08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ‘ਸਿਟ’ ਵਲੋਂ ਸੁਖਬੀਰ ਨੂੰ ਪੇਸ਼ ਹੋਣ ਲਈ ਨੋਟਿਸ

Ad Position 21
No active advertisement
ਅਜੀਤ ਡੈਸਕ 17-07-2026

* 20 ਨੂੰ ਚੰਡੀਗੜ੍ਹ ’ਚ ਹੋਵੇਗੀ ਪੁੱਛਗਿੱਛ
* ਜਿੰਨੀ ਵਾਰ ਬੁਲਾਇਆ ਜਾਵੇਗਾ, ਪੇਸ਼ ਹੋਵਾਂਗਾ-ਸੁਖਬੀਰ
ਪ੍ਰੋ. ਅਵਤਾਰ ਸਿੰਘ

ਚੰਡੀਗੜ੍ਹ, 16 ਜੁਲਾਈ-ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਜਾਂਚ ਟੀਮ ਦੀ ਅਗਵਾਈ ਕਰ ਰਹੇ ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਵਲੋਂ ਜਾਰੀ ਕੀਤੇ ਨੋਟਿਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਆਉਂਦੇ ਸੋਮਵਾਰ 20 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਆਫੀਸਰ ਇੰਸਟੀਚਿਊਟ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ‘ਸਿਟ’ ਵਲੋਂ ਇਹ ਨੋਟਿਸ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੇ ਸੰਬੰਧ ਵਿਚ ਪੁੱਛਗਿੱਛ ਕਰਨ ਲਈ ਜਾਰੀ ਕੀਤਾ ਗਿਆ ਹੈ।ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਬਹਿਬਲ ਕਲਾਂ ਗੋਲੀ ਕਾਂਡ ਨਾਲ ਜੁੜੇ ਵੱਖ-ਵੱਖ ਪਹਿਲੂਆਂ, ਉਸ ਸਮੇਂ ਦੀਆਂ ਪ੍ਰਸ਼ਾਸਨਿਕ ਅਤੇ ਪੁਲਿਸ ਕਾਰਵਾਈਆਂ ਅਤੇ ਹੋਰ ਸੰਬੰਧਿਤ ਤੱਥਾਂ ਸੰਬੰਧੀ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਰ ਸਕਦੀ ਹੈ। ਜਾਂਚ ਟੀਮ ਮਾਮਲੇ ਨਾਲ ਸੰਬੰਧਿਤ ਪਹਿਲਾਂ ਦਰਜ ਕੀਤੇ ਗਏ ਬਿਆਨਾਂ ਅਤੇ ਉਪਲਬਧ ਦਸਤਾਵੇਜ਼ਾਂ ਦੇ ਆਧਾਰ ’ਤੇ ਆਪਣੀ ਜਾਂਚ ਨੂੰ ਅੱਗੇ ਵਧਾ ਰਹੀ ਹੈ।ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਤੋਂ ਵੀ ਇਸ ਮਾਮਲੇ ਵਿਚ ਲੰਬੀ ਪੁੱਛਗਿੱਛ ਕਰ ਚੁੱਕੀ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਮਨਤਾਰ ਸਿੰਘ ਬਰਾੜ ਤੋਂ ਵੀ ‘ਸਿਟ’ ਵਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜਾਂਚ ਏਜੰਸੀ ਵੱਖ-ਵੱਖ ਵਿਅਕਤੀਆਂ ਦੇ ਬਿਆਨਾਂ ਨੂੰ ਆਪਸ ਵਿਚ ਮਿਲਾ ਕੇ ਘਟਨਾਕ੍ਰਮ ਦੀਆਂ ਕੜੀਆਂ ਜੋੜਨ ਵਿਚ ਲੱਗੀ ਹੋਈ ਹੈ। ‘ਸਿਟ’ ਵਲੋਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤੇ ਜਾਣ ਨੂੰ ਇਸ ਜਾਂਚ ਦਾ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿਚ ਵੀ ਇਸ ਘਟਨਾਕ੍ਰਮ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਪ੍ਰਕਿਰਿਆ ਦਾ ਸਤਿਕਾਰ ਕਰਦੇ ਹਨ ਅਤੇ ਜਾਂਚ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨਗੇ। ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਨਾਲ ਜੁੜੇ ਮਾਮਲੇ ਪੰਜਾਬ ਦੀ ਸਿਆਸਤ ਦੇ ਸਭ ਤੋਂ ਸੰਵੇਦਨਸ਼ੀਲ ਮੁੱਦਿਆਂ ’ਚੋਂ ਇਕ ਰਹੇ ਹਨ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਵੱਖ-ਵੱਖ ਜਾਂਚਾਂ ਅਤੇ ਅਦਾਲਤੀ ਕਾਰਵਾਈਆਂ ਪਿਛਲੇ ਕਈ ਸਾਲਾਂ ਤੋਂ ਜਾਰੀ ਹਨ। ਮੌਜੂਦਾ ਵਿਸ਼ੇਸ਼ ਜਾਂਚ ਟੀਮ ਵਲੋਂ ਵੀ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।ਹੁਣ ਸਭ ਦੀਆਂ ਨਜ਼ਰਾਂ ਸੋਮਵਾਰ ਨੂੰ ਹੋਣ ਵਾਲੀ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ’ਤੇ ਟਿਕੀਆਂ ਹੋਈਆਂ ਹਨ। ਇਸ ਮਾਮਲੇ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਜਿੰਨੇ ਮਰਜ਼ੀ ਨੋਟਿਸ ਭੇਜੇ ਜਾਣ, ਉਹ ਹਰ ਵਾਰ ਜਾਂਚ ’ਚ ਸ਼ਾਮਿਲ ਹੋਣ ਲਈ ਪੇਸ਼ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਇਸ ਸੰਵੇਦਨਸ਼ੀਲ ਮਾਮਲੇ ’ਤੇ ਸਿਆਸਤ ਕਰ ਰਹੀ ਹੈ।ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਾਨੂੰਨ ਦਾ ਸਤਿਕਾਰ ਕਰਦੇ ਆਏ ਹਨ। ਜਿੰਨੇ ਮਰਜ਼ੀ ਨੋਟਿਸ ਭੇਜਣ, ਉਹ ਹਰ ਵਾਰ ਪੇਸ਼ ਹੋਣਗੇ। ਉਨ੍ਹਾਂ ਨੂੰ ਕਿਸੇ ਜਾਂਚ ਤੋਂ ਕੋਈ ਡਰ ਨਹੀਂ ਹੈ।ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੀ ‘ਸਿਟ’ ਅਜੇ ਤੱਕ ਅਦਾਲਤ ’ਚ ਚਲਾਨ ਪੇਸ਼ ਕਰਨ ਵਿਚ ਵੀ ਨਾਕਾਮ ਰਹੀ ਹੈ।ਜੇਕਰ ਸਰਕਾਰ ਕੋਲ ਸਬੂਤ ਹਨ ਤਾਂ ਉਹ ਅਦਾਲਤ ’ਚ ਪੇਸ਼ ਕਰੇ, ਨਾ ਕਿ ਸਿਰਫ਼ ਨੋਟਿਸ ਭੇਜ ਕੇ ਸਿਆਸੀ ਡਰਾਮਾ ਕਰੇ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੇ ਮੁਹਾਲੀ ਵਿਖੇ 2,800 ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੰਸ ਸੌਂਪੇ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ’ਚ ਕੇਵਲ ਸਿੰਘ ਢਿੱਲੋਂ ਨੇ ਚਲਾਇਆ ਸਵੱਛਤਾ ਅਭਿਆਨ
Ad Position 24