ਦੇਹਰਾਦੂਨ, 13 ਜੁਲਾਈ (ਏਜੰਸੀ)-ਉੱਤਰਾਖੰਡ ਪੁਲਿਸ ਨੇ ਬਦਰੀਨਾਥ ਮੰਦਰ ਦੇ ਚੜ੍ਹਾਵੇ ’ਚ ਹੇਰਾਫੇਰੀ ਦੇ ਮਾਮਲੇ ’ਚ ਸ੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁਅੱਤਲ ਕੀਤੇ ਮੁਲਾਜ਼ਮ ਪ੍ਰਮੋਦ ਨੌਟਿਆਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਮੋਲੀ ਪੁਲਿਸ ਦੇ ਐਸ.ਐਸ.ਪੀ ਸੁਰਜੀਤ ਸਿੰਘ ਪਵਾਰ ਨੇ ਦੱਸਿਆ ਕਿ ਨੌਟਿਆਲ ਨੂੰ ਐਤਵਾਰ ਰਾਤ ਚਮੋਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਬਦਰੀਨਾਥ ਲੈ ਗਈ, ਜਿਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਟਿਆਲ ਖ਼ਿਲਾਫ਼ ਮੰਗਲਵਾਰ ਦੇਰ ਰਾਤ ਐਫ.ਆਈ.ਆਰ ਦਰਜ ਕੀਤੀ ਗਈ ਸੀ। ਉਹ ਕਮੇਟੀ ਦੇ ਚੇਅਰਮੈਨ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦਾ ਸੀ। ਮੰਦਰ ਕਮੇਟੀ ਦੀ ਚਾਰ ਮੈਂਬਰੀ ਜਾਂਚ ਕਮੇਟੀ ਨੇ ਨੌਟਿਆਲ ਨੂੰ ਚੜ੍ਹਾਵੇ ’ਚ ਹੇਰਾਫੇਰੀ ਦੇ ਦੋਸ਼ਾਂ ਦੀ ਮੁਢਲੀ ਜਾਂਚ ’ਚ ਦੋਸ਼ੀ ਪਾਇਆ ਸੀ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਅਤੇ ਸੀ.ਸੀ.ਟੀ.ਵੀ. ਫੁਟੇਜ਼ ਤੋਂ ਪਤਾ ਲੱਗਿਆ ਕਿ ਨੌਟਿਆਲ ਨੇ ਕਥਿਤ ਤੌਰ ’ਤੇ ਕੁਝ ਸਾਮਾਨ ਅਤੇ ਨਕਦੀ ਲੈ ਲਈ ਸੀ ਅਤੇ ਇਸ ਸਬੂਤ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਉੱਤਰਾਖੰਡ ਸਰਕਾਰ ਨੇ ਵੀ ਪਿਛਲੇ ਹਫ਼ਤੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਬਦਰੀਨਾਥ ਮੰਦਰ ’ਚ ਚੜ੍ਹਾਵੇ ਦੀ ਗਿਣਤੀ ਦੌਰਾਨ ਹੇਰਾਫੇਰੀ ਦੇ ਦੋਸ਼ ਸੋਸ਼ਲ ਮੀਡੀਆ ’ਤੇ ਆਉਣ ਦੇ ਬਾਅਦ ਇਹ ਮਾਮਲਾ ਚਰਚਾ ’ਚ ਆਇਆ ਸੀ, ਜਿਸ ਦੇ ਬਾਅਦ ਭੈਰਵ ਸੈਨਾ ਨਾਂਅ ਦੇ ਸੰਗਠਨ ਨੇ ਸ਼ਿਕਾਇਤ ਦਰਜ ਕਰਵਾ ਕੇ ਮਾਮਲੇ ਦੀ ਜਾਂਚ ਅਤੇ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਸੀ।
ਚੜ੍ਹਾਵੇ ’ਚ ਹੇਰਾਫੇਰੀ ਦਾ ਮਾਮਲਾ--ਸ੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦਾ ਮੁਅੱਤਲ ਮੁਲਾਜ਼ਮ ਗ੍ਰਿਫ਼ਤਾਰ
ਅਜੀਤ ਡੈਸਕ
14-07-2026