ਤਾਰਕੇਸ਼ਵਰ/ਕੋਲਕਾਤਾ, 20 ਜੂਨ (ਪੀ. ਟੀ. ਆਈ./ਰਣਜੀਤ ਸਿੰਘ ਲੁਧਿਆਣਵੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਵਿਖੇ ‘ਪੱਛਮਬੰਗਾ ਦਿਵਸ’ ਜਾਂ ਪੱਛਮੀ ਬੰਗਾਲ ਦਿਵਸ ਸਮਾਰੋਹ ਵਿਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ 18,880 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਵੀ ਜਾਰੀ ਕੀਤੀ, ਜਿਸ ਨਾਲ ਦੇਸ਼ ਭਰ ਦੇ 9.44 ਕਰੋੜ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਇਆ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ, ਮੰਤਰੀਆਂ, ਵਿਧਾਇਕਾਂ, ਸਰਕਾਰੀ ਅਧਿਕਾਰੀਆਂ ਅਤੇ ਆਮ ਜਨਤਾ ਦੇ ਨਾਲ ਰਾਜ ਦਿਵਸ ਮਨਾਉਣ ਲਈ ਇਕ ਵਿਸ਼ਾਲ ਸਮਾਗਮ ਵਿਚ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਰੇਲਵੇ, ਖੇਤੀਬਾੜੀ, ਪੇਂਡੂ ਵਿਕਾਸ, ਮੱਛੀ ਪਾਲਣ ਅਤੇ ਪਸ਼ੂ ਪਾਲਣ ਖੇਤਰਾਂ ਵਿਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ, ਸਮਰਪਿਤ ਅਤੇ ਨੀਂਹ ਪੱਥਰ ਵੀ ਰੱਖੇ। ਉਪਰੰਤ ਸੰਬੋਧਨ ਕਰਿਦਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਜ਼ੰਜੀਰਾਂ ਤੋਂ ਮੁਕਤ ਹੋ ਗਿਆ ਹੈ ਅਤੇ ਸੂਬੇ ਨੇ ਵਿਕਾਸ ਦੀ ਇਕ ਨਵੀਂ ਯਾਤਰਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਫੈਸਲੇ ਨਾਲ ਲਿਆਂਦੀ ਗਈ ਤਬਦੀਲੀ ਪੂਰੇ ਰਾਜ ਵਿਚ ਦਿਖਾਈ ਦੇ ਰਹੀ ਹੈ। ਵਿਧਾਨ ਸਭਾ ਚੋਣਾ ਵਿਚ ਭਾਜਪਾ ਦੀ ਜਿੱਤ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਰਾਜ ਵਿਚ ਚੱਲ ਰਹੇ ਬਦਲਾਅ ਨੇ ਲੋਕਤੰਤਰੀ ਪ੍ਰਕਿਰਿਆ ਦੀ ਸ਼ਕਤੀ ਨੂੰ ਦਰਸਾਇਆ ਹੈ। ਬੰਗਾਲ ਦੇ ਲੋਕਾਂ ਦੇ ਚਿਹਰਿਆਂ ‘ਤੇ ਚਮਕ ਹੈ ਅਤੇ ਪਿੰਡਾਂ ਵਿਚ ਖੁਸ਼ੀ ਤੇ ਵਿਸ਼ਵਾਸ ਦੀ ਭਾਵਨਾ ਹੈ... ਬੰਗਾਲ ਵਿਚ ਇਹ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ ਕਿ ਤੁਹਾਡੀ ਇਕ ਵੋਟ ਕਿਵੇਂ ਤਬਦੀਲੀ ਲਿਆ ਸਕਦੀ ਹੈ। ਮੋਦੀ ਨੇ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਸਰਹੱਦੀ ਵਾੜ ਨੂੰ ਤੇਜ਼ ਕਰਨ ਲਈ ਰਾਜ ਸਰਕਾਰ ਦੇ ਯਤਨਾਂ ਨੂੰ ਵੀ ਉਜਾਗਰ ਕੀਤਾ ਅਤੇ ਦੋਸ਼ ਲਗਾਇਆ ਕਿ ਪਿਛਲੀ ਸਰਕਾਰ ਨੇ ਇਸ ਪ੍ਰਕਿਰਿਆ ਵਿਚ ਰੁਕਾਵਟ ਪਾਈ ਸੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੀ ਸਰਕਾਰ ਨੇ ਸਰਹੱਦੀ ਵਾੜ ਲਈ ਜ਼ਮੀਨ ਦੇ ਤਬਾਦਲੇ ਨੂੰ ਕਿਵੇਂ ਰੋਕਿਆ ਸੀ। ਇਹ ਪ੍ਰਕਿਰਿਆ ਮੌਜੂਦਾ ਸ਼ਾਸਨ ਅਧੀਨ ਸ਼ੁਰੂ ਹੋਈ ਹੈ। ਮੋਦੀ ਨੇ ਇਹ ਵੀ ਕਿਹਾ ਕਿ ਰਾਜ ਵਿਚ ਭ੍ਰਿਸ਼ਟਾਚਾਰ ਅਤੇ ਜਨਤਕ ਫੰਡਾਂ ਦੀ ਹੇਰਾਫੇਰੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਵੰਡ ਦੌਰਾਨ ਬੰਗਾਲ ਦਾ ਇਕ ਹਿੱਸਾ ਭਾਰਤ ਦੇ ਅੰਦਰ ਰਹਿਣ ਨੂੰ ਯਕੀਨੀ ਬਣਾਉਣ ਵਿਚ ਫੈਸਲਾਕੁੰਨ ਭੂਮਿਕਾ ਨਿਭਾਈ ਸੀ।ਜਦੋਂ ਪੂਰੇ ਬੰਗਾਲ ਨੂੰ ਪਾਕਿਸਤਾਨ ਦਾ ਹਿੱਸਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਤਾਂ ਕਾਂਗਰਸ ਸਾਜਿਸ਼ੀ ਤਾਕਤਾਂ ਅੱਗੇ ਝੁਕ ਗਈ ਸੀ। ਉਦੋਂ ਹੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ। ਕਾਂਗਰਸ ਨੇ ਵੰਡ ਦੌਰਾਨ ਬੰਗਾਲ ਨੂੰ ਅਨਾਥ ਛੱਡ ਦਿੱਤਾ ਸੀ ਅਤੇ ਆਜ਼ਾਦੀ ਤੋਂ ਬਾਅਦ ਤੁਸ਼ਟੀਕਰਨ ਦੀ ਰਾਜਨੀਤੀ ਵਿਚ ਸ਼ਾਮਲ ਹੋ ਗਈ ਸੀ।‘ਪੱਛਮ ਬੰਗਾਲ ਦਿਵਸ’ ਜਾਂ ਪੱਛਮੀ ਬੰਗਾਲ ਦਿਵਸ ਦੀ ਮਹੱਤਤਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ 20 ਜੂਨ ਦੀ ਇਤਿਹਾਸਕ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਹਾਲਾਤਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ, ਜਿਨ੍ਹਾਂ ਕਾਰਨ ਰਾਜ ਦੀ ਸਿਰਜਣਾ ਹੋਈ ਸੀ।