਹਾਜ਼ਰ ਸਨ |
ਗੋਬਿੰਦ ਧਾਮ ਤੋਂ ਤੜਕੇ 4 ਵਜੇ ਰਵਾਨਾ ਹੋਈ ਸੰਗਤ
ਇਸ ਤੋਂ ਪਹਿਲਾਂ ਤੜਕੇ 4 ਵਜੇ ਸ਼ਰਧਾਲੂਆਂ ਨੇ ਗੁਰਦੁਆਰਾ ਗੋਬਿੰਦ ਧਾਮ ਤੋਂ ਅਰਦਾਸ ਕਰ ਕੇ ਸ੍ਰੀ ਹੇਮਕੁੰਟ ਸਾਹਿਬ ਵੱਲ ਚਾਲੇ ਪਾਏ ਤੇ ਔਕੜਾਂ ਭਰਪੂਰ 6 ਕਿਲੋਮੀਟਰ ਦੀ ਸਿੱਧੀ ਚੜ੍ਹਾਈ ਦਾ ਸਫ਼ਰ ਤੈਅ ਕਰਕੇ ਹੇਮਕੁੰਟ ਸਾਹਿਬ ਵਿਖੇ ਪਹੁੰਚੇ ਤੇ ਪਹਿਲੀ ਅਰਦਾਸ 'ਚ ਸ਼ਿਰਕਤ ਕੀਤੀ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ, ਸੀ.ਈ.ਓ. ਸੇਵਾ ਸਿੰਘ ਨੇ ਸਾਲਾਨਾ ਯਾਤਰਾ ਦੇ ਆਗਾਜ਼ ਸੰਬੰਧੀ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਅੱਜ ਪਹਿਲੇ ਦਿਨ 7 ਹਜ਼ਾਰ ਦੇ ਕਰੀਬ ਸ਼ਰਧਾਲੂਆ ਨੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ | ਇਹ ਤਾਦਾਦ ਪਿਛਲੇ ਸਾਲਾਂ ਨਾਲੋਂ ਕਾਫੀ ਜ਼ਿਆਦਾ ਹੈ | ਉਨ੍ਹਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਆਈ ਸੰਗਤ ਦੇ ਠਹਿਰਨ, ਲੰਗਰ ਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ | ਉਨ੍ਹਾਂ ਅਪੀਲ ਕੀਤੀ ਕਿ ਸੰਗਤ ਟਰੱਸਟ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਯਾਤਰਾ ਕਰੇ, ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਉਨ੍ਹਾਂ ਆਈਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਯਾਤਰਾ 'ਚ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ |
ਬਰਫ਼ੀਲੀਆਂ ਹਵਾਵਾਂ 'ਚ ਵੀ ਸੰਗਤ ਦੀ ਆਸਥਾ ਦਾ ਰਿਹਾ ਸਿਖ਼ਰ
ਬੀਤੇ ਦਿਨ ਗੋਬਿੰਦ ਘਾਟ ਤੋਂ ਸ਼ੁਰੂ ਹੋਈ ਪੈਦਲ ਯਾਤਰਾ ਦੌਰਾਨ ਸਾਰਾ ਦਿਨ ਲਗਾਤਾਰ ਬਾਰਿਸ਼ ਹੁੰਦੀ ਰਹੀ | ਕਰੀਬ 9 ਕਿਲੋਮੀਟਰ ਦਾ ਸਫ਼ਰ ਸੰਗਤ ਨੇ ਬਰਫ਼ੀਲੀਆਂ ਹਵਾਵਾਂ 'ਚ ਤੈਅ ਕੀਤਾ | ਗੋਬਿੰਦ ਧਾਮ ਵਿਖੇ ਵੀ ਦੇਰ ਰਾਤ ਤੱਕ ਮੀਂਹ ਪੈਂਦਾ ਰਿਹਾ ਪਰ ਯਾਤਰਾ ਦੇ ਕਾਰਜ ਨਿਰੰਤਰ ਚੱਲਦੇ ਰਹੇ | ਇਸ ਦੌਰਾਨ ਪੰਜ ਪਿਆਰੇ ਸਾਹਿਬਾਨ ਇਸ ਖਰਾਬ ਹੋਏ ਮੌਸਮ ਦਰਮਿਆਨ ਬੀਤੀ ਸ਼ਾਮ ਹੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੇ | ਇਸ ਦੌਰਾਨ ਉਨ੍ਹਾਂ ਨਾਲ ਟਰੱਸਟ ਦੇ ਅਧਿਕਾਰੀ ਵੀ ਮੌਜੂਦ ਸਨ |
