17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮਹਾਰਾਜਾ ਰਣਜੀਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜਾਂਗੇ-ਨਿਤਿਨ ਨਬੀਨ

Ad Position 21
No active advertisement
ਅਜੀਤ ਡੈਸਕ 21-06-2026

ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ
ਅੰਮ੍ਰਿਤਸਰ, 20 ਜੂਨ-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵਲੋਂ ਆਪਣੀ ਪਲੇਠੀ ਤਿੰਨ ਦਿਨਾ ਪੰਜਾਬ ਫੇਰੀ ਦੀ ਸ਼ੁਰੂਆਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਤੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਕੇ ਕੀਤੀ ਗਈ।ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਤਰ੍ਹਾਂ ਸੂਬੇ ਨੂੰ ਵੱਖਰੀ ਪਛਾਣ ਦਿੱਤੀ ਸੀ, ਉਹ ਵੀ ਚਾਹੁੰਦੇ ਹਨ ਕਿ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸੁਪਨਿਆਂ ਦਾ ਸੂਬਾ ਬਣਾਈਏ, ਜਿਸ ਲਈ ਅੱਜ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਹੈ।ਦਰਸ਼ਨ ਕਰਨ ਉਪਰੰਤ ਉਨ੍ਹਾਂ ਸੂਚਨਾ ਕੇਂਦਰ ਦੀ ਯਾਤਰੂ ਪੁਸਤਕ ਵਿਚ ਆਪਣੀਆਂ ਭਾਵਨਾਵਾਂ ਅੰਕਿਤ ਕਰਦਿਆਂ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਅਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਨਵੀਂ ਊਰਜਾ ਮਿਲੀ ਹੈ ਅਤੇ ਮੈਂ ਪੂਰੇ ਦੇਸ਼ ਅਤੇ ਪੰਜਾਬ ਦੀ ਸੇਵਾ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਸਥਾਨ ‘ਤੇ ਅਰਦਾਸ ਕਰਨ ਦਾ ਮੌਕਾ ਪ੍ਰਾਪਤ ਹੋਣਾ ਕੌਮੀ ਪ੍ਰਧਾਨ ਲਈ ਬਹੁਤ ਹੀ ਅਨੁਭਵ ਤੇ ਮਾਣ ਭਰਿਆ ਹੈ। ਇਹ ਗੁਰੂਆਂ ਦੀ ਧਰਤੀ ਹੈ, ਜਿਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਅਰਦਾਸ ਕਰਨ ਦਾ ਸੁਭਾਗ ਮਿਲਦਾ ਹੈ, ਇਥੋਂ ਉਸ ਨੂੰ ਅਥਾਹ ਤਾਕਤ ਮਿਲਦੀ ਹੈ। ਬਾਅਦ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸ੍ਰੀ ਨਬੀਨ ਦੇ ਦਰਸ਼ਨ ਕਰਨ ਜਾਣ ਤੋਂ ਪਹਿਲਾਂ ਭਾਜਪਾ ਆਗੂਆਂ ਵਲੋਂ ਉਨ੍ਹਾਂ ਦੇ ਸਿਰ ‘ਤੇ ਕੇਸਰੀ ਦਸਤਾਰ ਸਜਾਈ ਗਈ। ਉਨ੍ਹਾਂ ਜਿਥੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਕੜਾਹਿ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਤੇ ਰੁਮਾਲਾ ਸਾਹਿਬ ਭੇਟ ਕਰਕੇ ਸਤਿਕਾਰ ਭੇਟ ਕੀਤਾ, ਉਥੇ ਪਰਿਕਰਮਾ ਕਰਦਿਆਂ ਛਬੀਲ ’ਤੇ ਕੁਝ ਸਮਾਂ ਕੌਲੇ ਮਾਂਜਣ ਦੀ ਸੇਵਾ ਵੀ ਕੀਤੀ। ਬਾਅਦ ਵਿਚ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਨਿਤਿਨ ਨਬੀਨ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਮੁੱਖ ਮੈਨੇਜਰ ਮੇਜਰ ਸਿੰਘ ਅਤੇ ਸੂਚਨਾ ਕੇਂਦਰ ਦੇ ਅਧਿਕਾਰੀਆਂ ਰਣਧੀਰ ਸਿੰਘ, ਸਰਬਜੀਤ ਸਿੰਘ ਤੇ ਜਤਿੰਦਰਪਾਲ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ, ਲੋਈ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਦਰਸ਼ਨ ਕਰਨ ਉਪਰੰਤ ਘੰਟਾ ਘਰ ਪਲਾਜ਼ਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਕੌਮੀ ਪ੍ਰਧਾਨ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਦੇਸ਼ ਅਤੇ ਪੰਜਾਬ ਲੋਕਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਅਸਥਾਨ ਦੀ ਧਰਤੀ ਪਟਨਾ ਸਾਹਿਬ ਮੇਰੀ ਕਰਮਭੂਮੀ ਹੈ ਤੇ ਅੱਜ ਗੁਰੂਆਂ ਦੀ ਧਰਤੀ ਅੰਮ੍ਰਿਤਸਰ ‘ਤੇ ਨਤਮਸਤਕ ਹੋ ਕੇ ਨਵੀਂ ਊਰਜਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਆਪਣਾ ਇਤਿਹਾਸ ਹੈ, ਜਿਸ ਦਾ ਦੇਸ਼ ਅਤੇ ਵਿਸ਼ਵ ‘ਚ ਇਕ ਵੱਖਰਾ ਸਥਾਨ ਹੈ। ਨਬੀਨ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਬਾਕੀ ਸੂਬੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤਰੱਕੀ ਕਰ ਰਹੇ ਹਨ, ਉਸੇ ਤਰ੍ਹਾਂ ਪੰਜਾਬ ਦੇ ਹਰ ਘਰ ‘ਚ ਵਿਕਾਸ ਦੀਆਂ ਕਿਰਨਾਂ ਪਹੁੰਚਣ ਅਤੇ ਇਹ ਸੂਬਾ ਹੋਰ ਤਰੱਕੀ ਕਰੇ।ਉਪਰੰਤ ਨਬੀਨ ਜਲ੍ਹਿਆਂਵਾਲਾ ਬਾਗ ਵਿਖੇ ਵੀ ਗਏ ਤੇ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ,ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਇਕਬਾਲ ਸਿੰਘ ਲਾਲਪੁਰਾ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਗੁਰਪ੍ਰਤਾਪ ਸਿੰਘ ਟਿੱਕਾ, ਡਾ. ਜਗਮੋਹਨ ਸਿੰਘ ਰਾਜੂ, ਹਰਵਿੰਦਰ ਸਿੰਘ­ ਸੰਧੂ, ਰਾਜੇਸ਼ ਹਨੀ, ਹਰਜਿੰਦਰ ਸਿੰਘ ਠੇਕੇਦਾਰ, ਡਾ: ਜਸਵਿੰਦਰ ਸਿੰਘ ਢਿੱਲੋਂ ਤੇ ਕੁਲਦੀਪ ਸਿੰਘ ਕਾਹਲੋਂ ਸਮੇਤ ਹੋਰ ਭਾਜਪਾ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮੋਦੀ ਵਲੋਂ 18,880 ਕਰੋੜ ਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਜਾਰੀ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਨਾਲ ਸੰਬੰਧਿਤ ਘਟਨਾ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕ...
Ad Position 24