• 7554 ਉਮੀਦਵਾਰਾਂ ਦੀ ਕਿਸਮਤ ਮਤ ਪੇਟੀਆਂ 'ਚ ਬੰਦ •29 ਨੂੰ ਆਉਣਗੇ ਨਤੀਜੇ
ਵੋਟਿੰਗ ਦੌਰਾਨ ਪਟਿਆਲਾ, ਬਰਨਾਲਾ, ਮਜੀਠਾ, ਬਟਾਲਾ, ਮੋਗਾ, ਖੰਨਾ ਤੇ ਫ਼ਰੀਦਕੋਟ ਸਮੇਤ ਕਈ ਥਾੲੀਂ ਹੰਗਾਮਾ
ਮਜੀਠਾ 'ਚ ਬਿਕਰਮ ਸਿੰਘ ਮਜੀਠੀਆ ਤੇ ਐਸ.ਐਸ.ਪੀ. ਵਿਚਕਾਰ ਹੋਈ ਤਿੱਖੀ ਬਹਿਸ
ਪੋ੍ਰ. ਅਵਤਾਰ ਸਿੰਘ
ਚੰਡੀਗੜ੍ਹ, 26 ਮਈਪੰਜਾਬ 'ਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਹੋਈ ਵੋਟਿੰਗ ਦੌਰਾਨ ਕਈ ਜ਼ਿਲਿ੍ਹਆਂ 'ਚ ਹਿੰਸਕ ਘਟਨਾਵਾਂ ਨੇ ਚੋਣ ਮਾਹੌਲ ਨੂੰ ਤਣਾਅਪੂਰਨ ਬਣਾ ਦਿੱਤਾ | ਵੱਖ-ਵੱਖ ਥਾਵਾਂ 'ਤੇ ਪੋਲਿੰਗ ਬੂਥਾਂ ਨੇੜੇ ਸੱਤਾ ਧਿਰ ਤੇ ਵਿਰੋਧੀ ਧਿਰਾਂ ਦੇ ਸਮਰਥਕਾਂ ਵਿਚਾਲੇ ਟਕਰਾਅ ਤੋਂ ਬਾਅਦ ਪਥਰਾਅ ਅਤੇ ਲਾਠੀਚਾਰਜ ਦੀਆਂ ਘਟਨਾਵਾਂ ਵੀ ਵਾਪਰੀਆਂ | ਸਮਾਣਾ, ਮਜੀਠਾ, ਬਟਾਲਾ, ਰਾਏਕੋਟ, ਖੰਨਾ, ਬਰਨਾਲਾ, ਮੋਗਾ ਅਤੇ ਫ਼ਰੀਦਕੋਟ ਸਮੇਤ ਕਈ ਇਲਾਕਿਆਂ 'ਚ ਹੰਗਾਮੇ ਦੀਆਂ ਰਿਪੋਰਟਾਂ ਸਾਹਮਣੇ ਆਈਆਂ | ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਣ ਬਾਅਦ ਲੋਕਾਂ 'ਚ ਵੋਟਾਂ ਪ੍ਰਤੀ ਰੁਝਾਨ ਘੱਟ ਦੇਖਣ ਨੂੰ ਮਿਲਿਆ, ਇਸ ਦੇ ਬਾਵਜੂਦ ਸ਼ਾਮ 5 ਵਜੇ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 8 ਨਗਰ ਨਿਗਮਾਂ-ਮੁਹਾਲੀ, ਬਠਿੰਡਾ, ਅਬੋਹਰ, ਬਰਨਾਲਾ, ਕਪੂਰਥਲਾ, ਮੋਗਾ, ਬਟਾਲਾ ਅਤੇ ਪਠਾਨਕੋਟ ਦੇ ਕੁੱਲ 396 ਵਾਰਡਾਂ 'ਚ ਹੋਈਆਂ ਚੋਣਾਂ ਦੌਰਾਨ ਵੋਟ ਫ਼ੀਸਦ 59.91 ਰਿਹਾ | 75 ਨਗਰ ਕੌਂਸਲਾਂ ਦੀਆਂ 1283 ਵਾਰਡਾਂ ਵਿਚ ਪਈਆਂ ਵੋਟਾਂ ਦਾ ਫ਼ੀਸਦ 65.06 ਅਤੇ 19 ਨਗਰ ਪੰਚਾਇਤਾਂ ਦੀਆਂ 218 ਵਾਰਡਾਂ ਲਈ ਹੋਈਆਂ ਚੋਣਾਂ ਦੌਰਾਨ 76.18 ਫ਼ੀਸਦੀ ਵੋਟਾਂ ਭੁਗਤੀਆਂ | ਇਸ ਨਾਲ ਸੂਬੇ ਭਰ 'ਚ ਕੁੱਲ 102 ਸਥਾਨਕ ਸਰਕਾਰਾਂ ਦੇ 1897 ਵਾਰਡਾਂ ਲਈ ਪਈਆਂ ਵੋਟਾਂ ਦਾ ਫ਼ੀਸਦ 63.94 ਰਿਹਾ | ਕੁੱਲ 35 ਲੱਖ ਵੋਟਰਾਂ 'ਚੋਂ, 22.38 ਲੱਖ ਨੇ ਵੋਟਾਂ ਪਾਈਆਂ | ਦੱਸ ਦਈਏ ਕਿ ਸੂਬੇ ਦੀਆਂ 102 ਸਥਾਨਕ ਸਰਕਾਰਾਂ ਦੇ 1897 ਵਾਰਡਾਂ ਲਈ ਹੋ ਰਹੀਆਂ ਚੋਣਾਂ 'ਚ ਕੁੱਲ 7554 ਉਮੀਦਵਾਰ ਮੈਦਾਨ 'ਚ ਸਨ | ਇਨ੍ਹਾਂ ਵਿਚ 8 ਨਗਰ ਨਿਗਮਾਂ ਦੇ 396 ਵਾਰਡਾਂ ਲਈ 1613, 75 ਨਗਰ ਕੌਂਸਲਾਂ ਦੇ 1283 ਵਾਰਡਾਂ ਲਈ 5141 ਤੇ 19 ਨਗਰ ਪੰਚਾਇਤਾਂ ਦੇ 218 ਵਾਰਡਾਂ ਲਈ 800 ਉਮੀਦਵਾਰ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ | ਜਿਸ ਦਾ ਫ਼ੈਸਲਾ 29 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਵੇਗਾ | ਕੁੱਲ 740 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਅਤੇ 275 ਅਤਿ-ਸੰਵੇਦਨਸ਼ੀਲ ਐਲਾਨਿਆ ਗਿਆ ਸੀ¢ ਲਗਭਗ 35,000 ਚੋਣ ਕਰਮਚਾਰੀ ਅਤੇ 32,000 ਪੁਲਿਸ ਕਰਮਚਾਰੀ ਚੋਣ ਡਿਊਟੀ 'ਤੇ ਤਾਇਨਾਤ ਸਨ¢ ਜਾਣਕਾਰੀ ਅਨੁਸਾਰ ਖੰਨਾ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ 15 'ਚ ਵੋਟਿੰਗ ਸ਼ੁਰੂ ਹੁੰਦੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚਕਾਰ ਤਿੱਖੀ ਬਹਿਸ ਹੋਈ | ਸਥਿਤੀ ਗਰਮਾਉਣ 'ਤੇ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਹਾਲਾਤ ਕਾਬੂ 'ਚ ਕੀਤੇ | ਬਰਨਾਲਾ 'ਚ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਦੇ ਪਤੀ ਜਸਵੀਰ ਸਿੰਘ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕੁਝ ਬਾਹਰੀ ਲੋਕ ਵਾਰਡ 'ਚ ਘੁੰਮ ਰਹੇ ਸਨ ਅਤੇ ਫਰਜ਼ੀ ਵੋਟਿੰਗ ਕਰ ਰਹੇ ਸਨ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ | ਵਿਰੋਧ ਕਰਨ 'ਤੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਪੱਗ ਉਤਾਰਨ ਅਤੇ ਤੇਜ਼ਧਾਰ ਹਥਿਆਰ ਨਾਲ ਸਿਰ 'ਤੇ ਵਾਰ ਕਰਨ ਦੇ ਵੀ ਦੋਸ਼ ਲਾਏ ਗਏ | ਲੁਧਿਆਣਾ ਦੇ ਰਾਏਕੋਟ 'ਚ ਕਾਂਗਰਸ ਉਮੀਦਵਾਰ ਦੇ ਹੱਥ-ਪੈਰ ਤੋੜ ਦਿੱਤੇ ਗਏ | ਲੁਧਿਆਣਾ ਦੇ ਜਗਰਾਉਂ ਤੋਂ 'ਆਪ' ਵਿਧਾਇਕ ਸਰਬਜੀਤ ਕੌਰ ਮਾਣੂਕੇ ਨਾਲ ਬਹਿਸ ਕਰਨ ਵਾਲੇ ਸੋਸ਼ਲ ਮੀਡੀਆ ਇਨਫ਼ਲੂਐਂਸਰ 'ਤੇ ਹਮਲਾ ਹੋਇਆ | ਇਸੇ ਦੌਰਾਨ ਸੰਗਰੂਰ 'ਚ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ.ਐਸ.ਡੀ. ਓਾਕਾਰ ਸਿੰਘ ਬਰਾੜ ਨੂੰ ਹਿਰਾਸਤ 'ਚ ਲੈ ਲਿਆ | ਉਹ ਕੁਝ ਸਮਾਂ ਪਹਿਲਾਂ ਹੀ 'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਹੋਏ ਸਨ | ਉਮੀਦਵਾਰ ਨਾਲ ਹੋਈ ਮਾਰਕੁੱਟ ਤੋਂ ਬਾਅਦ ਉਸ ਨੂੰ ਮਿਲਣ ਜਾ ਰਹੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੁਲਿਸ ਨੇ ਧੂਰੀ 'ਚ ਹੀ ਰੋਕ ਲਿਆ | ਜਿਸ ਕਾਰਨ ਉਨ੍ਹਾਂ ਦੀ ਐਸ.ਐਸ.ਪੀ. ਨਾਲ ਤਿੱਖੀ ਬਹਿਸ ਵੀ ਹੋਈ | ਮੋਗਾ ਦੇ ਵਾਰਡ ਨੰਬਰ 41 'ਚ ਕਾਂਗਰਸ ਅਤੇ 'ਆਪ' ਦੇ ਸਮਰਥਕਾਂ ਵਿਚਕਾਰ ਬੂਥ ਦੇ ਬਾਹਰ ਖੜ੍ਹੇ ਹੋਣ ਨੂੰ ਲੈ ਕੇ ਝੜਪ ਹੋ ਗਈ, ਜੋ ਹੌਲੀ-ਹੌਲੀ ਤਣਾਅਪੂਰਨ ਮਾਹੌਲ 'ਚ ਬਦਲ ਗਈ | ਪੁਲਿਸ ਨੂੰ ਹਾਲਾਤ ਸੰਭਾਲਣ ਲਈ ਦਖ਼ਲ ਦੇਣਾ ਪਿਆ | ਫ਼ਰੀਦਕੋਟ 'ਚ ਵੀ 'ਆਪ' ਕਾਰਕੁੰਨਾਂ ਅਤੇ ਭਾਜਪਾ ਆਗੂਆਂ ਵਿਚਕਾਰ ਟਕਰਾਅ ਹੋਇਆ | 'ਆਪ' ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਭਾਜਪਾ ਆਗੂ ਸੰਨੀ ਬਰਾੜ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਗਾਉਂਦੇ ਹੋਏ ਸੜਕ 'ਤੇ ਘੇਰ ਲਿਆ | ਉਨ੍ਹਾਂ ਦਾਅਵਾ ਕੀਤਾ ਕਿ ਵੋਟਰਾਂ ਨੂੰ ਲਿਜਾਣ ਲਈ ਫ਼ੌਜ ਦੀ ਸਕੂਲ ਬੱਸ ਦੀ ਵਰਤੋਂ ਕੀਤੀ ਜਾ ਰਹੀ ਸੀ, ਜੋ ਨਿਯਮਾਂ ਦੀ ਉਲੰਘਣਾ ਹੈ | ਬਰਨਾਲਾ ਦੇ ਵਾਰਡ ਨੰਬਰ 33 'ਚ ਫਰਜ਼ੀ ਵੋਟਿੰਗ ਨੂੰ ਲੈ ਕੇ ਵੀ ਹੰਗਾਮਾ ਹੋਇਆ, ਜਿਥੇ 'ਆਪ' ਅਤੇ ਇਕ ਆਜ਼ਾਦ ਉਮੀਦਵਾਰ ਦੇ ਸਮਰਥਕ ਆਹਮੋ-ਸਾਹਮਣੇ ਆ ਗਏ | ਸਥਿਤੀ ਨੂੰ ਕਾਬੂ ਕਰਨ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕਰਨੀ ਪਈ | ਅੰਮਿ੍ਤਸਰ ਦੇ ਮਜੀਠਾ ਇਲਾਕੇ 'ਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਐਸ.ਐਸ.ਪੀ. ਸੁਹੈਲ ਕਾਸਿਮ ਮੀਰ ਵਿਚਕਾਰ ਤਿੱਖੀ ਬਹਿਸ ਹੋਣ ਦੀ ਖ਼ਬਰ ਸਾਹਮਣੇ ਆਉਣ ਬਾਅਦ ਇਲਾਕੇ 'ਚ ਸਿਆਸੀ ਤਣਾਅ ਵਧ ਗਿਆ | ਮਜੀਠੀਆ ਵਲੋਂ ਦੋਸ਼ ਲਗਾਇਆ ਗਿਆ ਕਿ 'ਆਪ' ਦੇ ਸਮਰਥਕਾਂ ਨੇ ਪੁਲਿਸ ਦੀ ਮੌਜੂਦਗੀ 'ਚ ਇਕ ਸਿੱਖ ਨੌਜਵਾਨ ਦੀ ਪੱਗ ਜਬਰਨ ਉਤਾਰ ਦਿੱਤੀ ਅਤੇ ਉਸ ਨਾਲ ਹਿੰਸਕ ਵਿਵਹਾਰ ਕੀਤਾ ਗਿਆ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨੌਜਵਾਨ ਦੇ ਸਿਰ 'ਤੇ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਮਜੀਠਾ 'ਚ ਕਾਨੂੰਨ ਦਾ ਰਾਜ ਨਹੀਂ ਰਹਿ ਗਿਆ ਅਤੇ ਇਥੇ ਹਾਲਾਤ ਗੁੰਡਾਗਰਦੀ ਵਾਲੇ ਬਣਦੇ ਜਾ ਰਹੇ ਹਨ | ਮਜੀਠੀਆ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਸ਼ਾਸਨਿਕ ਅਧਿਕਾਰੀ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ | ਉੱਧਰ ਫ਼ਿਰੋਜ਼ਪੁਰ ਜ਼ਿਲੇ੍ਹ ਅਧੀਨ ਆਉਂਦੇ ਮੁੱਦਕੀ ਨਗਰ ਪੰਚਾਇਤ ਦੇ 13 ਵਾਰਡਾਂ ਲਈ ਸਰਬਸੰਮਤੀ ਨਾਲ ਮੈਂਬਰ ਚੁਣ ਲਏ ਗਏ | ਜਿਸ ਕਾਰਨ ਇਥੇ ਚੋਣਾਂ ਕਰਵਾਉਣ ਦੀ ਲੋੜ ਹੀ ਨਹੀਂ ਪਈ | ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਜਿਥੇ ਵੀ ਗੜਬੜ ਜਾਂ ਹਿੰਸਾ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਕੁੱਲ ਮਿਲਾ ਕੇ ਤਣਾਅ ਅਤੇ ਹਿੰਸਾ ਦੇ ਬਾਵਜੂਦ ਚੋਣ ਪ੍ਰਕਿਰਿਆ ਜਾਰੀ ਰਹੀ ਤੇ ਸ਼ਾਮ ਤੱਕ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ |
ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ 64 ਫ਼ੀਸਦੀ ਮਤਦਾਨ-ਕਈ ਥਾਈਾ ਹਿੰਸਕ ਝੜਪਾਂ
ਅਜੀਤ ਡੈਸਕ
27-05-2026