08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕੁਆਡ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਗੂੰਜਿਆ ਹੋਰਮੁਜ਼ ਦਾ ਮੁੱਦਾ

Ad Position 21
No active advertisement
ਅਜੀਤ ਡੈਸਕ 27-05-2026

ਸਮੁੰਦਰੀ ਮਾਰਗਾਂ 'ਤੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਨਹੀਂ ਰੁਕਣੀ ਚਾਹੀਦੀ-ਕੁਆਡ ਦੇਸ਼
ਨਵੀਂ ਦਿੱਲੀ, 26 ਮਈ (ਉਪਮਾ ਡਾਗਾ ਪਾਰਥ)-ਦਿੱਲੀ 'ਚ ਹੋਈ ਕਵਾਡਰੀਲੇਟਰਲ ਸਕਿਉਰਿਟੀ ਡਾਇਲਾਗ (ਕਿਊ.ਯੂ.ਏ.ਡੀ.) ਦੇ ਮੈਂਬਰ ਦੇਸ਼ਾਂ ਦੀ ਬੈਠਕ 'ਚ ਹੋਰਮੁਜ਼ ਦਾ ਮੁੱਦਾ ਉੱਭਰ ਕੇ ਸਾਹਮਣੇ ਆਇਆ ਜਿਸ 'ਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨੇ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਹੋਰਮੁਜ਼ ਜਲ ਮਾਰਗ ਜਿਹੇ ਦੁਨੀਆ ਦੇ ਅਹਿਮ ਸਮੁੰਦਰੀ ਰਸਤਿਆਂ 'ਤੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਕਿਸੇ ਵੀ ਕੀਮਤ 'ਤੇ ਨਹੀਂ ਰੁਕਣੀ ਚਾਹੀਦੀ | ਕਵਾਡ ਦੇਸ਼ਾਂ ਨੇ ਸਮੁੰਦਰੀ ਵਪਾਰ ਮਾਰਗ ਦੀ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਆਰਥਿਕ ਸਥਿਰਤਾ ਲਈ ਇਹ ਬਹੁਤ ਜ਼ਰੂਰੀ ਹੈ | ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਅਮਰੀਕਾ ਵਲੋਂ ਮਾਰਕੋ ਰੂਬੀਓ, ਜਾਪਾਨ ਵਲੋਂ ਤੋਸ਼ਿਮਿਤਸੂ ਮੋਤੇਗੀ ਅਤੇ ਆਸਟ੍ਰੇਲੀਆ ਵਲੋਂ ਪੇਨੀ ਵੋਂਗ ਸ਼ਾਮਿਲ ਹੋਏ | ਕਵਾਡ ਦੇਸ਼ਾਂ ਦੀ ਬੈਠਕ 'ਚ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਕੇਂਦਰ 'ਚ ਰੱਖ ਕੇ 3 ਅਹਿਮ ਫ਼ੈਸਲੇ ਲਏ ਜਿਸ 'ਚ ਸਮੁੰਦਰੀ ਨਿਗਰਾਨੀ ਅਤੇ ਬੰਦਰਗਾਹਾਂ ਦਾ ਢਾਂਚਾ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ ਗਈ | ਇਸ ਤੋਂ ਇਲਾਵਾ ਅਹਿਮ ਖਣਿਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸਾਂਝਾ ਢਾਂਚਾ ਤਿਆਰ ਕੀਤਾ ਗਿਆ | ਇਸ ਸੰਬੰਧ 'ਚ ਭਾਰਤ ਅਤੇ ਅਮਰੀਕਾ ਨੇ ਇਕ ਵੱਖਰਾ ਸਮਝੌਤਾ ਵੀ ਕੀਤਾ | ਇਸ ਤੋਂ ਇਲਾਵਾ ਊਰਜਾ ਦੀ ਅਹਿਮੀਅਤ ਨੂੰ ਤਰਜੀਹ 'ਤੇ ਰੱਖਦਿਆਂ ਇਸਦੀ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਈਾਧਣ ਸੁਰੱਖਿਆ ਫੋਰਮ ਅਤੇ ਖੇਤਰੀ ਊਰਜਾ ਸਹਿਯੋਗ ਨੂੰ ਅੱਗੇ ਵਧਾਇਆ ਜਾਵੇਗਾ | ਇਨ੍ਹਾਂ ਤਿੰਨੋਂ ਫ਼ੈਸਲਿਆਂ ਤੋਂ ਇਲਾਵਾ ਭਾਰਤ ਨੇ ਅੱਤਵਾਦ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਅੱਤਵਾਦ ਖ਼ਿਲਾਫ਼ ਜ਼ੀਰੋ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ | ਜਿਨ੍ਹਾਂ ਦੇਸ਼ਾਂ 'ਤੇ ਅੱਤਵਾਦੀ ਹਮਲੇ ਹੁੰਦੇ ਹਨ, ਉਨ੍ਹਾਂ ਨੂੰ ਆਪਣੀ ਸੁਰੱਖਿਆ ਦਾ ਅਧਿਕਾਰ ਹੈ |
ਫਿਜ਼ੀ 'ਚ ਸ਼ੁਰੂ ਕੀਤਾ ਜਾਵੇਗਾ ਨਵਾਂ ਬੰਦਰਗਾਹ ਪ੍ਰਾਜੈਕਟ

ਕਵਾਡ ਦੇਸ਼ਾਂ ਨੇ ਫਿਜ਼ੀ 'ਚ ਨਵਾਂ ਬੰਦਰਗਾਹ ਪ੍ਰਾਜੈਕਟ ਸ਼ੁਰੂ ਕਰਨ ਦਾ ਫ਼ੈਸਲਾ ਵੀ ਕੀਤਾ, ਜਿਸ ਤਹਿਤ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਅਤੇ ਖੇਤਰੀ ਸੰਪਰਕ ਨੂੰ ਮਜ਼ਬੂਤ ਕੀਤਾ ਜਾਵੇਗਾ | ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕਿਹਾ ਕਿ ਕੁਆਡ ਦੇਸ਼ਾਂ ਦੀ ਭਾਈਵਾਲੀ ਤਹਿਤ ਫਿਜ਼ੀ 'ਚ ਬੰਦਰਗਾਹ ਬੁਨਿਆਦੀ ਢਾਂਚੇ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੁਆਂਡ ਦੇਸ਼ ਹਿੰਦ ਮਹਾਂਸਾਗਰ 'ਚ ਸਮੁੰਦਰੀ ਨਿਗਰਾਨੀ ਵਧਾਉਣਗੇ, ਜਿਸ ਤਹਿਤ ਸੈਟੇਲਾਈਟ ਡੇਟਾ ਸ਼ੇਅਰਿੰਗ ਦੇ ਜ਼ਰੀਏ ਗ਼ੈਰ-ਕਾਨੂੰਨੀ ਮੱਛੀ ਫੜਨ ਵਾਲੇ, ਤਸਕਰੀ 'ਤੇ ਲਗਾਮ ਕੱਸੀ ਜਾਵੇਗੀ ਅਤੇ ਆਫ਼ਤਾਂ ਦੇ ਰਾਹਤ ਕਾਰਜਾਂ 'ਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਦੱਖਣ ਪੂਰਬੀ ਏਸ਼ੀਆ 'ਚ ਆਨਲਾਈਨ ਸਕੈਮ ਅਤੇ ਸਾਈਬਰ ਜੁਰਮਾਂ ਨਾਲ ਨਜਿੱਠਣ ਲਈ ਵੀ ਸਹਿਯੋਗ ਵਧਾਇਆ ਜਾਵੇਗਾ |
ਅੱਤਵਾਦ ਖ਼ਿਲਾਫ਼ ਜ਼ੀਰੋ ਸਹਿਣਸ਼ੀਲਤਾ ਜ਼ਰੂਰੀ-ਜੈਸ਼ੰਕਰ
