ਨਵੀਂ ਦਿੱਲੀ, 27 ਮਈ (ਪੀ. ਟੀ. ਆਈ.)-ਕੇਂਦਰ ਸਰਕਾਰ ਨੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਟਾਫ ਦੀ ਗਿਣਤੀ 'ਚ ਮਹੱਤਵਪੂਰਨ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿਚ ਹਵਾਲਾ ਰਾਸ਼ੀ ਵਿਰੋਧੀ ਏਜੰਸੀ ਲਈ 1,200 ਤੋਂ ਵੱਧ ਵਾਧੂ ਜਾਂਚਕਰਤਾਵਾਂ ਅਤੇ ਕਰਮਚਾਰੀਆਂ ਦੀ ਨਿਯੁਕਤੀ ਨੂੰ ਅਧਿਕਾਰਤ ਕੀਤਾ ਗਿਆ | ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿੱਤ ਮੰਤਰਾਲੇ ਨੇ ਏਜੰਸੀ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕੇਡਰ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਹ 15 ਸਾਲਾਂ ਵਿਚ ਪਹਿਲੀ ਵਾਰ ਹੈ, ਜਿਸ ਦੇ ਨਤੀਜੇ ਵਜੋਂ ਇਸ ਦੇ ਸਟਾਫ਼ ਦੀ ਗਿਣਤੀ ਵਿਚ 60 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਕਿ 2,029 ਤੋਂ ਵਧ ਕੇ 3,256 ਹੋ ਗਈ ਹੈ | ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਮੰਤਰਾਲੇ ਨੇ ਈ.ਡੀ. ਦੇ ਛੇ ਕੇਡਰਾਂ ਵਿਚ ਕਰਮਚਾਰੀਆਂ ਦੀ ਗਿਣਤੀ ਵਿਚ 1,227 ਦਾ ਵਾਧਾ ਕੀਤਾ ਹੈ, ਜਿਸ ਵਿਚ ਕਾਰਜਕਾਰੀ, ਕਾਨੂੰਨੀ ਅਤੇ ਨਿਆਂਇਕ ਵਿੰਗ ਸ਼ਾਮਿਲ ਹਨ, ਜੋ ਇਸ ਦੇ ਜਾਂਚ ਢਾਂਚੇ ਦੀ ਮੁੱਖ ਨੀਂਹ ਬਣਾਉਂਦੇ ਹਨ¢