ਜਸਵੰਤ ਸਿੰਘ ਜੱਸ
ਅੰਮਿ੍ਤਸਰ, 15 ਜੂਨ-ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅੱਜ ਸ਼ਾਮ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅਹਿਮ ਹੁਕਮਨਾਮੇ-ਆਦੇਸ਼ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਦਿਨੀਂ ਗੁਰੂ ਸਾਹਿਬਾਨ ਦੀਆਂ ਪ੍ਰਚੱਲਿਤ ਤਸਵੀਰਾਂ ਦੀ ਬੇਅਦਬੀ ਸੰਬੰਧੀ ਇਕ ਵੀਡੀਓ ਵਾਇਰਲ ਮਾਮਲੇ 'ਚ ਅਕਾਲ ਤਖ਼ਤ ਸਾਹਿਬ ਵਲੋਂ ਫੋਰੈਂਸਿਕ ਲੈਬਾਰਟਰੀਆਂ ਤੋਂ ਕਰਵਾਈਆਂ ਜਾਂਚਾਂ ਦੇ ਆਧਾਰ 'ਤੇ ਦੋਸ਼ੀ ਮੰਨਦਿਆਂ ਅਤੇ 'ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ' ਕਰਾਰ ਦਿੰਦਿਆਂ ਸਿੱਖ ਪੰਥ ਨੂੰ ਮੁੱਖ ਮੰਤਰੀ ਨੂੰ ਮੂੰਹ ਨਾ ਲਾਉਣ ਦਾ ਆਦੇਸ਼ ਜਾਰੀ ਕੀਤਾ ਗਿਆ | ਨਾਲ ਹੀ ਜਾਰੀ ਕੀਤੇ ਇਕ ਹੋਰ ਅਹਿਮ ਆਦੇਸ਼ 'ਚ ਸਿੱਖ ਸੰਸਥਾਵਾਂ ਤੇ ਸਿੱਖ ਪੰਥ ਨੂੰ ਭਰੋਸੇ 'ਚ ਲਏ ਬਿਨਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਮਨਜ਼ੂਰੀ ਦੇਣ ਵਾਲੀ ਮੁੱਖ ਮੰਤਰੀ ਸਮੇਤ ਸਮੁੱਚੀ ਪੰਜਾਬ ਕੈਬਨਿਟ ਅਤੇ ਵਿਧਾਨ ਸਭਾ ਵਿਚ ਐਕਟ ਪਾਸ ਕਰਨ ਵੇਲੇ ਦਸਤਖ਼ਤ ਕਰਨ ਵਾਲੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਮੂਹ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦਾ ਐਲਾਨ ਕੀਤਾ ਗਿਆ | ਜਦੋਂ ਕਿ ਗ਼ੈਰ-ਸਿੱਖ ਮੰਤਰੀਆਂ ਨੂੰ ਇਸ ਸੰਬੰਧੀ ਆਪਣੇ ਲਿਖਤੀ ਸਪੱਸ਼ਟੀਕਰਨ ਭੇਜਣ ਲਈ ਕਿਹਾ ਗਿਆ ਹੈ | ਇਸ ਤੋਂ ਪਹਿਲਾਂ ਜਥੇਦਾਰ ਗੜਗੱਜ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਵੱਖ-ਵੱਖ ਪੰਥਕ ਜਥੇਬੰਦੀਆਂ ਤੇ ਸਿੱਖ ਵਿਦਵਾਨਾਂ ਦੀ ਉਕਤ ਮਾਮਲਿਆਂ ਤੋਂ ਇਲਾਵਾ ਹੋਰ ਪੰਥਕ ਮਸਲਿਆਂ ਸੰਬੰਧੀ ਲੰਬੀ ਵਿਚਾਰ-ਚਰਚਾ ਵੀ ਕੀਤੀ ਗਈ ਤੇ ਇਸ ਦੌਰਾਨ ਹੋਈ ਵਿਚਾਰ-ਚਰਚਾ ਦੀ ਰੌਸ਼ਨੀ 'ਚ ਹੀ ਸਿੰਘ ਸਾਹਿਬਾਨ ਵਲੋਂ ਮਤੇ ਪਾਸ ਕਰ ਕੇ ਉਕਤ ਆਦੇਸ਼ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ | ਇਸ ਮੌਕੇ ਜਥੇਦਾਰ ਗਿਆਨੀ ਗੜਗੱਜ ਤੋਂ ਇਲਾਵਾ ਬਾਕੀ ਸਿੰਘ ਸਾਹਿਬਾਨ 'ਚ ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਗ੍ਰੰਥੀ ਗਿਆਨੀ ਪਰਵਿੰਦਰਪਾਲ ਸਿੰਘ ਤੇ ਗਿਆਨੀ ਕੇਵਲ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਸ਼ਾਮਿਲ ਸਨ | ਉਕਤ ਦੋ ਮਤਿਆਂ ਤੋਂ ਇਲਾਵਾ ਅਮਰੀਕਾ ਤੇ ਕੈਨੇਡਾ ਦੇ ਦੋ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਸੰਬੰਧੀ ਵੀ ਕਰੜੇ ਆਦੇਸ਼ ਜਾਰੀ ਕੀਤੇ ਗਏ |
ਗ਼ੈਰ-ਸਿੱਖ ਮੰਤਰੀਆਂ ਪਾਸੋਂ ਲਿਆ ਜਾਵੇਗਾ ਲਿਖਤੀ ਸਪੱਸ਼ਟੀਕਰਨ
ਜਥੇਦਾਰ ਗਿਆਨੀ ਗੜਗੱਜ ਨੇ ਜਾਰੀ ਪਹਿਲੇ ਆਦੇਸ਼ ਰੂਪੀ ਮਤੇ 'ਚ ਕਿਹਾ ਕਿ 'ਪੰਜਾਬ ਸਰਕਾਰ ਵਲੋਂ ਕੇਂਦਰੀ ਸਿੱਖ ਸੰਸਥਾਵਾਂ ਦੀ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ 'ਦਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਦਾ ਮਾਮਲਾ ਵਿਚਾਰਿਆ ਗਿਆ | ਇਸ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ 8 ਮਈ ਨੂੰ ਸੱਦ ਕੇ ਕਾਨੂੰਨ 'ਚ ਸਿੱਖ ਭਾਵਨਾਵਾਂ ਅਨੁਸਾਰ ਸੋਧਾਂ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਰਾਹੀਂ ਪੰਜਾਬ ਸਰਕਾਰ ਪਾਸ 11 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਲਿਖਤੀ ਰੂਪ 'ਚ ਇਤਰਾਜ਼ ਵੀ ਦਰਜ ਕਰਵਾਏ ਗਏ ਸਨ ਪਰ ਸੂਬਾ ਸਰਕਾਰ ਨੇ ਅੜੀਅਲ ਤੇ ਹੈਂਕੜ ਭਰਿਆ ਰਵੱਈਆ ਅਖ਼ਤਿਆਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ | ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਬਿਆਨਾਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦਿੱਤੀ, ਜਿਸ ਨਾਲ ਸਿੱਖ ਸੰਗਤ ਅੰਦਰ ਭਾਰੀ ਰੋਸ ਪੈਦਾ ਹੋਇਆ ਹੈ | ਪੰਜਾਬ ਸਰਕਾਰ ਦੀ ਕੈਬਨਿਟ ਨੇ ਇਸ ਕਾਨੂੰਨ ਨੂੰ ਪ੍ਰਵਾਨਗੀ ਦਿੱਤੀ ਹੈ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪੰਜਾਬ ਵਿਧਾਨ ਸਭਾ ਮੈਂਬਰਾਂ ਨੇ ਇਸ ਨੂੰ ਸਹਿਮਤੀ ਦਿੱਤੀ ਹੈ | ਪੰਜ ਸਿੰਘ ਸਾਹਿਬਾਨ ਨੇ ਅੱਜ ਦੀ ਇਕੱਤਰਤਾ ਵਿਚ ਫ਼ੈਸਲਾ ਕੀਤਾ ਹੈ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਰਕਾਰ ਦੀ ਕੈਬਨਿਟ ਦੇ ਸਿੱਖ ਮੰਤਰੀਆਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿੱਖ ਵਿਧਾਨ ਸਭਾ ਮੈਂਬਰਾਂ ਨੂੰ 29 ਜੂਨ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਵੇ ਤੇ ਸਰਕਾਰ ਦੀ ਕੈਬਨਿਟ ਦੇ ਗ਼ੈਰ-ਸਿੱਖ ਮੰਤਰੀਆਂ ਪਾਸੋਂ ਲਿਖਤੀ ਸਪੱਸ਼ਟੀਕਰਨ ਲਿਆ ਜਾਵੇ |'
ਮੁੱਖ ਮੰਤਰੀ ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਕਰਾਰ
ਜਥੇਦਾਰ ਗੜਗੱਜ ਨੇ ਪਾਸ ਕੀਤੇ ਇਕ ਹੋਰ ਅਹਿਮ ਮਤੇ ਨੂੰ ਜਾਰੀ ਕਰਦਿਆਂ ਕਿਹਾ ਕਿ 'ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ 4 ਜਨਵਰੀ 2026 ਨੂੰ ਸ਼ਿਕਾਇਤ 'ਚ ਪੁੱਜੀ ਅਤਿ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਿਆ ਗਿਆ | ਇਸ ਸੰਬੰਧੀ ਜਦੋਂ 15 ਜਨਵਰੀ ਨੂੰ ਮੁੱਖ ਮੰਤਰੀ ਨੂੰ ਸਕੱਤਰੇਤ 'ਤੇ ਸੱਦਿਆ ਗਿਆ ਸੀ, ਉਸ ਸਮੇਂ ਸਿੰਘ ਸਾਹਿਬ ਵਲੋਂ ਉਸ ਨੂੰ ਵੀਡੀਓ ਬਾਰੇ ਪੁੱਛਿਆ ਗਿਆ, ਜਿਸ 'ਤੇ ਮੁੱਖ ਮੰਤਰੀ ਨੇ ਵੀਡੀਓ ਨੂੰ ਝੂਠੀ ਅਤੇ ਏ.ਆਈ. ਨਾਲ ਬਣਾਈ ਕਿਹਾ | ਇਸ 'ਤੇ ਸਿੰਘ ਸਾਹਿਬ ਨੇ ਮੁੱਖ ਮੰਤਰੀ ਨੂੰ ਆਦੇਸ਼ ਕੀਤਾ ਕਿ ਉਹ ਵੀਡੀਓ ਦੀ ਜਾਂਚ ਲਈ ਕੋਈ ਦੋ ਫੋਰੈਂਸਿਕ ਲੈਬੋਰਟਰੀਆਂ ਸੁਝਾਉਣ ਅਤੇ ਇਸ ਸੰਬੰਧੀ 27 ਜਨਵਰੀ 2026 ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ | ਪਰ ਮੁੱਖ ਮੰਤਰੀ ਜਾਂ ਇਸ ਦੇ ਦਫ਼ਤਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ | ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀਡੀਓ ਨੂੰ ਆਪਣੇ ਪੱਧਰ 'ਤੇ ਦੋ ਫੋਰੈਂਸਿਕ ਲੈਬਾਂ, ਜੋ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ, ਤੋਂ ਜਾਂਚ ਕਰਵਾਈ, ਜਿਨ੍ਹਾਂ ਦੀ ਰਿਪੋਰਟਾਂ (27 ਮਈ ਅਤੇ 13 ਜੂਨ 2026) 'ਚ ਸੰਬੰਧਿਤ ਵੀਡੀਓ ਸਹੀ ਪਾਈ ਗਈ ਤੇ ਇਸ 'ਚ ਕੋਈ ਛੇੜਛਾੜ ਜਾਂ ਏ. ਆਈ. ਦੇ ਤੱਤ ਨਹੀਂ ਹਨ |' ਗੁਰੂ ਖ਼ਾਲਸਾ ਪੰਥ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ |' ਜਥੇਦਾਰ ਨੇ ਕਿਹਾ ਕਿ 'ਇਹ ਮਾਮਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਗਈ ਪੰਥਕ ਜਥੇਬੰਦੀਆਂ, ਸੰਪਰਦਾਵਾਂ, ਦਲ ਪੰਥਾਂ, ਵਿਦਵਾਨਾਂ ਤੇ ਕਾਨੂੰਨੀ ਮਾਹਿਰਾਂ ਦੀ ਇਕੱਤਰਤਾ 'ਚ ਵਿਚਾਰਿਆ ਗਿਆ, ਜਿਥੇ ਸਮੂਹ ਪੰਥਕ ਸ਼ਖ਼ਸੀਅਤਾਂ ਵਲੋਂ ਇਹ ਵਿਚਾਰ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਐਲਾਨਿਆ ਜਾਵੇ | ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਝੂਠ ਬੋਲਿਆ ਹੈ, ਇਸ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਇਹ ਮੁੱਖ ਮੰਤਰੀ ਵਜੋਂ ਗੁਰੂ ਅਤੇ ਸਿੱਖ ਹਿਤੈਸ਼ੀ ਫ਼ੈਸਲੇ ਕਰ ਸਕੇ | ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਅੱਜ ਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਕਰਾਰ ਦਿੰਦੀ ਹੈ | ਗੁਰੂ ਖ਼ਾਲਸਾ ਪੰਥ ਇਸ ਨੂੰ ਮੂੰਹ ਨਾ ਲਗਾਵੇ |' ਇਸ ਤੋਂ ਇਲਾਵਾ ਜਥੇਦਾਰ ਨੇ ਸੰਗਤ ਨੂੰ ਸੰਬੋਧਨ ਦੌਰਾਨ ਮੁੱਖ ਮੰਤਰੀ ਵਲੋਂ ਪਿਛਲੇ ਸਮੇਂ 'ਚ ਗੁੁਰਦੁਆਰਾ ਸਾਹਿਬਾਨ 'ਚੋਂ ਗੋਲਕਾਂ ਚੁੱਕਣ ਤੇ ਇਨ੍ਹਾਂ 'ਚ ਪੈਸੇ ਨਾ ਪਾਉਣ ਸੰਬੰਧੀ ਦਿੱਤੇ ਬਿਆਨਾਂ ਦੀ ਵੀ ਕਰੜੀ ਆਲੋਚਨਾ ਕੀਤੀ | ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਗੁਰੂ ਘਰਾਂ 'ਚੋਂ ਗੋਲਕਾਂ ਚੁੱਕ ਕੇ ਵਿਖਾਉਣ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਨੂੰ ਦੁਨੀਆ ਦੀ ਕੋਈ ਵੀ ਸਰਕਾਰ ਲਲਕਾਰੇ, ਇਹ ਪੰਥ ਨੇ ਕਦੀ ਨਾ ਬਰਦਾਸ਼ਤ ਕੀਤਾ ਹੈ ਨਾ ਕਦੇ ਕਰੇਗਾ |
ਪੰਥਕ ਇਕੱਤਰਤਾ 'ਚ ਸ਼ਾਮਿਲ ਸ਼ਖ਼ਸੀਅਤਾਂ
