ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਭੁਪੇਸ਼ ਬਘੇਲ ਨੇ ਪੰਜਾਬ ਕਾਂਗਰਸ ਦੀ ਖੁੱਲ੍ਹੀ ਖ਼ਾਨਾਜੰਗੀ ਤੇ ਦੋਵੇਂ ਧੜਿਆਂ ਬਾਰੇ ਰਿਪੋਰਟ ਹਾਈਕਮਾਨ ਨੂੰ ਭੇਜੀ

Ad Position 21
No active advertisement
ਅਜੀਤ ਡੈਸਕ 14-07-2026

* ਰਾਹੁਲ ਗਾਂਧੀ ਦੇ ਫ਼ੈਸਲੇ ’ਤੇ ਟਿਕੀਆਂ ਦੋਵੇਂ ਧੜਿਆਂ ਦੀਆਂ ਨਜ਼ਰਾਂ * ਨਾਰਾਜ਼ ਧੜੇ ਦੇ ਆਗੂਆਂ ਵਲੋਂ ਰਾਹੁਲ ਨਾਲ ਮੁਲਾਕਾਤ ਲਈ ‘ਦਿੱਲੀ ਦਰਬਾਰ’ ਨਾਲ ਸੰਪਰਕ ਸਾਧਣਾ ਸ਼ੁਰੂ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 13 ਜੁਲਾਈ -ਪੰਜਾਬ ਕਾਂਗਰਸ ਵਿਚਾਲੇ ਚੱਲ ਰਹੀ ਖਾਨਾਜੰਗੀ ਖ਼ਤਮ ਕਰਾਉਣ ਲਈ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਪੰਜਾਬ ਦੌਰੇ ’ਤੇ ਭੇਜਿਆ ਗਿਆ ਸੀ। ਆਪਣੇ ਦੌਰੇ ਦੌਰਾਨ ਭੁਪੇਸ਼ ਬਘੇਲ ਵਲੋਂ ਦੋਵੇਂ ਧੜਿਆਂ ਨਾਲ ਮੁਲਾਕਾਤ ਕਰਕੇ ਇਤਰਾਜ਼ ਤੇ ਰਾਇ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਗਈ । ਹਾਲਾਂਕਿ ਭੁਪੇਸ਼ ਬਘੇਲ ਆਪਣੇ ਦੌਰੇ ਦੌਰਾਨ ਪੰਜਾਬ ਕਾਂਗਰਸ ਵਿਚਾਲੇ ਛਿੜੀ ਖਾਨਾਜੰਗੀ ਖ਼ਤਮ ਕਰਾਉਣ ’ਚ ਸਫਲ ਨਹੀਂ ਹੋ ਸਕੇ, ਪਰ ਉਨ੍ਹਾਂ ਵਲੋਂ ਇਸ ਸੰਬੰਧੀ ਤਿਆਰ ਕੀਤੀ ਗਈ ਰਿਪੋਰਟ ਹਾਈ ਕਮਾਨ ਨੂੰ ਭੇਜ ਦਿੱਤੀ ਗਈ ਹੈ, ਜਿਸ ਮਗਰੋਂ ਪੰਜਾਬ ਕਾਂਗਰਸ ਵਿਚ ਚੱਲ ਰਹੀ ਖੁੱਲ੍ਹੀ ਖ਼ਾਨਾਜੰਗੀ ਦਾ ਮਾਮਲਾ ਮੁੜ ਕਾਂਗਰਸ ਹਾਈਕਮਾਨ ਦੇ ਦਿੱਲੀ ਦਰਬਾਰ ਵਿਚ ਜਾ ਪੁੱਜਿਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਸੂਬੇ ਵਿਚ ਬਣੇ ਸਿਆਸੀ ਹਾਲਾਤ, ਧੜੇਬੰਦੀ ਅਤੇ ਦੋਵੇਂ ਪੱਖਾਂ ਦੇ ਦਾਅਵਿਆਂ ਸੰਬੰਧੀ ਆਪਣੀ ਵਿਸਥਾਰਪੂਰਵਕ ਰਿਪੋਰਟ ਕਾਂਗਰਸ ਹਾਈਕਮਾਨ ਨੂੰ ਆਨਲਾਈਨ ਭੇਜੀ ਹੈ, ਜਿਸ ਨੂੰ ਸਿੱਧਾ ਰਾਹੁਲ ਗਾਂਧੀ ਵੀ ਦੇਖ ਸਕਦੇ ਹਨ । ਦੱਸਿਆ ਜਾ ਰਿਹਾ ਕਿ ਕਾਂਗਰਸ ਹਾਈ ਕਮਾਨ ਵਲੋਂ ਭੁਪੇਸ਼ ਬਘੇਲ ਨੂੰ ਇਕ ਆਨਲਾਈਨ ਪੋ੍ਫਾਰਮਾ ਭੇਜ ਕੇ ਰਿਪੋਰਟ ਮੰਗਵਾਈ ਗਈ ਸੀ, ਜਿਸ ਵਿਚ ਸਾਰੀ ਜਾਣਕਾਰੀ ਭੇਜ ਦਿੱਤੀ ਗਈ ਹੈ। ਦੂਜੇ ਪਾਸੇ ਭੁਪੇਸ਼ ਬਘੇਲ ਨੇ ਤਾਜ਼ਾ ਟਵੀਟ ਕਰਦਿਆਂ ਫਿਰ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦਾ ਚਿਹਰਾ ਸਿਰਫ਼ ਰਾਹੁਲ ਗਾਂਧੀ ਹੀ ਹੋਣਗੇ । ਮੰਨਿਆ ਜਾ ਰਿਹਾ ਹੈ ਕਿ ਇਹ ਸੰਦੇਸ਼ ਨਾਰਾਜ਼ ਧੜੇ ਨੂੰ ਦੇਣ ਲਈ ਟਵੀਟ ਕੀਤਾ ਗਿਆ ਹੈ । ਹਾਈਕਮਾਨ ਨੂੰ ਰਿਪੋਰਟ ਭੇਜੇ ਜਾਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਫ਼ੈਸਲੇ ’ਤੇ ਟਿਕ ਗਈਆਂ ਹਨ । ਉਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਵੀ ਆਪਣੇ ਵਿਦੇਸ਼ ਦੌਰੇ ਤੋਂ ਪਰਤ ਆਏ ਹਨ ਅਤੇ ਇਸ ਮਾਮਲੇ ’ਤੇ ਉਹ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਕੇ.ਸੀ. ਵੇਨੂ ਗੋਪਾਲ ਨਾਲ ਵਿਚਾਰ-ਵਟਾਂਦਰਾ ਕਰ ਸਕਦੇ ਹਨ । ਦੱਸਿਆ ਜਾ ਰਿਹਾ ਕਿ ਪੰਜਾਬ ਨੂੰ ਲੈ ਕੇ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਪੂਰੀ ਦਿਲਚਸਪੀ ਦਿਖਾ ਰਹੇ ਹਨ ਤੇ ਉਨ੍ਹਾਂ ਵਲੋਂ ਵੀ ਇਸ ਮਾਮਲੇ ਵਿਚ ਚੁੱਕੇ ਜਾਣ ਵਾਲੇ ਕਦਮਾਂ ਸੰਬੰਧੀ ਹਰ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਭੁਪੇਸ਼ ਬਘੇਲ ਵਲੋਂ ਤਿਆਰ ਕੀਤੀ ਗਈ ਰਿਪੋਰਟ ਵਿਚ ਮੌਜੂਦਾ ਸੰਗਠਨਾਤਮਕ ਢਾਂਚੇ, ਪਾਰਟੀ ਅੰਦਰ ਨਾਰਾਜ਼ਗੀ ਦੇ ਕਾਰਨਾਂ, ਦੋਵੇਂ ਧੜਿਆਂ ਦੇ ਪੱਖ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਦੀ ਏਕਤਾ ਲਈ ਕੁਝ ਸੁਝਾਅ ਵੀ ਸ਼ਾਮਿਲ ਕੀਤੇ ਗਏ ਹਨ। ਪਾਰਟੀ ਨਾਲ ਜੁੜੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਨ ਹੁਣ ਭੁਪੇਸ਼ ਬਘੇਲ ਦੀ ਰਿਪੋਰਟ ਦਾ ਗੰਭੀਰਤਾ ਨਾਲ ਅਧਿਐਨ ਕਰੇਗੀ ਤੇ ਅੰਤਿਮ ਫ਼ੈਸਲਾ ਰਾਹੁਲ ਗਾਂਧੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਨਾਰਾਜ਼ ਧੜੇ ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਇਸ ਧੜੇ ਦੇ ਕਈ ਸੀਨੀਅਰ ਆਗੂਆਂ ਨੇ ਰਾਹੁਲ ਗਾਂਧੀ ਨਾਲ ਸਿੱਧੀ ਮੁਲਾਕਾਤ ਦਾ ਸਮਾਂ ਲੈਣ ਲਈ ਦਿੱਲੀ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹਾਈਕਮਾਨ ਨਾਲ ਜੁੜੇ ਆਗੂਆਂ ਨਾਲ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਹੈ। ਉਧਰ ਸੂਤਰ ਇਹ ਵੀ ਦੱਸਦੇ ਹਨ ਕਿ ਚਰਨਜੀਤ ਸਿੰਘ ਚੰਨੀ ਵਲੋਂ ਹੁਣ ਇਹ ਵੀ ਸੰਕੇਤ ਦਿੱਤੇ ਜਾ ਰਹੇ ਹਨ ਕਿ ਉਨ੍ਹਾਂ ਨੂੰ ਚਾਹੇ ਪ੍ਰਧਾਨ ਨਾ ਵੀ ਬਣਾਇਆ ਜਾਵੇ ਰਾਜਾ ਵੜਿੰਗ ਨੂੰ ਉਤਾਰ ਕੇ ਕਿਸੇ ਹੋਰ ਆਗੂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਲਈ ਆਉਣ ਵਾਲੇ ਕੁਝ ਦਿਨ ਕਾਫ਼ੀ ਅਹਿਮ ਹੋਣਗੇ। ਜੇਕਰ ਹਾਈਕਮਾਨ ਦੋਵੇਂ ਧੜਿਆਂ ’ਚ ਸਹਿਮਤੀ ਬਣਾਉਣ ਵਿਚ ਕਾਮਯਾਬ ਰਹਿੰਦਾ ਹੈ ਤਾਂ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤੀ ਮਿਲ ਸਕਦੀ ਹੈ। ਪਰ ਜੇਕਰ ਅਸੰਤੁਸ਼ਟੀ ਨੂੰ ਸਮੇਂ ਸਿਰ ਦੂਰ ਨਾ ਕੀਤਾ ਗਿਆ, ਤਾਂ ਇਸ ਦਾ ਅਸਰ ਪਾਰਟੀ ਉੱਤੇ ਜਰੂਰ ਪਵੇਗਾ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਰਾਮ ਮੰਦਰ ਚੰਦਾ ਚੋਰੀ ਮਾਮਲੇ ’ਚ ਕੇਂਦਰ, ਯੂ.ਪੀ. ਸਰਕਾਰ ਤੇ ਟਰੱਸਟ ਨੂੰ ਨੋਟਿਸ ਅਗਲੀ ਖ਼ਬਰ ਕਾਸ਼ੀ, ਮਥੁਰਾ ਤੇ ਸੰਭਲ ਵਿਵਾਦ ਸੁਪਰੀਮ ਕੋਰਟ ਦੀ ਵਿਚੋਲਗੀ ਦੀ ਪੇਸ਼ਕਸ਼ ਨੂੰ ਹਿੰਦੂ-ਮੁਸਲਿਮ ਧਿਰਾਂ ਨੇ ਕੀਤਾ ਰੱਦ
Ad Position 24
No active advertisement