ਸ਼ਿਮਲਾ, 5 ਜੂਨ (ਪੀ. ਟੀ. ਆਈ.)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਹਮਰੁਤਬਾ ਭਗਵੰਤ ਮਾਨ ਕੋਲ ਪੰਜਾਬ ਸਰਹੱਦ 'ਤੇ ਸੂਬੇ ਦੇ ਰਜਿਸਟਰਡ ਵਾਹਨਾਂ 'ਤੇ ਲਗਾਏ ਜਾ ਰਹੇ 'ਖ਼ਾਲਸਾ ਟੈਕਸ' ਦਾ ਮੁੱਦਾ ਉਠਾਇਆ ਹੈ¢ ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਜਗਤ ਸਿੰਘ ਨੇਗੀ ਨੇ ਸ਼ੁੱਕਰਵਾਰ ਨੂੰ ਉਕਤ ਜਾਣਕਾਰੀ ਸਾਂਝੀ ਕੀਤੀ | ਨੇਗੀ ਇੱਥੇ ਬੁੱਧਵਾਰ ਨੂੰ ਨਿਹੰਗ ਸਿੰਘਾਂ ਦੇ ਇਕ ਧੜੇ ਵਲੋਂ ਕੀਰਤਪੁਰ ਸਾਹਿਬ-ਮਨਾਲੀ ਹਾਈਵੇਅ ਰਾਹੀਂ ਪੰਜਾਬ ਵਿਚ ਦਾਖ਼ਲ ਹੋਣ ਵਾਲੇ ਹਿਮਾਚਲ ਪ੍ਰਦੇਸ਼ ਨੰਬਰ ਪਲੇਟਾਂ ਵਾਲੇ ਵਾਹਨਾਂ ਦੇ ਡਰਾਈਵਰਾਂ 'ਤੇ ਲਗਾਏ ਗਏ 'ਟੋਕਨ ਟੈਕਸ' ਦਾ ਹਵਾਲਾ ਦੇ ਰਹੇ ਸਨ | ਸਿੰਘਾਂ ਦੇ ਧੜੇ ਨੇ ਕਿਹਾ ਕਿ ਉਹ ਇਹ ਟੈਕਸ ਇਸ ਲਈ ਇਕੱਠਾ ਕਰ ਰਹੇ ਹਨ ਕਿਉਂਕਿ ਹਿਮਾਚਲ ਪ੍ਰਦੇਸ਼ ਵਿਚ ਦਾਖ਼ਲ ਹੋਣ 'ਤੇ ਦੂਜੇ ਰਾਜਾਂ ਦੇ ਵਾਹਨਾਂ 'ਤੇ 'ਐਂਟਰੀ ਫੀਸ' ਲਗਾਈ ਜਾਂਦੀ ਹੈ | ਇਸ (ਖ਼ਾਲਸਾ) ਟੈਕਸ ਨੂੰ 'ਗੈਰ-ਕਾਨੂੰਨੀ' ਕਰਾਰ ਦਿੰਦੇ ਹੋਏ, ਨੇਗੀ ਨੇ ਦੋਸ਼ ਲਗਾਇਆ ਕਿ ਇਹ ਸੈਲਾਨੀ ਸੀਜ਼ਨ ਤੋਂ ਪਹਿਲਾਂ ਰਚੀ ਗਈ ਇਕ ਸਾਜਿਸ਼ ਸੀ | ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕਸੋਲ ਵਿਚ ਇਕ ਤਾਜ਼ਾ ਘਟਨਾ ਦਾ ਵੀ ਹਵਾਲਾ ਦਿੱਤਾ, ਜਿੱਥੇ 30 ਮਈ ਨੂੰ ਪੰਜਾਬ ਦੇ ਚਾਰ ਸੈਲਾਨੀਆਂ ਨੂੰ ਇਕ ਸਥਾਨਕ ਨਿਵਾਸੀ ਨੂੰ ਗੋਲੀ ਮਾਰਨ ਅਤੇ ਜ਼ਖ਼ਮੀ ਕਰਨ ਦੇ ਦੋਸ਼ ਵਿੱਚ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਪਹਿਲਾਂ ਇਕ ਸਥਾਨਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਹੁਣ ਪੰਜਾਬ ਦੀ ਸਰਹੱਦ 'ਤੇ ਕਰ ਵਸੂਲਿਆ ਜਾ ਰਿਹਾ ਹੈ |