ਅਕਾਲ ਤਖ਼ਤ ਸਾਹਿਬ ਦੀ ਬੇਸਮੈਂਟ ਵਿਖੇ ਕਰੀਬ ਚਾਰ ਘੰਟੇ ਚੱਲੀ ਪੰਥਕ ਇਕੱਤਰਤਾ 'ਚ ਜਥੇਦਾਰ ਗੜਗੱਜ, ਜਥੇਦਾਰ ਟੇਕ ਸਿੰਘ, ਗਿਆਨੀ ਕੇਵਲ ਸਿੰਘ, ਗਿਆਨੀ ਰਾਜਦੀਪ ਸਿੰਘ, ਗਿਆਨੀ ਜੁਗਿੰਦਰ ਸਿੰਘ ਮੁੱਖ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਗੁਰਬਖਸ਼ ਸਿੰਘ ਖ਼ਾਲਸਾ, ਧਰਮ ਪ੍ਰਚਾਰ ਕਮੇਟੀ ਮੈਂਬਰ ਅਜੈਬ ਸਿੰਘ ਅਭਿਆਸੀ, ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਲ ਖ਼ਾਲਸਾ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਤੇ ਪਰਮਜੀਤ ਸਿੰੰਘ ਟਾਂਡਾ, ਗਿਆਨੀ ਰਾਮ ਸਿੰਘ ਮੁਖੀ ਦਮਦਮੀ ਟਕਸਾਲ (ਸੰਗਰਾਵਾਂ), ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਮਰਜੀਤ ਸਿੰਘ ਵੰਨਚਿੜੀ ਤੇ ਰਸ਼ਪਾਲ ਸਿੰਘ ਸੋਸਨ, ਨਿਹੰਗ ਸਿੰਘ ਜਥੇਬੰਦੀ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਤਰਨਾ ਦਲ ਹਰੀਆਂ ਵੇਲਾਂ ਵਲੋਂ ਬਾਬਾ ਜਬਰਜੰਗ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਬਾਬਾ ਭਗਤ ਸਿੰਘ ਤੇ ਸਾਬਕਾ ਮੈਨੇਜਰ ਪਰਮਜੀਤ ਸਿੰਘ ਬਾਜਵਾ, ਦਲ ਪੰਥ ਬਾਬਾ ਬਿਧੀ ਚੰਦ ਵਲੋਂ ਬਾਬਾ ਨਾਹਰ ਸਿੰਘ ਸਾਧ ਜੀ, ਸੰਤ ਘਾਲਾ ਸਿੰਘ ਨਾਨਕਸਰ ਕਲੇਰਾਂ ਵਲੋਂ ਬਾਬਾ ਨਿਰਮਲ ਸਿੰਘ, ਬਾਬਾ ਸੁਖਪਾਲ ਸਿੰਘ ਦਸ਼ਮੇਸ਼ ਤਰਨਾ ਦਲ, ਦਮਦਮੀ ਟਕਸਾਲ ਮਹਿਤਾ ਵਲੋਂ ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਲੋਂ ਖੁਸ਼ਹਾਲ ਸਿੰਘ, ਚੀਫ਼ ਖ਼ਾਲਸਾ ਦੀਵਾਨ ਵਲੋਂ ਤਰਲੋਚਨ ਸਿੰਘ ਤੇ ਗੁਰਭੇਜ ਸਿੰਘ, ਬਲਜੀਤ ਸਿੰਘ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਲਦੀਪ ਸਿੰਘ ਰਾਮੂਵਾਲੀਆ, ਗੁਰਸੇਵਕ ਸਿੰਘ ਭਾਣਾ ਫ਼ਰੀਦਕੋਟ, ਵਿਦਿਆਰਥੀ ਜਥੇਬੰਦੀ ਸੱਥ ਤੋਂ ਜੁਝਾਰ ਸਿੰਘ, ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜੁਗਰਾਜ ਸਿੰਘ, ਡਾ. ਕੰਵਰ ਅਮਰਿੰਦਰ ਸਿੰਘ, ਭਾਈ ਜਸਬੀਰ ਸਿੰਘ ਛੱਜੂਪੁਰ ਹਰਿਆਣਾ, ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ, ਜਗਮੋਹਨ ਸਿੰਘ, ਐਡਵੋਕੇਟ ਸਿਮਰਜੀਤ ਸਿੰਘ, ਅਮਰਜੀਤ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਤੇਜਿੰਦਰ ਸਿੰਘ ਖ਼ਾਲਸਾ, ਅਮਰੀਕ ਸਿੰਘ ਬੱਲੋਵਾਲ, ਭਾਈ ਮਨਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਸਕੱਤਰ ਬਿਜੈ ਸਿੰਘ, ਮੁੱਖ ਮੈਨੇਜਰ ਮੇਜਰ ਸਿੰਘ, ਗੁਰਵਿੰਦਰ ਸਿੰਘ ਦੇਵੀਦਾਸਪੁਰ, ਹੈੱਡ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ, ਜਸਕਰਨ ਸਿੰਘ, ਬਗੀਚਾ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ |
ਦੋ ਨੂੰ ਛੱਡ ਕੇ ਸ਼ੋ੍ਰਮਣੀ ਕਮੇਟੀ ਮੈਂਬਰ ਰਹੇ ਗੈਰ-ਹਾਜ਼ਰ
ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਕਮੇਟੀ ਦੇ ਹੋਰ ਸੀਨੀਅਰ ਅਹੁਦੇਦਾਰਾਂ ਸਮੇਤ ਭਾਵੇਂ ਅੱਜਕੱਲ ਵਿਦੇਸ਼ ਦੌਰੇ 'ਤੇ ਹਨ, ਪਰ ਅੱਜ ਦੀ ਪੰਥਕ ਜਥੇਬੰਦੀਆਂ ਤੇ ਵਿਦਵਾਨਾਂ ਦੀ ਇਕੱਤਰਤਾ 'ਚ ਸ਼ੋ੍ਰਮਣੀ ਕਮੇਟੀ ਦੇ 150 ਦੇ ਕਰੀਬ ਮੈਂਬਰਾਂ 'ਚੋਂ ਕੇਵਲ ਦੋ ਮੈਂਬਰ ਭਾਈ ਗਰੇਵਾਲ ਤੇ ਭਾਈ ਖ਼ਾਲਸਾ ਹੀ ਸ਼ਾਮਿਲ ਹੋਏ ਜਦੋਂਕਿ ਸਥਾਨਕ ਮੈਂਬਰਾਂ ਸਮੇਤ ਬਾਕੀ ਮੈਂਬਰ ਸਾਹਿਬਾਨ ਗ਼ੈਰ-ਹਾਜ਼ਰ ਰਹੇ | ਇਸੇ ਤਰ੍ਹਾਂ ਵੱਡੀਆਂ ਪੰਥਕ ਸੰਸਥਾਵਾਂ ਦੇ ਮੁਖੀਆਂ 'ਚੋਂ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਜਥੇਦਾਰ ਅਵਤਾਰ ਸਿੰਘ ਸੁਰਸਿੰਘ ਖੁਦ ਨਹੀਂ ਸ਼ਾਮਿਲ ਹੋਏ, ਪਰ ਉਨ੍ਹਾਂ ਵਲੋਂ ਪ੍ਰਤੀਨਿਧਾਂ ਨੇ ਹਾਜ਼ਰੀ ਲਵਾਈ | ਦਮਦਮੀ ਟਕਸਾਲ ਜਥਾ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਅੱਜ ਦੀ ਇਕੱਤਰਤਾ 'ਚ ਨਹੀਂ ਪੁੱਜੇ | ਦਿੱਲੀ ਦੇ ਅਕਾਲੀ ਆਗੂ ਸ: ਸਰਨਾ ਨੂੰ ਛੱਡ ਕੇ ਅਕਾਲੀ ਦਲ ਬਾਦਲ ਤੇ ਪੁਨਰ ਸੁਰਜੀਤ ਦਲ ਦੇ ਆਗੂ ਇਕੱਤਰਤਾ 'ਚ ਨਹੀਂ ਦੇਖੇ ਗਏ |
ਅਮਰੀਕਾ ਤੇ ਕੈਨੇਡਾ ਦੀਆਂ ਦੋ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ ਤਨਖ਼ਾਹੀਏ/ਅਯੋਗ ਕਰਾਰ
