ਅਜਨਾਲਾ/ਜਗਦੇਵ ਕਲਾਂ/ਚੇਤਨਪੁਰਾ (ਅੰਮ੍ਰਿਤਸਰ), 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਸ਼ਰਨਜੀਤ ਸਿੰਘ ਗਿੱਲ/ਮਹਾਂਬੀਰ ਸਿੰਘ ਗਿੱਲ)- ਬੀਤੀ 11 ਸਤੰਬਰ ਨੂੰ ਡਿਊਟੀ ਖ਼ਤਮ ਕਰਕੇ ਅਜਨਾਲਾ ਵੱਲ ਆ ਰਹੇ ਏ.ਐੱਸ.ਆਈ. ਜਸਵੰਤ ਸਿੰਘ ’ਤੇ ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਭਲਾ ਪਿੰਡ ਨੇੜੇ ਗੋਲੀ ਚਲਾਉਣ ਦੇ ਮਾਮਲੇ ’ਚ ਨਾਮਜ਼ਦ ਅਤੇ ਕੁਝ ਦਿਨ ਪਹਿਲਾਂ ਪੁਲਿਸ ਹਿਰਾਸਤ ’ਚੋਂ ਫਰਾਰ ਹੋਏ ਮੁਲਜ਼ਮ ਕਰਨਬੀਰ ਸਿੰਘ ਉਰਫ਼ ਨੰਦੀ ਦੀ ਥਾਣਾ ਝੰਡੇਰ ਦੇ ਇਲਾਕੇ ਪਿੰਡ ਕੰਦੋਵਾਲੀ ’ਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮੌਤ ਹੋ ਗਈ, ਜਦਕਿ ਇਸ ਘਟਨਾ ’ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਈ.ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸੰਬੰਧੀ ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਝੰਡੇਰ ਦੇ ਮੁਖੀ ਨੂੰ ਸੂਚਨਾ ਮਿਲੀ ਸੀ ਕਿ ਕਰਨਬੀਰ ਸਿੰਘ ਉਰਫ਼ ਨੰਦੀ ਇਲਾਕੇ ’ਚ ਘੁੰਮ ਰਿਹਾ ਹੈ ਅਤੇ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ’ਚ ਹੈ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਥਾਣਾ ਝੰਡੇਰ ਦੇ ਇਲਾਕੇ ਪਿੰਡ ਕੰਦੋਵਾਲੀ (ਲਾਹੌਰ ਬ੍ਰਾਂਚ ਨਹਿਰ) ਨੇੜੇ ਮੌਜੂਦ ਸੀ ਕਿ ਕਰਨਬੀਰ ਮੋਟਰਸਾਈਕਲ ’ਤੇ ਆਉਂਦਾ ਦਿਖਾਈ ਦਿੱਤਾ ਤੇ ਜਦ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਹੈੱਡ ਕਾਂਸਟੇਬਲ ਮਨਦੀਪ ਸਿੰਘ ਦੀ ਛਾਤੀ ’ਤੇ ਗੋਲੀ ਲੱਗੀ ਪਰ ਬੁਲੇਟ ਪਰੂਫ਼ ਜੈਕਟ ਪਹਿਨੀ ਹੋਣ ਕਾਰਨ ਗੰਭੀਰ ਜ਼ਖਮੀ ਹੋਣ ਤੋਂ ਬਚਾਅ ਹੋ ਗਿਆ, ਜਦਕਿ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਲੱਤ ’ਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਕਰਨਬੀਰ ਸਿੰਘ ਨੂੰ ਗੋਲੀਆਂ ਲੱਗੀਆਂ। ਉਸ ਨੂੰ ਤੁਰੰਤ ਸਿਵਲ ਹਸਪਤਾਲ ਅਜਨਾਲਾ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜ਼ਿਕਰਯੋਗ ਹੈ ਕਿ ਕਰਨਬੀਰ ਸਿੰਘ ਉਰਫ਼ ਨੰਦੀ (19) ਪੁੱਤਰ ਸੁਖਵਿੰਦਰ ਸਿੰਘ ਵਾਸੀ ਝੰਜੋਟੀ, ਥਾਣਾ ਰਾਜਾਸਾਂਸੀ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ ਸਨ। ਘਟਨਾ ਸਥਾਨ ਤੋਂ ਇਕ ਗਲੌਕ 9 ਐੱਮ.ਐੱਮ. ਪਿਸਤੌਲ, ਇਕ 30 ਬੋਰ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਮੌਕੇ ਐੱਸ.ਪੀ. ਰਮਨਦੀਪ ਸਿੰਘ, ਡੀ.ਐੱਸ.ਪੀ. ਇੰਦਰਜੀਤ ਸਿੰਘ, ਡੀ.ਐਸ.ਪੀ. ਗੁਰਿੰਦਰ ਪਾਲ ਸਿੰਘ ਨਾਗਰਾ, ਇੰਸਪੈਕਟਰ ਮਨਮੀਤ ਸਿੰਘ ਸੰਧੂ, ਇੰਸਪੈਕਟਰ ਕਰਮਪਾਲ ਸਿੰਘ ਤੇ ਰੀਡਰ ਦਲਜੀਤ ਸਿੰਘ ਆਦਿ ਮੌਜੂਦ ਸਨ।
ਏ.ਐਸ.ਆਈ. ’ਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ’ਚ ਹਲਾਕ ਦੋ ਪੁਲਿਸ ਮੁਲਾਜ਼ਮ ਵੀ ਹੋਏ ਜ਼ਖ਼ਮੀ
ਅਜਨਾਲਾ/ਜਗਦੇਵ ਕਲਾਂ/ਚੇਤਨਪੁਰਾ (ਅੰਮ੍ਰਿਤਸਰ), 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਸ਼ਰਨਜੀਤ ਸਿੰਘ ਗਿੱਲ/ਮਹਾਂਬੀਰ ਸਿੰਘ ਗਿੱਲ)- ਬੀਤੀ 11 ਸਤੰਬਰ ਨੂੰ ਡਿਊਟੀ ਖ਼ਤਮ ਕਰਕੇ ਅਜਨਾਲਾ ਵੱਲ ਆ ਰਹੇ ਏ.ਐੱਸ.ਆਈ. ਜਸਵੰਤ ...
ਅਜੀਤ ਡੈਸਕ
27-09-2026