ਬਟਾਲਾ, 5 ਜੂਨ (ਹਰਦੇਵ ਸਿੰਘ ਸੰਧੂ)-ਬਟਾਲਾ ਦੇ ਸਿੰਬਲ ਚੌਕ 'ਚ ਡਿਫੈਂਸ ਰੋਡ 'ਤੇ ਸੜਕ 'ਚੋਂ ਗੱਡੀਆਂ ਲੰਘਾਉਣ ਨੂੰ ਲੈ ਕੇ 2 ਧਿਰਾਂ ਆਪਸ 'ਚ ਭਿੜ ਗਈਆਂ | ਇਸ ਮੌਕੇ ਦੋਵਾਂ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ ਦੌਰਾਨ ਇਕ ਨਿਹੰਗ ਸਿੰਘ ਅਤੇ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋਇਆ ਹੈ | ਘਟਨਾ ਸਥਾਨ 'ਤੇ ਪਹੁੰਚੇ ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਬਟਾਲਾ ਦੇ ਸਿੰਬਲ ਚੌਕ 'ਚ 2 ਧਿਰਾਂ ਦੀ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਣ ਉਪਰੰਤ ਦੋਵਾਂ ਵਲੋਂ ਇਕ-ਦੂਜੇ 'ਤੇ ਗੋਲੀਆਂ ਚਲਾਈਆਂ ਗਈਆਂ ਹਨ, ਜਦ ਅਸੀਂ ਮੌਕੇ 'ਤੇ ਪਹੁੰਚੇ ਤਾਂ ਆਸ-ਪਾਸ ਤੋਂ ਜਾਣਕਾਰੀ ਹਾਸਿਲ ਕਰਨ 'ਤੇ ਪਤਾ ਚੱਲਿਆ ਕਿ ਇਕ ਕਾਰ, ਜਿਸ ਨੂੰ ਨਿਹੰਗ ਦਪਿੰਦਰ ਸਿੰਘ ਚਲਾ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ, ਜਿਸ ਵਿਚ 2 ਭਰਾ ਕੰਵਲਜੀਤ ਸਿੰਘ ਤੇ ਜਗਜੀਤ ਸਿੰਘ ਸਵਾਰ ਸਨ | ਇਨ੍ਹਾਂ ਦੋਵਾਂ ਧਿਰਾਂ ਦਾ ਰਸਤੇ 'ਚੋਂ ਕਾਰ ਲੰਘਾਉਣ ਤੋਂ ਤਕਰਾਰ ਹੋ ਗਿਆ, ਇਨ੍ਹਾਂ ਦੀ ਆਪਸੀ ਪਹਿਲਾਂ ਕੋਈ ਰੰਜਿਸ਼ ਨਹੀਂ ਸੀ | ਇਨ੍ਹਾਂ ਦੋਵਾਂ ਧਿਰਾਂ ਦੇ ਤਕਰਾਰ ਨੂੰ ਲੈ ਕੇ ਦੋਵਾਂ ਨੇ ਇਕ-ਦੂਜੇ 'ਤੇ ਆਪਣੇ ਲਾਇਸੰਸੀ ਪਿਸਤੌਲਾਂ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਨਿਹੰਗ ਬਾਬਾ ਦਪਿੰਦਰ ਸਿੰਘ ਦੀ ਮੌਕੇ ਉਪਰ ਹੀ ਮੌਤ ਹੋ ਗਈ, ਜਦੋਂਕਿ ਕੰਵਲਜੀਤ ਸਿੰਘ ਤੇ ਜਗਜੀਤ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ 'ਤੇ ਅੰਮਿ੍ਤਸਰ ਲਈ ਤਬਦੀਲ ਕਰ ਦਿੱਤਾ ਗਿਆ | ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਇਸ ਘਟਨਾ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ | ਐਸ.ਐਚ.ਓ. ਸਿਵਲ ਲਾਇਨ ਗੁਰਮੀਤ ਸਿੰਘ ਨੇ ਦੱਸਿਆ ਕਿ ਕੰਵਲਜੀਤ ਸਿੰਘ ਦੇ ਸਿਰ 'ਚੋਂ ਗੋਲੀ ਆਰ-ਪਾਰ ਹੋ ਗਈ ਸੀ, ਜਿਸ ਕਰਕੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ |