ਕੇਂਦਰ ਦੇ ਫ਼ੈਸਲੇ ਨਾਲ ਕਿਸਾਨਾਂ 'ਚ ਛਾਈ ਨਿਰਾਸ਼ਾ <br/>
ਅਜੀਤ ਡੈਸਕ
13-06-2026
ਜਲੰਧਰ, 12 ਜੂਨ (ਜਤਿੰਦਰ ਪੰਮੀ)-ਈਰਾਨ-ਇਜ਼ਰਾਈਲ ਦੀ ਚੱਲ ਰਹੀ ਜੰਗ ਕਾਰਨ ਡੀਜ਼ਲ ਤੇ ਪੈਟਰੋਲ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਪੈਟਰੋਲ ਪੰਪਾਂ ਵਾਲਿਆਂ ਨੂੰ ਆਦੇਸ਼ ਜਾਰੀ ਕਰਕੇ ਕਿਸੇ ਵੀ ਵਾਹਨ 'ਚ ਰੋਜ਼ਾਨਾ ਡੀਜ਼ਲ ਪਾਉਣ ਦੀ ਹੱਦ 200 ਲੀਟਰ ਕਰਨ ਨਾਲ ਝੋਨੇ ਦੀ ਲਵਾਈ 'ਚ ਲੱਗੇ ਪੰਜਾਬ ਦੇ ਕਿਸਾਨਾਂ 'ਚ ਨਿਰਾਸ਼ਾ ਛਾ ਗਈ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਖੇਤ ਤਿਆਰ ਕਰਨ, ਕੱਦੂ ਕਰਨ ਅਤੇ ਪਨੀਰੀ ਦੀ ਲਵਾਈ ਕਰਨ ਲਈ ਟਰੈਕਟਰਾਂ ਤੇ ਹੋਰ ਖੇਤੀ ਮਸ਼ੀਨਰੀ ਦੀ ਲਗਾਤਾਰ ਵਰਤੋਂ ਕਰਨੀ ਪੈ ਰਹੀ ਹੈ | ਇਸ ਕਾਰਨ ਉਨ੍ਹਾਂ ਲਈ ਰੋਜ਼ਾਨਾ ਪੈਟਰੋਲ ਪੰਪਾਂ 'ਤੇ ਜਾ ਕੇ ਟਰੈਕਟਰਾਂ 'ਚ 200 ਡੀਜ਼ਲ ਪਵਾਉਣ ਲਈ ਸਮਾਂ ਨਹੀਂ ਮਿਲੇਗਾ | ਜੇਕਰ ਉਹ ਰੋਜ਼ਾਨਾ ਪੈਟਰੋਲ ਪੰਪਾਂ 'ਤੇ ਡੀਜ਼ਲ ਲੈਣ ਲਈ ਜਾਣਗੇ ਤਾਂ ਝੋਨੇ ਦੀ ਲਵਾਈ ਦਾ ਕੰਮ ਪੱਛੜ ਜਾਵੇਗਾ | ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਲੇਬਰ ਦੀ ਘਾਟ ਅਤੇ ਖੇਤੀ ਦੀ ਲਾਗਤ ਵਧਣ ਕਾਰਨ ਮੁਸ਼ਕਲਾਂ ਦੇ ਦੌਰ 'ਚੋਂ ਲੰਘਣਾ ਪੈ ਰਿਹਾ ਹੈ ਅਤੇ ਹੁਣ ਕੇਂਦਰ ਸਰਕਾਰ ਵਲੋਂ ਰੋਜ਼ਾਨਾ ਡੀਜ਼ਲ ਖਰੀਦਣ ਦੀ ਹੱਦ 200 ਲੀਟਰ ਕਰਨ ਨਾਲ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ | ਦੱਸਣਯੋਗ ਹੈ ਕਿ ਪੰਜਾਬ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰੀਬ 35 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਲਵਾਈ ਕੀਤੀ ਜਾਣੀ ਹੈ | ਇਸ ਵਿਚੋਂ 20,000 ਹੈਕਟੇਅਰ ਝੋਨੇ ਦੀ ਬਿਜਾਈ ਡੀ. ਐੱਸ. ਆਰ. ਵਿਧੀ ਰਾਹੀਂ ਸਿੱਧੇ ਤੌਰ 'ਤੇ ਕੀਤੀ ਜਾ ਰਹੀ ਹੈ | ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਸੂਬੇ 'ਚ ਕਈ ਥਾਵਾਂ 'ਤੇ ਟਿਊਬਵੈੱਲ ਦੀ ਸਹੂਲਤ ਨਾ ਹੋਣ ਕਾਰਨ ਇੰਜਣ ਰਾਹੀਂ ਵੀ ਪੰਪ ਚਲਾ ਕੇ ਖੇਤੀ ਲਈ ਪਾਣੀ ਦੀ ਪੂਰਤੀ ਕੀਤੀ ਜਾਂਦੀ ਹੈ | ਇਸ ਲਈ ਅਜਿਹੇ ਕਿਸਾਨਾਂ ਲਈ ਝੋਨੇ ਦੀ ਲਵਾਈ ਕਰਨਾ ਵੀ ਮੁਸ਼ਕਲ ਹੋ ਜਾਵੇਗਾ | ਇਸ ਸੰਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਮੀਤ ਪ੍ਰਧਾਨ ਮੁਕੇਸ਼ ਚੰਦਰ ਰਾਣੀਭੱਟੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਡੀਜ਼ਲ ਦੀ ਹੱਦ 200 ਲੀਟਰ ਪ੍ਰਤੀ ਦਿਨ ਨਿਰਧਾਰਤ ਕਰਨ ਨਾਲ ਝੋਨੇ ਦੀ ਲਵਾਈ ਕਰ ਰਹੇ ਕਿਸਾਨਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਵਰਤੇ ਜਾਣ ਵਾਲੇ ਟਰੈਕਟਰਾਂ ਦੀ ਟੈਂਕੀ ਦੀ ਸਮੱਰਥਾ 55 ਲੀਟਰ ਹੁੰਦੀ ਹੈ ਅਤੇ ਰੋਜ਼ਾਨਾ ਕਿਸਾਨਾਂ ਦਾ 100 ਲੀਟਰ ਡੀਜ਼ਲ ਲੱਗ ਜਾਂਦਾ ਹੈ | ਵੱਡੇ ਕਿਸਾਨਾਂ ਕੋਲ ਇਕ ਤੋਂ ਵੱਧ ਵੀ ਟਰੈਕਟਰ ਹਨ ਅਤੇ ਉਨ੍ਹਾਂ ਦੀ ਡੀਜ਼ਲ ਦੀ ਖਪਤ ਹੋਰ ਵੀ ਵੱਧ ਹੈ | ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਦੌਰਾਨ ਕਿਸਾਨਾਂ ਦੇ ਰੁਝੇਵੇਂ ਇੰਨੇ ਜ਼ਿਆਦਾ ਹੁੰਦੇ ਹਨ ਕਿ ਉਨ੍ਹਾਂ ਲਈ ਰੋਜ਼ ਪੈਟਰੋਲ ਪੰਪ 'ਤੇ ਡੀਜ਼ਲ ਲੈਣ ਲਈ ਜਾਣਾ ਮੁਸ਼ਕਲ ਹੁੰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਝੋਨੇ ਦੀ ਲਵਾਈ ਦੇ ਸੀਜ਼ਨ ਦੇ ਮੱਦੇਨਜ਼ਰ ਖੇਤੀ ਖੇਤਰ ਨੂੰ ਡੀਜ਼ਲ ਦੀ ਇਸ ਹੱਦ ਤੋਂ ਛੋਟ ਦੇਣੀ ਚਾਹੀਦੀ ਹੈ, ਤਾਂ ਜੋ ਕਿਸਾਨ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਮੇਂ ਸਿਰ ਝੋਨੇ ਦੀ ਲਵਾਈ ਕਰ ਸਕਣ |