02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਾਲ ਵਿਭਾਗ ’ਚ ਵਰਤੇ ਜਾਂਦੇ 35 ਔਖੇ ਸ਼ਬਦਾਂ ਦੀ ਥਾਂ ਹੁਣ ਸੌਖੇ ਪੰਜਾਬੀ ਸ਼ਬਦ ਵਰਤੇ ਜਾਣਗੇ-ਮੁੰਡੀਆਂ

Ad Position 21
No active advertisement
ਅਜੀਤ ਡੈਸਕ 20-07-2026

ਚੰਡੀਗੜ੍ਹ, 19 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਲਈ ਜ਼ਮੀਨ ਅਤੇ ਜਾਇਦਾਦ ਦੀ ਖ਼ਰੀਦ-ਵੇਚ ਸਮੇਂ ਰਜਿਸਟ੍ਰੇਸ਼ਨ ਦੀ ਭਾਸ਼ਾ ਨੂੰ ਹੋਰ ਸੌਖਾ ਬਣਾਉਣ ਵੱਲ ਇਕ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਾਲ ਵਿਭਾਗ ਵਿਚ ਮੁੱਦਤਾਂ ਤੋਂ ਵਰਤੇ ਜਾਂਦੇ 35 ਔਖੇ ਸ਼ਬਦਾਂ ਦੀ ਥਾਂ ਸੌਖੇ ਅਤੇ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੇ ਪੰਜਾਬੀ ਸ਼ਬਦ ਵਰਤਣ ਦਾ ਫ਼ੈਸਲਾ ਕੀਤਾ ਹੈ।ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਰਕਾਰ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਲੋਕਾਂ ਲਈ ਵਧੇਰੇ ਸਰਲ, ਪਾਰਦਰਸ਼ੀ ਅਤੇ ਸੁਖਾਲਾ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਦਸਤਾਵੇਜ਼ਾਂ ਵਿਚ ਵਰਤੀ ਜਾਂਦੀ ਔਖੀ ਭਾਸ਼ਾ ਕਾਰਨ ਆਮ ਲੋਕਾਂ ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਪਹਿਲ ਦਿੰਦਿਆਂ ਪੁਰਾਣੇ ਔਖੇ ਸ਼ਬਦਾਂ ਦੀ ਥਾਂ ਹੁਣ ਸੌਖੇ ਪੰਜਾਬੀ ਸ਼ਬਦ ਵਰਤਣ ਦਾ ਫ਼ੈਸਲਾ ਕੀਤਾ ਹੈ।
ਪੁਰਾਣੇ ਸ਼ਬਦਾਂ ਦੀ ਥਾਂ ਸਿਫ਼ਾਰਿਸ਼ ਕੀਤੇ ਗਏ ਨਵੇਂ ਸੌਖੇ ਸ਼ਬਦ