ਅੱਜ ਜਾਰੀ ਕੀਤੇ ਹੋਰ ਵੱਖ-ਵੱਖ ਆਦੇਸ਼ਾਂ 'ਚੋਂ ਇਕ ਆਦੇਸ਼ 'ਚ ਜਥੇਦਾਰ ਗੜਗੱਜ ਨੇ ਅਮਰੀਕਾ 'ਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਆਫ ਸਟੇਟ ਸਾਊਥ ਕੈਰੋਲੀਨਾ ਡੰਕਣ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਸੰਬੰਧੀ ਮਾਮਲੇ 'ਚ ਉਕਤ ਗੁਰਦੁਆਰਾ ਕਮੇਟੀ ਦੇ ਸਾਬਕਾ ਸਕੱਤਰ ਸਰਵਪ੍ਰੀਤ ਸਿੰਘ, ਚੇਅਰਪਰਸਨ ਰਾਜ ਸਿੰਘ, ਟਰੱਸਟੀ ਮਨਜੀਤ ਕੌਰ, ਅੰਮਿ੍ਤਪਾਲ ਸਿੰਘ, ਸਵਰਨ ਸਿੰਘ, ਸੋਹਣ ਸਿੰਘ, ਜਸਵਿੰਦਰ ਸਿੰਘ ਤੇ ਰਜਿੰਦਰ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੰਦਿਆਂ ਆਦੇਸ਼ ਕੀਤਾ ਕਿ ਜਿਨ੍ਹਾਂ ਚਿਰ ਇਹ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਸਪਸ਼ੱਟੀਕਰਨ ਨਹੀਂ ਦਿੰਦੇ, ਓਨਾ ਚਿਰ ਪੰਥ ਇਨ੍ਹਾਂ ਨੂੰ ਮੂੰਹ ਨਾ ਲਗਾਵੇ | ਇਕ ਹੋਰ ਆਦੇਸ਼ 'ਚ ਕੈਨੇਡਾ ਸਥਿਤ ਗੁਰਦੁਆਰਾ ਸਾਹਿਬ ਵਿਨੀਪੈਗ ਸਾਊਥ ਸਿੱਖ ਸੈਂਟਰ ਵਿਲਕਸ ਐਵੀਨਿਊ ਮੈਨੀਟੋਬਾ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਰਹਿਤ ਮਰਿਆਦਾ ਮੁਤਾਬਕ ਪ੍ਰਬੰਧ ਨਾ ਚਲਾਉਣ ਦੇ ਦੋਸ਼ 'ਚ ਉਕਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਤੋਂ ਇਲਾਵਾ ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪ੍ਰਦੀਪ ਸਿੰਘ ਅਤੇ ਪੰਜ ਮੈਂਬਰੀ ਕਮੇਟੀ ਦੇ ਅਮਰਜੀਤ ਸਿੰਘ, ਕਿਰਨਪਾਲ ਸਿੰਘ, ਸੁਖਜਿੰਦਰ ਸਿੰਘ, ਹਰਪਾਲ ਸਿੰਘ ਤੇ ਚਰਨਜੀਤ ਸਿੰਘ ਨੂੰ ਵੀ ਤਨਖ਼ਾਹੀਆ ਕਰਾਰ ਦਿੱਤਾ ਗਿਆ |
ਭਾਈ ਰਾਜੋਆਣਾ ਦੇ ਮਾਮਲੇ 'ਚ ਨਹੀਂ ਕੀਤਾ ਗਿਆ ਕੋਈ ਆਦੇਸ਼
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਵਾਉਣ ਸੰਬੰਧੀ ਪੰਥਕ ਜਥੇਬੰਦੀਆਂ ਦੀ ਇਕੱਤਰਤਾ 'ਚ ਤਾਂ ਜ਼ਿਕਰ ਹੋਇਆ ਪਰ ਬਾਅਦ 'ਚ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਜਾਰੀ ਆਦੇਸ਼ਾਂ 'ਚ ਇਸ ਅਹਿਮ ਪੰਥਕ ਮਾਮਲੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ |
ਜਥੇਦਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਪੰਥ ਵਿਰੋਧੀ ਕਰਾਰ <br/>
ਅਜੀਤ ਡੈਸਕ
16-06-2026