ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਡਾਊਨਿੰਗ ਸਟ੍ਰੀਟ ਦੇ ਬਾਹਰ ਦਿੱਤੇ ਗਏ ਅਸਤੀਫ਼ੇ ਦੇ ਇਤਿਹਾਸਕ ਭਾਸ਼ਨ ਦੌਰਾਨ ਬਰਤਾਨਵੀ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਮੈਂ ਡਾਊਨਿੰਗ ਸਟ੍ਰੀਟ ‘ਚ ਕਦਮ ਰੱਖਿਆ ਸੀ, ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਮਾਣਮੱਤਾ ਪਲ ਸੀ। 14 ਸਾਲਾਂ ਬਾਅਦ ਦੇਸ਼ ‘ਚ ਇਕ ਨਵੀਂ ਲੇਬਰ ਸਰਕਾਰ ਬਣੀ ਸੀ। ਕਈ ਸਾਲਾਂ ਦੀ ਨਿਰਾਸ਼ਾ ਅਤੇ ਮਾਯੂਸੀ ਤੋਂ ਬਾਅਦ ਸਾਡੇ ਦੇਸ਼ ਦੇ ਇਤਿਹਾਸ ਦਾ ਇਕ ਨਵਾਂ ਪੰਨਾ ਪਲਟਿਆ ਸੀ। ਮੈਂ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਮੌਕੇ ਲਈ ਹੀ ਰਾਜਨੀਤੀ ’ਚ ਆਇਆ ਸੀ, ਪਰ ਇੱਥੋਂ ਤੱਕ ਦਾ ਸਫ਼ਰ ਆਸਾਨ ਨਹੀਂ ਸੀ। ਛੇ ਸਾਲ ਪਹਿਲਾਂ, ਜਦੋਂ ਮੈਨੂੰ ਲੇਬਰ ਪਾਰਟੀ ਦੀ ਕਮਾਨ ਮਿਲੀ, ਤਾਂ ਇਹ ਸਿਆਸੀ, ਵਿੱਤੀ ਅਤੇ ਨੈਤਿਕ ਤੌਰ ’ਤੇ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਸੀ। ਮੈਨੂੰ ਵਾਰ-ਵਾਰ ਕਿਹਾ ਗਿਆ ਕਿ ਮੇਰੀ ਪਾਰਟੀ ਦਾ ਅੰਤ ਹੋ ਚੁੱਕਾ ਹੈ ਅਤੇ ਇਹ ਇਤਿਹਾਸ ਦੇ ਪੰਨਿਆਂ ਤੱਕ ਸੀਮਤ ਰਹਿ ਜਾਵੇਗੀ। ਆਮ ਚੋਣਾਂ ’ਚ ਬਹੁਮਤ ਜਾਂ ਹੂੰਝਾ ਫੇਰ ਜਿੱਤ ਨੇ ਉਨ੍ਹਾਂ ਲੋਕਾਂ ਨੂੰ ਗਲਤ ਸਾਬਤ ਕੀਤਾ, ਕਿਉਂਕਿ ਅਸੀਂ ਆਪਣੀ ਪਾਰਟੀ ਨੂੰ ਬਦਲਿਆ। ਅਸੀਂ ਪਾਰਟੀ ’ਚੋਂ ਯਹੂਦੀ-ਵਿਰੋਧ ਦੇ ਜ਼ਹਿਰ ਨੂੰ ਬਾਹਰ ਕੱਢਿਆ, ਆਰਥਿਕਤਾ, ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ’ਤੇ ਲੋਕਾਂ ਦਾ ਭਰੋਸਾ ਬਹਾਲ ਕੀਤਾ। ਅਸੀਂ ਇਕ ਅਜਿਹੀ ਪਾਰਟੀ ਬਣੇ, ਜੋ ਸਾਡੇ ਰਾਸ਼ਟਰੀ ਝੰਡੇ ਦੇ ਵਿਰੁੱਧ ਨਹੀਂ, ਬਲਕਿ ਉਸ ਦੇ ਨਾਲ ਮਾਣ ਨਾਲ ਖੜ੍ਹੀ ਸੀ।” ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੀ ਆਰਥਿਕਤਾ ਹੁਣ ਵਧੇਰੇ ਮਜ਼ਬੂਤ ਹੈ ਅਤੇ ਸਾਡੇ ਗੁਆਂਢੀ ਦੇਸ਼ਾਂ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ। ਅਸੀਂ ਆਰਥਿਕ ਤੰਗੀ ਖ਼ਤਮ ਕਰਕੇ 17 ਸਾਲਾਂ ’ਚ ਸਿਹਤ ਸੇਵਾਵਾਂ ਦੀ ਉਡੀਕ ਸੂਚੀ ’ਚ ਸਭ ਤੋਂ ਤੇਜ਼ੀ ਨਾਲ ਸੁਧਾਰ ਕੀਤਾ। ਉਨ੍ਹਾਂ ਇਮੀਗ੍ਰੇਸ਼ਨ ’ਚ ਸੁਧਾਰ ਤੋਂ ਲੈ ਕੇ ਦੁਨੀਆ ’ਚ ਬਰਤਾਨੀਆ ਦੇ ਸਨਮਾਨ ਬਹਾਲ ਤੱਕ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਹੁਣ ਪਰਿਵਾਰ ਲਈ ਸਮਾਂ ਕੱਢਣਗੇ।