ਨਵੀਂ ਦਿੱਲੀ,13 ਜੁਲਾਈ (ਜਗਤਾਰ ਸਿੰਘ)-ਯੂ.ਪੀ. ਦੇ 3 ਮੰਦਰ-ਮਸਜਿਦ ਵਿਵਾਦ ਨੂੰ ਲੈ ਕੇ ਹਿੰਦੂ ਅਤੇ ਮੁਸਲਿਮ ਧਿਰਾਂ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੀ ‘ਵਿਚੋਲਗੀ’ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ । ਇਹ ਵਿਵਾਦ ਵਾਰਾਨਸੀ ਦੀ ਗਿਆਨਵਾਪੀ ਮਸਜਿਦ, ਮਥੁਰਾ ਦੀ ਸੀ ਕ੍ਰਿਸ਼ਨ ਜਨਮ-ਭੂਮੀ-ਸ਼ਾਹੀ ਈਦਗਾਹ ਅਤੇ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਨਾਲ ਜੁੜਿਆ ਹੋਇਆ ਹੈ । ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਇੱਕ ਪੱਤਰ ਰਾਹੀਂ ਇਨ੍ਹਾਂ ਮਾਮਲਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਲਈ ‘ਸਮਾਧਾਨ ਸਮਾਰੋਹ 2026’ ਪਹਿਲ ਦੇ ਤਹਿਤ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ ਅਤੇ ਦੋਵਾਂ ਧਿਰਾਂ ਤੋਂ ਸਹਿਮਤੀ ਮੰਗੀ ਗਈ ਸੀ। ਪਰ ਕਿਸੇ ਵੀ ਧਿਰ ਨੇ ਇਸ ਪੇਸ਼ਕਸ਼ ਲਈ ਸਹਿਮਤੀ ਨਹੀਂ ਦਿੱਤੀ । ਕੋਰਟ ਨੇ ਇਹ ਪੱਤਰ ਕਦੋਂ ਭੇਜਿਆ ਸੀ, ਫ਼ਿਲਹਾਲ ਇਸ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੋਵਾਂ ਧਿਰਾਂ ਨੇ ਕਿਹਾ ਕਿ ਉਹ ਅਦਾਲਤ ਵਿਚ ਕੇਸ ਲੜ ਕੇ ਫ਼ੈਸਲਾ ਚਾਹੁੰਦੀਆਂ ਹਨ । ਹੁਣ ਸੁਪਰੀਮ ਕੋਰਟ ਵਿਚ ਨਿਯਮਿਤ ਸੁਣਵਾਈਆਂ ਹੋਣਗੀਆਂ, ਜਿੱਥੇ ਦੋਵੇਂ ਧਿਰਾਂ ਆਪਣੇ ਸਬੂਤ ਅਤੇ ਦਲੀਲਾਂ ਪੇਸ਼ ਕਰਨਗੀਆਂ । ਹਾਲਾਂਕਿ ਜੇਕਰ ਦੋਵੇਂ ਧਿਰਾਂ ਭਵਿੱਖ ਵਿਚ ਸਹਿਮਤ ਹੋ ਜਾਂਦੀਆਂ ਹਨ, ਤਾਂ ਅਦਾਲਤ ਦੁਬਾਰਾ ਵਿਚੋਲਗੀ ’ਤੇ ਵਿਚਾਰ ਕਰ ਸਕਦੀ ਹੈ ।
ਕਾਸ਼ੀ, ਮਥੁਰਾ ਤੇ ਸੰਭਲ ਵਿਵਾਦ ਸੁਪਰੀਮ ਕੋਰਟ ਦੀ ਵਿਚੋਲਗੀ ਦੀ ਪੇਸ਼ਕਸ਼ ਨੂੰ ਹਿੰਦੂ-ਮੁਸਲਿਮ ਧਿਰਾਂ ਨੇ ਕੀਤਾ ਰੱਦ
ਅਜੀਤ ਡੈਸਕ
14-07-2026