ਨਵੀਂ ਦਿੱਲੀ, 15 ਜੁਲਾਈ (ਉਪਮਾ ਡਾਗਾ ਪਾਰਥ) -ਕਾਂਗਰਸ ਹਾਈਕਮਾਨ ਮੂਹਰੇ ਪਹੁੰਚੀ ਪੰਜਾਬ ਕਾਂਗਰਸ ਦੀ ਖਾਨਾਜੰਗੀ ਦਰਮਿਆਨ ਪਾਰਟੀ ਦੇ ਸੂਬਾਈ ਇੰਚਾਰਜ ਭੁਪੇਸ਼ ਬਘੇਲ ਨੇ ਇਕ ਵਾਰ ਫਿਰ ਦੁਹਰਉਂਦਿਆਂ ਕਿਹਾ ਕਿ ਪ੍ਰਧਾਨ ਨਹੀਂ ਬਦਲਿਆ ਜਾਵੇਗਾ। ਬਘੇਲ ਨੇ ਉਕਤ ਬਿਆਨ ਬੁੱਧਵਾਰ ਨੂੰ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਦਿੱਤਾ। ਬਘੇਲ ਨੇ ਅਹੁਦੇ ’ਚ ਬਦਲਾਅ ਨਾ ਕਰਨ ਦੀ ਪੈਰਵੀ ਕਰਦਿਆਂ ਮੁੜ ਸਖ਼ਤ ਲਫ਼ਜ਼ਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਸਿਆਸਤ ਕੋਈ ਗੁੱਡੇ-ਗੁੱਡੀ ਦੀ ਖੇਡ ਨਹੀਂ ਹੈ। ਹਲਕਿਆਂ ਮੁਤਾਬਿਕ ਬਘੇਲ ਨੇ ਆਪਣੀ ਰਿਪੋਰਟ 4 ਸੰਸਦ ਮੈਂਬਰਾਂ ਅਤੇ 23 ਜ਼ਿਲ੍ਹਾ ਪ੍ਰਧਾਨਾਂ ਦੇ ਵੜਿੰਗ ਦੇ ਹੱਕ ’ਚ ਹੋਣ ਦਾ ਦਾਅਵਾ ਕਰਦਿਆਂ ਉਸ ਨੂੰ ਪ੍ਰਧਾਨ ਬਣਾਈ ਰੱਖਣ ਦੀ ਪੈਰਵੀ ਕੀਤੀ। ਖੜਗੇ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਬਘੇਲ ਤੋਂ ਇਲਾਵਾ ਪਾਰਟੀ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ਵੀ ਸ਼ਾਮਿਲ ਸਨ। ਮੀਟਿੰਗਾਂ ਦਾ ਇਹ ਦੌਰ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇ. ਸੀ. ਵੇਣੂਗੋਪਾਲ ਦਰਮਿਆਨ ਹੋਈ ਬੰਦ ਕਮਰਾ ਮੀਟਿੰਗ ਤੋਂ ਬਾਅਦ ਸ਼ੁਰੂ ਹੋਇਆ, ਜਿਸ ’ਚ ਰਾਹੁਲ ਗਾਂਧੀ ਨੇ ਮਾਮਲੇ ਦੀ ਕਮਾਨ ਆਪਣੇ ਹੱਥ ’ਚ ਲੈਂਦਿਆਂ ਪੰਜਾਬ ਲੀਡਰਸ਼ਿਪ ਨਾਲ ਰਾਬਤਾ ਕਰਨ ਦੇ ਨਿਰਦੇਸ਼ ਦਿੱਤੇ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ, ਜੋ ਹਾਲ ’ਚ ਹੀ ਵਿਦੇਸ਼ ਦੌਰੇ ਤੋਂ ਵਾਪਸ ਪਰਤੇ ਹਨ, ਨੇ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੀ ਵੀ ਹਦਾਇਤ ਦਿੱਤੀ ਸੀ। ਰਾਹੁਲ ਗਾਂਧੀ ਦੇ ਨਿਰਦੇਸ਼ਾਂ ਤੋਂ ਬਾਅਦ ਰਾਜਧਾਨੀ ਦਿੱਲੀ ’ਚ ਮੁਲਾਕਾਤਾਂ ਦੀ ਕਵਾਇਦ ਦਰਮਿਆਨ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਪਾਰਟੀ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਵੇਣੂਗੋਪਾਲ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ’ਚ ਬਾਅਦ ’ਚ ਬਘੇਲ ਵੀ ਸ਼ਾਮਿਲ ਹੋਏ। ਹਾਲਾਂਕਿ ਬਘੇਲ ਦੇ ਆਉਣ ਤੋਂ ਕੁਝ ਦੇਰ ਬਾਅਦ ਹੀ ਬਾਜਵਾ ਉਥੋਂ ਚਲੇ ਗਏ। ਬਾਜਵਾ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਤੋਂ ਪਾਸਾ ਵੱਟਦਿਆਂ ਕਿਸੇ ਵੀ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਉਥੋਂ ਚਲੇ ਗਏ। ਬਾਜਵਾ ਨਾਲ ਮੀਟਿੰਗ ਤੋਂ ਬਾਅਦ ਵੇਣੂਗੋਪਾਲ ਅਤੇ ਬਘੇਲ ਨੇ ਖੜਗੇ ਦੀ ਰਿਹਾਇਸ਼ ਦਾ ਰੁਖ ਕੀਤਾ। ਖੜਗੇ ਦੀ ਰਿਹਾਇਸ਼ ’ਤੇ ਹੀ ਰਾਜ ਕੁਮਾਰ ਵੇਰਕਾ ਵੀ ਪਹੁੰਚੇ। ਹਾਲਾਂਕਿ ਵੇਰਕਾ ਨੇ ਵੀ ਮੀਡੀਆ ਨਾਲ ਕੋਈ ਗੱਲਬਾਤ ਨਾ ਕਰਦਿਆਂ ਇਸ ਨੂੰ ਸ਼ਿਸ਼ਟਾਚਾਰ ਮੀਟਿੰਗ ਹੀ ਕਰਾਰ ਦਿੱਤਾ।
ਸਿਆਸਤ ਗੁੱਡੇ-ਗੁੱਡੀ ਦਾ ਖੇਡ ਨਹੀਂ-ਬਘੇਲ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਮੁਲਾਕਾਤ ਤੋਂ ਬਾਅਦ ਸੂਬੇ ’ਚ ਪਾਰਟੀ ਇੰਚਾਰਜ ਨੇ ਮੁੜ ਦੁਹਰਾਉਂਦਿਆਂ ਕਿਹਾ ਕਿ ਰਾਜ ’ਚ ਪ੍ਰਧਾਨ ਬਦਲਣਾ ਕੋਈ ਗੁੱਡੇ-ਗੁੱਡੀ ਦੀ ਖੇਡ ਨਹੀਂ ਹੈ। ਜ਼ਿਕਰਯੋਗ ਹੈ ਕਿ ਭੁਪੇਸ਼ ਬਘੇਲ ਨੂੰ ਪੰਜਾਬ ਮਾਮਲੇ ਨੂੰ ਸੁਲਝਾਉਣ ਲਈ ਰਾਏਪੁਰ ਤੋਂ ਦਿੱਲੀ ਤਲਬ ਕੀਤਾ ਗਿਆ। ਮੰਗਲਵਾਰ ਦੇਰ ਰਾਤ ਦਿੱਲੀ ਪਹੁੰਚੇ ਬਘੇਲ ਨੇ ਬੁੱਧਵਾਰ ਨੂੰ ਵੇਣੂਗੋਪਾਲ ਅਤੇ ਖੜਗੇ ਨੂੰ ਪੰਜਾਬ ਬਾਰੇ ਰਿਪੋਰਟ ਵੀ ਸਪੁਰਦ ਕੀਤੀ। ਹਲਕਿਆਂ ਮੁਤਾਬਿਕ ਬਘੇਲ ਵਲੋਂ ਸੌਂਪੀ ਰਿਪੋਰਟ ਮੁਤਾਬਿਕ 7 ਸੰਸਦ ਮੈਂਬਰਾਂ ’ਚੋਂ 4 ਅਤੇ ਪੰਜਾਬ ਦੇ 29 ’ਚੋਂ 25 ਜ਼ਿਲ੍ਹਾ ਪ੍ਰਧਾਨ ਵੜਿੰਗ ਦੇ ਨਾਲ ਹਨ। ਉਨ੍ਹਾਂ ਨੇ ਰਿਪੋਰਟ ’ਚ ਵੜਿੰਗ ਨੂੰ ਪ੍ਰਦੇਸ਼ ਪ੍ਰਧਾਨ ਬਣਾਏ ਰੱਖਣ ਦੀ ਪੈਰਵੀ ਕੀਤੀੇ। ਬਘੇਲ ਨੇ ਆਪਣੇ ਪੰਜਾਬ ਦੌਰੇ ਦੀਆਂ ਅਹਿਮ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਪੰਜਾਬ ’ਚ ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਸਾਰੇ ਸੀਨੀਅਰ ਕਾਂਗਰਸੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਨਾਲ ਵੀ ਕਈ ਵਿਚਾਰ-ਵਟਾਂਦਰੇ ਕੀਤੇ। ਇਸ ਪੂਰੇ ਦੌਰੇ ਦੀ ਸਮੀਖਿਆ ਤੋਂ ਬਾਅਦ ਉਨ੍ਹਾਂ ਨੇ ਰਿਪੋਰਟ ਕੇ. ਸੀ. ਵੇਣੂਗੋਪਾਲ ਨੂੰ ਸੌਂਪੀ ਹੈ।
ਹਰ ਕੋਈ ਆਪਣੀ ਕਹਾਣੀ ਚਲਾਉਣ ਲਈ ਸੁਤੰਤਰ ਹੈ-ਬਘੇਲ
ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਪ੍ਰਧਾਨ ਬਦਲਣ ਦੀ ਰੇਸ ’ਚ ਮੀਡੀਆ ’ਚ ਚੱਲ ਰਹੇ ਨਾਵਾਂ ਨੂੰ ਅਫਵਾਹਾਂ ਮੰਨਦਿਆਂ ਖ਼ਾਰਜ ਕਰਦਿਆਂ ਕਿਹਾ ਕਿ ਹਰ ਕੋਈ ਆਪਣੀ ਕਹਾਣੀ ਚਲਾਉਣ ਲਈ ਸੁਤੰਤਰ ਹੈ ਪਰ ਉਹ ਸਿਰਫ਼ ਤੱਥਾਂ ਅਤੇ ਸੰਗਠਨ ਦੇ ਕੰਮ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।
ਅਗਲੇ 3-4 ਦਿਨਾਂ ਤੱਕ ਪੰਜਾਬ ਮਸਲੇ ’ਤੇ ਫ਼ੈਸਲਾ ਕਰ ਸਕਦੀ ਹੈ ਹਾਈਕਮਾਨ
ਪੰਜਾਬ ਕਾਂਗਰਸ ਦੇ ਮਸਲੇ ’ਤੇ ਹਰਕਤ ’ਚ ਆਈ ਹਾਈਕਮਾਨ ਵਲੋਂ ਅਗਲੇ 3-4 ਦਿਨਾਂ ਤੱਕ ਕੋਈ ਫ਼ੈਸਲਾ ਕੀਤਾ ਜਾ ਸਕਦਾ ਹੈ। ਹਲਕਿਆਂ ਮੁਤਾਬਿਕ ਹਾਈਕਮਾਨ ਪੰਜਾਬ ’ਚ ਪ੍ਰਧਾਨ ਬਦਲਣ ਦੇ ਹੱਕ ’ਚ ਨਹੀਂ ਹੈ। ਪਰ ਨਰਾਜ਼ ਚੰਨੀ ਧੜੇ ਨੂੰ ਮਨਾਉਣ ਲਈ ਕੁਝ ਬਦਲਾਅ ਤਜਵੀਜ਼ ਕਰ ਸਕਦਾ ਹੈ। ਹਾਲਾਂਕਿ ਬਦਲਾਵਾਂ ਦੀ ਰੂਪਰੇਖਾ ਵੀ ਉਹ ਪੰਜਾਬ ਦੇ ਆਗੂਆਂ ਨਾਲ ਮਿਲ ਕੇ ਹੀ ਉਲੀਕਣਾ ਚਾਹੁੰਦਾ ਹੈ। ਇਸ ਨੂੰ ਵੇਖਿਦਆਂ ਅਗਲੇ ਇਕ ਦੋ ਦਿਨਾਂ ’ਚ ਪੰਜਾਬ ਕਾਂਗਰਸ ਦੇ ਆਗੂ ਦਿੱਲੀ ਡੇਰੇ ਲਾਏ ਵੇਖੇ ਜਾ ਸਕਦੇ ਹਨ।
ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ-ਬਘੇਲ
ਅਜੀਤ ਡੈਸਕ
16-07-2026