ਹੇਮਕੁੰਟ ਸਾਹਿਬ ਵਿਖੇ ਬਣਾਇਆ ਹੈਲੀਪੈਡ
ਹੇਮਕੁੰਟ ਸਾਹਿਬ ਵਿਖੇ ਯਾਤਰਾ ਦੌਰਾਨ ਕਿਸੇ ਐਮਰਜੈਂਸੀ ਹਾਲਾਤ ਲਈ ਹੈਲੀਪੈਡ ਬਣਾਇਆ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਪਿਛਲੇ ਸਾਲਾਂ ਤੋਂ ਸੰਗਤ ਲਈ ਗੋਬਿੰਦ ਧਾਮ (ਘਾਘਰੀਆਂ) ਤੱਕ ਹੀ ਹੈਲੀਕਾਪਟਰ ਦੀ ਆਵਾਜਾਈ ਹੈ | ਟਰੱਸਟ ਵਲੋਂ ਹੇਮਕੁੰਟ ਸਾਹਿਬ ਵਿਖੇ ਚਾਹ ਤੇ ਖਿਚੜੀ ਦਾ ਲੰਗਰ ਲਗਾਇਆ ਜਾਂਦਾ ਹੈ, ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਡਿਸਪੈਂਸਰੀ ਵੀ ਬਣਾਈ ਗਈ ਹੈ |
ਅਹਿਮ ਭੂਮਿਕਾ ਨਿਭਾਉਂਦੀ ਹੈ ਭਾਰਤੀ ਫ਼ੌਜ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 'ਚ ਭਾਰਤੀ ਫ਼ੌਜ ਅਹਿਮ ਭੂਮਿਕਾ ਨਿਭਾਉਂਦੀ ਹੈ | ਪਿਛਲੇ ਕਈ ਸਾਲਾਂ ਤੋਂ 418 ਇੰਜੀਨੀਅਰ ਕੋਰ ਬਰਫ਼ ਹਟਾ ਕੇ ਸੰਗਤ ਲਈ ਰਸਤਾ ਤਿਆਰ ਕਰਦੀ ਹੈ | ਇਸ ਸੇਵਾ ਨੂੰ ਜਾਰੀ ਰੱਖਦਿਆਂ ਇਸ ਵਾਰ ਵੀ ਸੂਬੇਦਾਰ ਮੇਜਰ ਨੇਕ ਚੰਦ ਦੀ ਅਗਵਾਈ ਹੇਠ ਜਵਾਨਾਂ ਵਲੋਂ ਪਿਛਲੇ ਇਕ ਮਹੀਨੇ ਤੋਂ ਜਿੱਥੇ ਸਖ਼ਤ ਮਿਹਨਤ ਕਰ ਕੇ ਰਸਤਾ ਤਿਆਰ ਕੀਤਾ ਜਾ ਰਿਹਾ ਹੈ, ਉਥੇ ਹੀ ਅੱਜ ਆਰੰਭਤਾ ਸਮਾਗਮ ਦੌਰਾਨ ਵੀ ਵੱਡੀ ਗਿਣਤੀ 'ਚ ਪਹੁੰਚੇ ਜਵਾਨਾਂ ਵਲੋਂ ਸੇਵਾਵਾਂ ਨਿਭਾਈਆਂ ਗਈਆਂ | ਸਭ ਤੋਂ ਪਹਿਲਾ ਫ਼ੌਜ ਦੇ ਜਵਾਨਾਂ ਵਲੋਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਅਤੇ ਨਗਰ ਕੀਰਤਨ ਸਮੇਤ ਹੋਰ ਪ੍ਰਬੰਧਾਂ 'ਚ ਵੀ ਸੇਵਾਵਾਂ ਨਿਭਾਈਆਂ ਗਈਆਂ | ਸਮਾਗਮ ਦੌਰਾਨ ਇੰਜੀਨੀਅਰ ਕੋਰ ਦੇ ਸੀ.ਓ. ਹੁਸ਼ਿਆਰ ਸਿੰਘ ਪੈਨਕੁਲੇ , ਕਰਨਲ ਦੀਪੇਸ਼ ਉਦਵਾਨ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਸੰਗਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
ਖ਼ਾਲਸਾਈ ਜਾਹੋ-ਜਲਾਲ ਨਾਲ ਖੁੱਲ੍ਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ
ਅਜੀਤ ਡੈਸਕ
24-05-2026