ਵਿਦੇਸ਼ ਮੰਤਰੀ ਐਸ. ਜੈਸੰਕਰ ਨੇ ਅੱਤਵਾਦ 'ਤੇ ਭਾਰਤ ਦਾ ਰੁਖ਼ ਦੁਹਰਾਉਂਦਿਆਂ ਕਿਹਾ ਕਿ ਅੱਤਵਾਦ ਖ਼ਿਲਾਫ਼ ਜ਼ੀਰੋ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਅਤੇ ਜਿਨ੍ਹਾਂ ਦੇਸ਼ਾਂ 'ਤੇ ਅੱਤਵਾਦੀ ਹਮਲੇ ਹੁੰਦੇ ਹਨ, ਉਨ੍ਹਾਂ ਨੂੰ ਆਪਣੀ ਸੁਰੱਖਿਆ ਦਾ ਅਧਿਕਾਰ ਹੈ | ਜੈਸ਼ੰਕਰ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਹਿੰਦ ਪ੍ਰਸ਼ਾਂਤ ਖਿੱਤਾ ਦੁਨੀਆ ਦੀ ਅਰਥਵਿਵਸਥਾ, ਊਰਜਾ ਵਪਾਰ ਅਤੇ ਸਮੁੰਦਰੀ ਕਾਰੋਬਾਰ ਲਈ ਹੋਰ ਜ਼ਿਆਦਾ ਅਹਿਮ ਬਣਨ ਵਾਲਾ ਹੈ | ਇਸ ਲਈ ਕਵਾਡ ਦੇਸ਼ਾਂ ਦੀ ਜ਼ਿੰਮੇਵਾਰੀ ਵੀ ਵਧੇਗੀ |
ਕੁਆਡ ਵਲੋਂ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਲੜੀ ਲਈ 20 ਅਰਬ ਡਾਲਰ ਦਾ ਸੰਕਲਪ
ਕੁਆਡ ਦੇਸ਼ਾਂ ਨੇ ਮਹੱਤਵਪੂਰਨ ਖਣਿਜਾਂ ਦੇ ਖੇਤਰ 'ਚ ਸਹਿਯੋਗ ਲਈ ਇਕ ਰੂਪਰੇਖਾ ਪੇਸ਼ ਕੀਤੀ | ਇਸ 'ਚ ਪੂਰਤੀ ਲੜੀ ਨੂੰ ਮਜ਼ਬੂਤ ਕਰਨ ਲਈ 20 ਅਰਬ ਡਾਲਰ ਦੇ ਨਿਵੇਸ਼ ਦਾ ਸੰਕਲਪ ਪ੍ਰਗਟਾਇਆ | ਕੁਆਡ ਨੇ ਇਸ ਖੇਤਰ 'ਚ ਚੀਨ ਦੀ ਨਿਰਯਾਤ ਕੰਟਰੋਲ ਵਿਵਸਥਾ ਦਾ ਜ਼ਿਕਰ ਕੀਤੇ ਬਗੈਰ ਆਰਥਿਕ ਦਬਾਅ ਸੰਬੰਧੀ ਵੀ ਗੰਭੀਰ ਚਿੰਤਾ ਪ੍ਰਗਟਾਈ | ਮਹੱਤਵਪੂਰਨ ਖਣਿਜ ਇਲੈਕਟ੍ਰਾਨਿਕ ਵਾਹਨ (ਈ.ਵੀ), ਡਰੋਨ ਅਤੇ ਬੈਟਰੀ ਭੰਡਾਰਨ ਵਰਗੇ ਉੱਚ ਪੱਧਰੀ ਤਕਨਾਲੋਜੀ ਉਤਪਾਦਾਂ ਲਈ ਜ਼ਰੂਰੀ ਮੰਨੇ ਜਾਂਦੇ ਹਨ | ਵਿਸ਼ਵ ਪੱਧਰ 'ਤੇ ਮਹੱਤਵਪੂਰਨ ਖਣਿਜਾਂ ਦੀ ਪੂਰਤੀ ਲੜੀ 'ਚ ਚੀਨ ਇਕ ਪ੍ਰਮੁੱਖ ਦੇਸ਼ ਰਿਹਾ ਹੈ | ਭਾਰਤ ਆਪਣੇ ਆਰਥਿਕ ਵਿਕਾਸ ਨੂੰ ਰਫ਼ਤਾਰ ਦੇਣ ਲਈ ਮਹੱਤਵਪੂਰਨ ਖਣਿਜਾਂ ਦੀ ਨਿਰੰਤਰ ਪੂਰਤੀ ਚਾਹੁੰਦਾ ਹੈ | ਵਿਸ਼ਵ ਪੱਧਰ 'ਤੇ ਮਹੱਤਵਪੂਰਨ ਖਣਿਜਾਂ ਦੀ ਖਣਨ 'ਚ ਚੀਨ ਦੀ ਹਿੱਸੇਦਾਰੀ ਕਰੀਬ 70 ਫ਼ੀਸਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ 64 ਫ਼ੀਸਦੀ ਮਤਦਾਨ-ਕਈ ਥਾਈਾ ਹਿੰਸਕ ਝੜਪਾਂ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ 'ਚ ਮਿਜ਼ਾਈਲ ਲਾਂਚ ਸਾਈਟਾਂ ਸਮੇਤ ਕਈ ਥਾਵਾਂ 'ਤੇ ਹਮਲੇ
Ad Position 24