ਜਲੰਧਰ, 12 ਜੂਨ (ਸ਼ਿਵ ਸ਼ਰਮਾ)-ਪੰਜਾਬ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਇਕ ਦਿਨ ਵਿਚ 200 ਲੀਟਰ ਡੀਜ਼ਲ ਦੇਣ ਬਾਰੇ ਕੀਤੇ ਗਏ ਫ਼ੈਸਲੇ ਬਾਰੇ ਮੰਗ ਕਰਦਿਆਂ ਕਿਹਾ ਹੈ ਕਿ ਚਾਹੇ ਇਹ ਫ਼ੈਸਲਾ ਕਾਲਾਬਜ਼ਾਰੀ ਰੋਕਣ ਲਈ ਕੀਤਾ ਗਿਆ ਹੋਵੇ ਪਰ ਇਸ ਨਾਲ ਜਿੱਥੇ ਝੋਨੇ ਦੀ ਬਿਜਾਈ ਦੇ ਸੀਜ਼ਨ ਵਿਚ ਕਿਸਾਨਾਂ ਲਈ ਵੱਡੀ ਪੇ੍ਰਸ਼ਾਨੀ ਖੜ੍ਹੀ ਹੋਵੇਗੀ, ਸਗੋਂ ਇਸ ਨਾਲ ਪੈਟਰੋਲ ਪੰਪ 'ਤੇ ਕਾਨੂੰਨ ਵਿਵਸਥਾ ਦਾ ਮਸਲਾ ਵੀ ਖੜ੍ਹਾ ਹੋ ਸਕਦਾ ਹੈ, ਇਸ ਕਰਕੇ ਇਸ ਫ਼ੈਸਲੇ ਤੋਂ ਸੰਬੰਧਿਤ ਲੋਕਾਂ ਨੂੰ ਛੋਟ ਦੁਆਉਣ ਲਈ ਦਖ਼ਲ ਦੇਣਾ ਚਾਹੀਦਾ ਹੈ | ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਮਨਜੀਤ ਸਿੰਘ ਵਲੋਂ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਉਹ ਇਸ ਬਾਰੇ ਫ਼ੈਸਲੇ ਦਾ ਸਮਰਥਨ ਕਰਦੇ ਹਨ ਪਰ ਪੰਜਾਬ ਦੇ ਕਿਸਾਨ ਇਸ ਸਮੇਂ ਖੇਤੀਬਾੜੀ ਦੇ ਵੱਡੇ ਕਾਰਜਾਂ ਵਿਚ ਲੱਗੇ ਹੋਏ ਹਨ, ਜਿਨ੍ਹਾਂ ਲਈ ਸਿੰਚਾਈ ਪੰਪਾਂ, ਟਰੈਕਟਰਾਂ ਅਤੇ ਹੋਰ ਖੇਤੀ ਮਸ਼ੀਨਰੀ ਲਈ ਕਾਫ਼ੀ ਮਾਤਰਾ ਵਿਚ ਡੀਜ਼ਲ ਦੀ ਲੋੜ ਹੁੰਦੀ ਹੈ | ਇਸੇ ਤਰ੍ਹਾਂ, ਲੰਬੀ ਦੂਰੀ ਵਾਲੇ ਟਰੱਕ, ਹਸਪਤਾਲ, ਡਾਇਗਨੌਸਟਿਕ ਸੈਂਟਰ, ਪ੍ਰਯੋਗਸ਼ਾਲਾਵਾਂ, ਗੈਰ-ਖਪਤਕਾਰ ਆਊਟਲੈੱਟ ਅਤੇ ਹੋਰ ਜ਼ਰੂਰੀ ਸੇਵਾ ਵਾਲੀਆਂ ਮਸ਼ੀਨਰੀ ਅਤੇ ਬਿਜਲੀ ਬੈਕ-ਅਪ ਪ੍ਰਣਾਲੀਆਂ ਨੂੰ ਚਲਾਉਣ ਅਤੇ ਦੂਰ ਥਾਵਾਂ 'ਤੇ ਸਾਮਾਨ ਢੋਣ ਲਈ ਡੀਜ਼ਲ 'ਤੇ ਨਿਰਭਰ ਕਰਦੇ ਹਨ | ਉਨ੍ਹਾਂ ਦੀ ਖ਼ਰੀਦ ਨੂੰ ਪ੍ਰਤੀ ਦਿਨ 200 ਲੀਟਰ ਤੱਕ ਸੀਮਤ ਕਰਨ ਨਾਲ ਖੇਤੀਬਾੜੀ ਸਰਗਰਮੀਆਂ, ਉਦਯੋਗਿਕ ਉਤਪਾਦਨ, ਮਹੱਤਵਪੂਰਨ ਸਿਹਤ ਸੰਭਾਲ ਸੇਵਾਵਾਂ ਅਤੇ ਆਵਾਜਾਈ 'ਤੇ ਮਾੜਾ ਅਸਰ ਪੈ ਸਕਦਾ ਹੈ |