ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਅਮਰੀਕਾ ਤੇ ਈਰਾਨ ਵਲੋਂ ਭਾਰੀ ਗੋਲਾਬਾਰੀ ਬਾਅਦ ਹੋਰਮੁਜ਼ ’ਤੇ ਕਬਜ਼ੇ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 14-07-2026

ਈਰਾਨ ਦੀ ਬਦਲਾ ਸੂਚੀ-ਟਰੰਪ, ਨੇਤਨਯਾਹੂ ਅਤੇ ਮੇਲੋਨੀ ਸਮੇਤ 13 ਨੇਤਾਵਾਂ ਦੇ ਨਾਂਅ
ਤਹਿਰਾਨ, 13 ਜੁਲਾਈ (ਏਜੰਸੀ)-ਅਮਰੀਕਾ ਅਤੇ ਈਰਾਨ ’ਚ ਜਾਰੀ ਤਣਾਅ ਦਰਮਿਆਨ ਈਰਾਨ ਦੀ ਇਕ ਅਖ਼ਬਾਰ ਨੇ ਅਜਿਹੀ ਸੂਚੀ ਜਾਰੀ ਕੀਤੀ ਹੈ, ਜਿਸ ਨੇ ਪੂਰੀ ਦੁਨੀਆ ’ਚ ਹੜਕੰਪ ਮਚਾ ਦਿੱਤਾ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲ੍ਹਾ ਅਲੀ ਖਾਮੇਨੇਈ ਦੀ ਮੌਤ ਦੇ ਬਾਅਦ ਉਸ ਦੇ ਪੁੱਤਰ ਅਤੇ ਨਵੇਂ ਉੱਤਰਾਧਿਕਾਰੀ ਮੋਜਤਬਾ ਖਾਮੇਨੇਈ ਨੇ ਆਪਣੇ ਪਹਿਲੇ ਜਨਤਕ ਭਾਸ਼ਨ ’ਚ ਇਕ ਬਦਲਾ ਲੈਣ ਵਾਲੀ ਸੂਚੀ ਜਾਰੀ ਕੀਤੀ ਹੈ। ਈਰਾਨ ਦੀ ਇਕ ਰਾਸ਼ਟਰੀ ਰੋਜ਼ਾਨਾ ਅਖ਼ਬਾਰ ‘ਹਮਸ਼ਹਿਰੀ’ ਵਲੋਂ ਜਾਰੀ ਕੀਤੀ ਗਈ ਇਸ ਆਨਲਾਈਨ ਸੂਚੀ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਸਮੇਤ ਦੁਨੀਆ ਦੇ 13 ਚੋਟੀ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ। ਇਹ ਸੂਚੀ ਅਯਾਤੁੱਲ੍ਹਾ ਅਲੀ ਖਾਮੇਨੇਈ ਦੀਆਂ ਅੰਤਿਮ ਰਸਮਾਂ ਦੇ ਬਾਅਦ ਸਾਹਮਣੇ ਆਈ ਹੈ। ਇਸ ਸੂਚੀ ਨੂੰ ਇਕ ਗ੍ਰਾਫਿਕ ਦੇ ਰੂਪ ’ਚ ਜਾਰੀ ਕੀਤਾ ਗਿਆ ਹੈ, ਜਿਸ ’ਚ ਨੇਤਾਵਾਂ ਨੂੰ ਦੋ ਵਰਗਾਂ ’ਚ ਦਿਖਾਇਆ ਗਿਆ ਹੈ। ਮੁੱਖ ਨਿਸ਼ਾਨੇ ’ਤੇ ਦੋ ਨੇਤਾਵਾਂ ਡੋਨਾਲਡ ਟਰੰਪ ਅਤੇ ਬੈਂਜਾਮਿਨ ਨੇਤਨਯਾਹੂ ਦੀਆਂ ਤਸਵੀਰਾਂ ’ਚ ਉਨ੍ਹਾਂ ਦੇ ਮੱਥੇ ’ਤੇ ਸਨਾਈਪਰ ਗੰਨ ਦੇ ‘ਕਰਾਸਹੇਅਰ’ (ਨਿਸ਼ਾਨਾ ਲਗਾਉਣ ਵਾਲੇ ਨਿਸ਼ਾਨ) ਦਰਸਾਏ ਗਏ ਹਨ। ਸੂਚੀ ’ਚ ਸਾਰੇ 13 ਨੇਤਾਵਾਂ ਨੂੰ ਨਾਰੰਗੀ ਰੰਗ ਦੀ ਕੈਦੀਆਂ ਵਾਲੀ ਪੋਸ਼ਾਕ ’ਚ ਦਿਖਾਇਆ ਗਿਆ ਹੈ। ਸੂਚੀ ਵਿਚ ਬਾਕੀ 11 ਨੇਤਾਵਾਂ ’ਚ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ, ਰੱਖਿਆ ਮੰਤਰੀ ਪੀਟ ਹੇਗਸੇਥ, ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਬ੍ਰੈਡ ਕੂਪਰ, ਇਜ਼ਰਾਈਲ ’ਚ ਅਮਰੀਕੀ ਰਾਜਦੂਤ ਮਾਈਕ ਹਕਾਬੀ, ਇਜ਼ਰਾਇਲੀ ਰੱਖਿਆ ਮੰਤਰੀ ਕਾਟਜ਼, ਵਿਦੇਸ਼ ਮੰਤਰੀ ਗਿਦੋਨ ਸਾਰ, ਇਜ਼ਰਾਇਲੀ ਰੱਖਿਆ ਬਲਾਂ ਦੇ ਮੁਖੀ ਲੈਂਫਟੀਨੈਂਟ ਜਨਰਲ ਇਯਾਰ ਜ਼ਮੀਰ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਅਤੇ ਜਰਮਨ ਦੇ ਚਾਂਸਲਰ ਫੈਡਰਿਕ ਮਰਜ਼ ਨੂੰ ਸ਼ਾਮਿਲ ਕੀਤਾ ਗਿਆ ਹੈ। ਮੋਜਤਬਾ ਖਾਮੇਨੇਈ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੇ ਬਾਅਦ ਪਹਿਲੇ ਬਿਆਨ ’ਚ ਕਿਹਾ ਕਿ ਬਦਲਾ ਲੈਣਾ ਸਾਡੇ ਦੇਸ਼ ਦੀ ਇੱਛਾ ਹੈ ਅਤੇ ਇਸ ਨੂੰ ਹਰ ਹਾਲ ’ਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਅਪਰਾਧੀ, ਜਿਨ੍ਹਾਂ ਦੇ ਨਾਂਅ ਇਸ ਸੂਚੀ ’ਚ ਹਨ ਉਹ ਆਪਣੇ ਬਿਸਤਰੇ ’ਤੇ ਸ਼ਾਂਤੀ ਨਾਲ ਮਰਨ ਦਾ ਸੁਪਨਾ ਦੇਖਦੇ ਹੋਏ ਹੀ ਕਬਰ ’ਚ ਜਾਣਗੇ। ਹਾਲਾਂਕਿ ਇਸ ਗ੍ਰਾਫਿਕ ਨੂੰ ਜਾਰੀ ਕਰਨ ਦੇ ਬਾਵਜੂਦ ਅਜੇ ਤੱਕ ਈਰਾਨ ਸਰਕਾਰ ਵਲੋਂ ਇਸ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਦੇਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਮੋਜਤਬਾ ਖਾਮੇਨੇਈ ਨੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਆਪਣੇ ਪਿਤਾ ਦੀ ਮੌਤ ਲਈ ਕਿਸ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਮੰਨਦੇ ਹਨ। ਇਹ ਸੂਚੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕੀ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਈਰਾਨ ਟਰੰਪ ਦੀ ਹੱਤਿਆ ਦੀ ਯੋਜਨਾ ਬਣਾ ਰਿਹਾ ਸੀ। ਖ਼ੁਫੀਆ ਰਿਪੋਰਟਾਂ ਅਨੁਸਾਰ ਇਜ਼ਰਾਈਲ ਨੇ ਵਾਸ਼ਿੰਗਟਨ ਦੇ ਨਾਲ ਹੱਤਿਆ ਦੀ ਸਾਜਿਸ਼ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਸੀ। ਇਹ ਗ੍ਰਾਫਿਕ ਈਰਾਨ ਅਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਦਰਮਿਆਨ ਜਾਰੀ ਕੀਤਾ ਗਿਆ ਹੈ। ਹਾਲ ਹੀ ਦੇ ਬਿਆਨਾਂ ’ਚ ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਨੇ ਉਸ ਨੂੰ ਆਪਣੀ ਸੂਚੀ ’ਚ ਸਭ ਤੋਂ ਉੱਪਰ ਰੱਖਿਆ ਹੈ ਅਤੇ ਚਿਤਾਵਨੀ ਦਿੱਤੀ ਕਿ ਉਸ ਨੂੰ ਮਾਰਨ ਦੀ ਕਿਸੇ ਵੀ ਕੋਸ਼ਿਸ਼ ਦਾ ਅਮਰੀਕਾ ਵਲੋਂ ਸਖ਼ਤ ਜਵਾਬ ਦਿੱਤਾ ਜਾਵੇਗਾ।
ਅਮਰੀਕਾ ਅਤੇ ਈਰਾਨ ਵਲੋਂ ਹੋਰਮੁਜ਼ ’ਤੇ ਕਬਜ਼ੇ ਦਾ ਦਾਅਵਾ
ਦੁਬਈ, (ਏਜੰਸੀਆਂ)-ਤਾਜ਼ਾ ਹਮਲਿਆਂ ਅਤੇ ਭਾਰੀ ਗੋਲਾਬਾਰੀ ਦੇ ਬਾਅਦ ਅਮਰੀਕਾ ਅਤੇ ਈਰਾਨ ਦੋਵਾਂ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਹੋਰਮੁਜ਼ ਜਲਮਾਰਗ ’ਤੇ ਉਨ੍ਹਾਂ ਦਾ ਕੰਟਰੋਲ ਹੈ। ਜਿਸ ਨਾਲ ਯੁੱਧ ਖਤਮ ਕਰਨ ਦੀਆਂ ਕੂਟਨੀਤਕ ਕੋਸ਼ਿਸ਼ਾਂ ’ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹੋਰਮੁਜ਼ ਜਲ ਮਾਰਗ ਅੰਤਰਰਾਸ਼ਟਰੀ ਸਮੁੰਦਰੀ ਮਾਰਗ ਹੈ ਅਤੇ ਉਥੋਂ ਲੰਘਣ ਵਾਲੇ ਜਹਾਜ਼ਾਂ ਦੀ ਸੁਰੱਖਿਆ ਉਨ੍ਹਾਂ ਦੀ ਫ਼ੌਜ ਤੈਅ ਕਰ ਰਹੀ ਹੈ। ਉਥੇ ਈਰਾਨ ਦਾ ਕਹਿਣਾ ਹੈ ਕਿ ਹੋਰਮੁਜ਼ ਜਲ ਮਾਰਗ ’ਤੇ ਉਨ੍ਹਾਂ ਦਾ ਕੰਟਰੋਲ ਹੈ ਅਤੇ ਉਹ ਇਸ ਇਲਾਕੇ ’ਚ ਕਿਸੇ ਵੀ ਵਿਦੇਸ਼ੀ ਫ਼ੌਜ ਦਾ ਦਖ਼ਲ ਸਵੀਕਾਰ ਨਹੀਂ ਕਰੇਗਾ। ਦੋਵੇਂ ਦੇਸ਼ਾਂ ਦੇ ਦਾਅਵਿਆਂ ਦਰਮਿਆਨ ਹੋਰਮੁਜ਼ ਜਲ ਮਾਰਗ ਨੂੰ ਲੈ ਕੇ ਤਣਾਅ ਲਗਾਤਾਰ ਵਧ ਰਿਹਾ ਹੈ।
ਅਮਰੀਕਾ ਹੋਰਮੁਜ਼ ’ਚ ਦਖ਼ਲ ਬੰਦ ਕਰੇ- ਈਰਾਨ
ਈਰਾਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਹੋਰਮੁਜ਼ ਜਲਮਾਰਗ ਨੂੰ ਉਦੋਂ ਹੀ ਖੋਲ੍ਹੇਗਾ, ਜਦੋਂ ਅਮਰੀਕਾ ਇਸ ਰਣਨੀਤਕ ਜਲਮਾਰਗ ’ਚ ਦਖ਼ਲ ਬੰਦ ਕਰ ਦੇਵੇਗਾ। ਈਰਾਨ ਦੇ ਇਸਲਾਮਿਕ ਰੈਵੇਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ) ਨੇ ਇਕ ਬਿਆਨ ’ਚ ਕਿਹਾ ਕਿ ਹੋਰਮੁਜ਼ ਨੂੰ ਮੁੜ ਖੋਲ੍ਹਣ ਦਾ ਇਕਮਾਤਰ ਤਰੀਕਾ ਇਹ ਹੈ ਕਿ ਅਮਰੀਕੀ ਫ਼ੌਜ ਹੋਰਮੁਜ਼ ’ਚ ਆਪਣਾ ਦਖ਼ਲ ਬੰਦ ਕਰ ਦੇਵੇ ਅਤੇ ਈਰਾਨ ਆਪਣੇ ਤੱਟੀ ਜਲ ’ਤੇ ਆਪਣੀ ਪ੍ਰਭਸੱਤਾ ਦਾ ਸਨਮਾਨ ਕਰੇ। ਆਈ.ਆਰ.ਜੀ.ਸੀ. ਨੇ ਚਿਤਾਵਨੀ ਦਿੱਤੀ ਕਿ ਜਲ ਮਾਰਗ ’ਚ ਅਮਰੀਕਾ ਦੀ ਲਗਾਤਾਰ ਮੌਜੂਦਗੀ ਨਾਲ ਵਿਸ਼ਵ ਪੱਧਰ ’ਤੇ ਤੇਲ ਅਤੇ ਗੈਸ ਦੀ ਸਪਲਾਈ ’ਚ ਰੁਕਾਵਟਾਂ ਆ ਸਕਦੀਆਂ ਹਨ।
ਜਾਰਡਨ ਨੇ ਈਰਾਨ ਵਲੋਂ ਦਾਗੀਆਂ ਮਿਜ਼ਾਈਲਾਂ ਨੂੰ ਨਸ਼ਟ ਕੀਤਾ
ਉਧਰ ਜਾਰਡਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਈਰਾਨ ਵਲੋਂ ਦਾਗੀਆਂ ਚਾਰ ਮਿਜ਼ਾਈਲਾਂ ਨੂੰ ਨਸ਼ਟ ਕੀਤਾ ਹੈ। ਜਾਰਡਨ ਦੇ ਸਰਕਾਰੀ ਨਿਊਜ਼ ਏਜੰਸੀ ਪੇਟਰਾ ਨੇ ਫ਼ੌਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਜਾਰਡਨ ਦੀ ਫ਼ੌਜ ਨੇ ਈਰਾਨ ਵਲੋਂ ਦਾਗੀਆਂ ਚਾਰ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਈਰਾਨੀ ਜਹਾਜ਼ਾਂ ਦੀ ਨਾਕਾਬੰਦੀ ਅਤੇ 20 ਫ਼ੀਸਦੀ ਟੋਲ ਦਾ ਐਲਾਨ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਦੋ ਦਿਨਾਂ ਗੁਰਮਤਿ ਸਮਾਗਮ ਕੱਲ੍ਹ ਤੋਂ
Ad Position 24
No active advertisement