ਪ੍ਰੋ. ਅਵਤਾਰ ਸਿੰਘ
ਚੰਡੀਗੜ੍ਹ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੀਤੇ ਦਿਨੀਂ ਹੋਈ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਚੰਡੀਗੜ੍ਹ ਦੇ ਸੈਕਟਰ-9 ਸਥਿਤ ਆਪਣੀ ਨਿੱਜੀ ਰਿਹਾਇਸ਼ ’ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਚਨਚੇਤ ਮੀਟਿੰਗ ਸੱਦੇ ਜਾਣ ਨੂੰ ਸਿਆਸੀ ਹਲਕਿਆਂ ’ਚ ਅਹਿਮ ਮੰਨਿਆ ਜਾ ਰਿਹਾ ਹੈ। ਮੀਟਿੰਗ ’ਚ ਸੰਸਦ ਨਾਲ ਸੰਬੰਧਿਤ ਅਹਿਮ ਮੁੱਦਿਆਂ ਤੋਂ ਇਲਾਵਾ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਾਰੇ ਪਾਰਟੀ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪਾਰਟੀ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰਦਿਆਂ ਸਾਰੇ ਸੂਬਿਆਂ ਵਿਚ ਸੰਸਦੀ ਸੀਟਾਂ ਦੀ ਗਿਣਤੀ ’ਚ 50 ਫ਼ੀਸਦੀ ਵਾਧਾ ਕਰਨ ਦੀ ਕੇਂਦਰ ਸਰਕਾਰ ਦੀ ਤਜਵੀਜ਼ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਮੀਟਿੰਗ ਉਪਰੰਤ ਸਪੱਸ਼ਟ ਕੀਤਾ ਕਿ ਪਾਰਟੀ ਮਹਿਲਾ ਰਾਖਵਾਂਕਰਨ ਬਿੱਲ ਦੇ ਨਾਲ-ਨਾਲ ਹੱਦਬੰਦੀ ਬਿੱਲ ਨੂੰ ਵੀ ਫ਼ੌਰੀ ਤੌਰ ’ਤੇ ਪਾਸ ਕੀਤੇ ਜਾਣ ਦੇ ਹੱਕ ਵਿਚ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਾਰੇ ਰਾਜਾਂ ਵਿਚ ਸੰਸਦੀ ਸੀਟਾਂ ਵਿਚ 50 ਫ਼ੀਸਦੀ ਵਾਧਾ ਕਰਨ ਦੀ ਕੇਂਦਰ ਸਰਕਾਰ ਦੀ ਤਜਵੀਜ਼ ਦਾ ਲੋਕ ਸਭਾ ਵਿਚ ਸਮਰਥਨ ਕੀਤੇ ਜਾਣ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪਾਰਟੀ ਦਾ ਮੰਨਣਾ ਹੈ ਕਿ ਹੱਦਬੰਦੀ ਦੇ ਮਾਮਲੇ ਵਿਚ ਵੀ ਇਹੋ ਮਾਡਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਸਾਰੇ ਸੂਬਿਆਂ ਨੂੰ ਨਿਆਂਸੰਗਤ ਤੇ ਬਰਾਬਰ ਪ੍ਰਤੀਨਿਧਤਾ ਮਿਲ ਸਕੇ। ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਨੇ ਕਿਹਾ ਕਿ ਹੱਦਬੰਦੀ ਦੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਬਰਾਬਰਤਾ ਦੇ ਸਿਧਾਂਤ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਇਸ ਨਾਲ ਹੀ ਸੂਬਿਆਂ ਨਾਲ ਨਿਆਂ ਯਕੀਨੀ ਬਣਾਇਆ ਜਾ ਸਕਦਾ ਹੈ ਅਤੇ ਦੇਸ਼ ਦੇ ਸੰਘੀ ਢਾਂਚੇ ਦੀ ਮਰਿਆਦਾ ਕਾਇਮ ਰਹਿ ਸਕਦੀ ਹੈ। ਡਾ. ਚੀਮਾ ਨੇ ਦੱਸਿਆ ਕਿ ਮਹਿਲਾ ਰਾਖਵਾਂਕਰਨ ਬਿੱਲ ਦੇ ਮੁੱਦੇ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਔਰਤਾਂ ਨੂੰ ਰਾਜਨੀਤਕ, ਸਮਾਜਿਕ ਅਤੇ ਜਨਤਕ ਜੀਵਨ ਵਿਚ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਵਲੋਂ ਆਪਣੇ ਸਦਨ ਵਿਚ ਔਰਤਾਂ ਨੂੰ ਰਾਖਵਾਂਕਰਨ ਦੇਣਾ ਇਸ ਸੋਚ ਦੀ ਇਕ ਮਿਸਾਲ ਹੈ। ਪਾਰਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਔਰਤਾਂ ਦੀ ਰਾਜਨੀਤਕ ਨੁਮਾਇੰਦਗੀ ਵਧਾਉਣ ਲਈ ਬਿੱਲ ਨੂੰ ਜਲਦ ਤੋਂ ਜਲਦ ਅਮਲ ਵਿਚ ਲਿਆਂਦਾ ਜਾਵੇ। ਪਾਰਟੀ ਨੇ ਹੱਦਬੰਦੀ ਦੇ ਮੁੱਦੇ ’ਤੇ ਵੀ ਸਾਰੇ ਸੂਬਿਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਸਹਿਮਤੀ ਨਾਲ ਅੱਗੇ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਪਾਰਟੀ ਦੀ ਭਵਿੱਖੀ ਸਿਆਸੀ ਰਣਨੀਤੀ ਅਤੇ ਸੰਸਦ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਵੀ ਵਿਚਾਰ-ਵਟਾਂਦਰਾ ਹੋਣ ਦੀ ਜਾਣਕਾਰੀ ਮਿਲੀ ਹੈ। ਮੀਟਿੰਗ ’ਚ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਬੀਬੀ ਹਰਸਿਮਰਤ ਕੌਰ ਬਾਦਲ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ ਅਤੇ ਹੀਰਾ ਸਿੰਘ ਗਾਬੜੀਆ ਸਮੇਤ ਹੋਰ ਆਗੂ ਹਾਜ਼ਰ ਸਨ।
ਮਹਿਲਾ ਰਾਖਵਾਂਕਰਨ ਬਿੱਲ ਤੁਰੰਤ ਲਾਗੂ ਕੀਤਾ ਜਾਵੇ-ਅਕਾਲੀ ਦਲ
ਪ੍ਰੋ. ਅਵਤਾਰ ਸਿੰਘ ਚੰਡੀਗੜ੍ਹ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੀਤੇ ਦਿਨੀਂ ਹੋਈ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਚੰਡੀਗੜ੍ਹ ਦੇ ਸੈਕਟਰ-9 ਸਥਿਤ ਆਪਣੀ ਨਿੱਜੀ ਰਿਹਾਇਸ਼ ’ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ....
ਅਜੀਤ ਡੈਸਕ
09-08-2026