ਉਜਰ ਦੀ ਥਾਂ ਇਤਰਾਜ਼, ਉਜਰਤ ਦੀ ਥਾਂ ਫ਼ੀਸ, ਅਰਾਜ਼ੀ ਦੀ ਥਾਂ ਜ਼ਮੀਨ, ਸਾਕਿਨ ਦੀ ਥਾਂ ਵਸਨੀਕ, ਸਾਕਿਨ ਦੇਹ ਦੀ ਥਾਂ ਪਿੰਡ ਦਾ ਵਸਨੀਕ, ਹਸਬ ਜ਼ਾਬਤਾ ਦੀ ਥਾਂ ਕਾਨੂੰਨ ਅਨੁਸਾਰ, ਹਿੱਬਾ ਦੀ ਥਾਂ ਦਾਨ, ਕੈਫ਼ੀਅਤ ਦੀ ਥਾਂ ਵਿਸ਼ੇਸ਼ ਕਥਨ, ਗ਼ੈਰ ਮਜਰੂਆ ਦੀ ਥਾਂ ਅਣਵਾਹਿਆ ਖੇਤ, ਗਰਿੰਦਾ ਦੀ ਥਾਂ ਲੈਣ ਵਾਲਾ, ਜ਼ਰ ਦੀ ਥਾਂ ਰਕਮ, ਤਾਬੇ ਦੀ ਥਾਂ ਅਨੁਸਾਰ/ਮੁਤਾਬਿਕ/ਅਧੀਨ, ਤਕਾਵੀ ਦੀ ਥਾਂ ਖੇਤੀ ਕਰਜ਼ਾ, ਤਰਮੀਮ ਦੀ ਥਾਂ ਸੋਧ/ਦਰੁਸਤੀ, ਤਸੱਬਰ/ਤਸੱਵਰ ਦੀ ਥਾਂ ਮੰਨ ਲੈਣਾ, ਤਲਬਾਨਾ ਦੀ ਥਾਂ ਖ਼ਰਚਾ, ਦੇਹ ਦੀ ਥਾਂ ਪਿੰਡ, ਦਾਖ਼ਲ ਖਾਰਜ ਦੀ ਥਾਂ ਇੰਤਕਾਲ, ਫਕ ਉਲ ਰਹਿਨ ਦੀ ਥਾਂ ਗਹਿਣੇ ਪਈ ਸੰਪਤੀ ਨੂੰ ਛਡਾਉਣਾ, ਫ਼ੌਤ ਦੀ ਥਾਂ ਮੌਤ, ਫ਼ਰਦ ਦੀ ਥਾਂ ਨਕਲ ਜਮਾਂਬੰਦੀ, ਫ਼ਰੀਕ ਦੀ ਥਾਂ ਧਿਰ, ਫ਼ਰੀਕ ਅੱਵਲ ਦੀ ਥਾਂ ਪਹਿਲੀ ਧਿਰ, ਫ਼ਰੀਕ ਦੋਮ ਦੀ ਥਾਂ ਦੂਜੀ ਧਿਰ, ਬਦਸਤੂਰ ਦੀ ਥਾਂ ਪਹਿਲਾਂ ਦੀ ਤਰ੍ਹਾਂ, ਬੈਅਨਾਮਾ ਦੀ ਥਾਂ ਵਿਕਰੀ ਨਾਮਾ, ਬਜ਼ਰੀਆ ਦੀ ਥਾਂ ਰਾਹੀਂ, ਬਾਇਆ ਦੀ ਥਾਂ ਵੇਚਣ ਵਾਲਾ, ਮਖ਼ਸੂਸ ਦੀ ਥਾਂ ਖ਼ਾਸ, ਮੁਸ਼ਤਰਕਾ ਦੀ ਥਾਂ ਸਾਂਝਾ, ਮੁੰਤਕਿਲ ਦੀ ਥਾਂ ਤਬਦੀਲ,ਮਜ਼ਕੂਰ ਦੀ ਥਾਂ ਉਪਰੋਕਤ, ਮਨਸੂਖ ਕਰਨਾ ਦੀ ਥਾਂ ਰੱਦ ਕਰਨਾ/ਖਾਰਜ ਕਰਨਾ, ਮੁਸ਼ਤਰੀ ਹੁਸ਼ਿਆਰਬਾਸ਼ ਦੀ ਥਾਂ ਖ਼ਰੀਦਦਾਰ ਚੁਕੰਨਾ ਰਹੇ, ਮੁਰਤਹਿਨ ਦੀ ਥਾਂ ਜ਼ਮੀਨ ਗਹਿਣੇ ਲੈਣ ਵਾਲਾ ਆਦਿ ਸੋਖੇ ਸ਼ਬਦਾਂ ਦੀ ਸਿਫਾਰਸ਼ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਬਲਾਚੌਰ ’ਚ ਐਸ.ਆਈ.ਆਰ. ਦੌਰਾਨ ਘਰੋ-ਘਰੀ ਗਣਨਾ ਤਹਿਤ 100 ਫ਼ੀਸਦੀ ਡਿਜੀਟਾਈਜ਼ੇਸ਼ਨ ਅਗਲੀ ਖ਼ਬਰ ਬੰਗਾਲ ’ਚ ਹੋਇਆ ਰਾਜਨੀਤਕ ਬਦਲਾਅ ਬੇਮਿਸਾਲ-ਅਮਿਤ ਸ਼ਾਹ
Ad Position 24
No active advertisement